ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਸਦਕਾ ਭਾਰਤੀ ਰੇਲਵੇ ਮੰਤਰਾਲੇ ਨੇ ਕ੍ਰਿਕਟਰ ਹਰਮਨਪ੍ਰੀਤ ਕੌਰ ਦੇ ਇੰਪਲਾਈਮੈਂਟ ਬਾਂਡ ਨੂੰ ਮੁਆਫ ਕਰ ਦਿੱਤਾ ਹੈ ਜਿਸ ਨਾਲ ਇਸ ਮਹਿਲਾ ਕ੍ਰਿਕਟਰ ਦੇ ਆਉਂਦੀ ਇੱਕ ਮਾਰਚ ਨੂੰ ਪੰਜਾਬ ਪੁਲਿਸ ਵਿੱਚ ਬਤੌਰ ਡੀ.ਐਸ.ਪੀ ਜੁਆਇਨ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ।
ਸੂਬਾ ਸਰਕਾਰ ਨੇ ਰੇਲਵੇ ਪਾਸੋਂ ਬਾਂਡ ਦੀ ਮੁਆਫੀ ਬਾਰੇ ਰਸਮੀ ਪੱਤਰ ਹਾਸਲ ਕਰ ਲਿਆ ਹੈ ਜਿਸ ਨਾਲ ਹਰਮਨਪ੍ਰੀਤ ਕੌਰ ਹੁਣ ਡੀ.ਐਸ.ਪੀ. ਵਜੋਂ ਡਿਊਟੀ ਨਿਭਾਏਗੀ ਜਿਸ ਲਈ ਉਹ ਸਦਾ ਹੀ ਖਾਹਿਸ਼ਮੰਦ ਰਹੀ ਹੈ।
ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰੇਲਵੇ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਇਹ ਦੱਸਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਾਂਡ ਖਤਮ ਕਰਨ ਦੀ ਬੇਨਤੀ ਪ੍ਰਵਾਨ ਕਰ ਲਈ ਹੈ ਜਿਸ ਨਾਲ ਹੁਣ ਇਹ ਕ੍ਰਿਕਟਰ ਪੁਲਿਸ ਅਫਸਰ ਬਣਨ ਦਾ ਆਪਣਾ ਸੁਪਨਾ ਸਾਕਾਰ ਕਰ ਸਕੇਗੀ।
ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸੂਬੇ ਨੂੰ ਹਰਮਨਪ੍ਰੀਤ ਦੇ ਪੁਲਿਸ ਫੋਰਸ ਵਿੱਚ ਜਾਣ ਨਾਲ ਮਾਣ ਮਹਿਸੂਸ ਹੋਵੇਗਾ ਅਤੇ ਉਨ•ਾਂ ਨੂੰ ਵਿਸ਼ਵਾਸ ਹੈ ਕਿ ਇਹ ਲੜਕੀ ਲਗਾਤਾਰ ਬੁਲੰਦੀਆਂ ਨੂੰ ਛੂੰਹਦੀ ਰਹੇਗੀ ਅਤੇ ਪੰਜਾਬ ਦਾ ਮਾਣ ਵਧਾਉਂਦੀ ਰਹੇਗੀ।
ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਉਨ•ਾਂ ਦੀ ਬੇਨਤੀ ਪ੍ਰਵਾਨ ਕਰਨ ਲਈ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਧੰਨਵਾਦ ਕੀਤਾ ਹੈ। ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਨਿੱਜੀ ਤੌਰ ‘ਤੇ ਇਹ ਮਾਮਲਾ ਕੇਂਦਰੀ ਮੰਤਰੀ ਕੋਲ ਉਠਾਇਆ ਸੀ ਅਤੇ ਉਨ•ਾਂ ਨੂੰ ਹਰਮਨਪ੍ਰੀਤ ਦਾ ਰੇਲਵੇ ਤੋਂ ਅਸਤੀਫਾ ਪ੍ਰਵਾਨ ਕਰਨ ਲਈ ਅਪੀਲ ਕੀਤੀ ਸੀ ਤਾਂ ਜੋ ਉਹ ਪੰਜਾਬ ਵਿੱਚ ਡੀ.ਐਸ.ਪੀ. ਦੇ ਅਹੁਦੇ ‘ਤੇ ਜ਼ਿੰਮੇਵਾਰੀ ਸੰਭਾਲ ਸਕੇ।
ਮੁੱਖ ਮੰਤਰੀ ਨੇ ਮਹਿਲਾ ਵਿਸ਼ਵ ਕੱਪ-2017 ਵਿੱਚ ਹਰਮਨਪ੍ਰੀਤ ਦੀ ਸ਼ਾਨਦਾਰ ਕਾਰਗੁਜ਼ਾਰੀ ਕਾਰਨ ਪਿਛਲੇ ਸਾਲ ਜੁਲਾਈ ਵਿੱਚ ਉਸ ਨੂੰ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਸੀ। ਉਸ ਤੋਂ ਬਾਅਦ ਇਸ ਮੁਟਿਆਰ ਨੇ ਵੱਖ-ਵੱਖ ਟੂਰਨਾਮੈਂਟਾਂ ਵਿੱਚ ਆਲ•ਾ ਖੇਡ ਦਾ ਮੁਜ਼ਾਹਰਾ ਕੀਤਾ ਹੈ।
ਬਹੁਤ ਸਾਰੇ ਲੋਕ ਹਰਮਨਪ੍ਰੀਤ ਨੂੰ ਮਹਿਲਾ ਕ੍ਰਿਕਟ ਟੀਮ ਵਿੱਚ ਖੇਡ ਦਾ ਰੁਖ ਮੋੜਣ ਵਾਲੀ ਖਿਡਾਰਨ ਦੱਸਦੇ ਹਨ। ਹਰਮਨਪ੍ਰੀਤ ਨੇ ਪੰਜਾਬ ਦੇ ਮੁੱਖ ਮੰਤਰੀ ਪਾਸੋਂ ਇਹ ਪੇਸ਼ਕਸ਼ ਮਿਲਣ ਤੋਂ ਬਾਅਦ ਭਾਰਤੀ ਰੇਲਵੇ ਤੋਂ ਫਾਰਗ ਹੋਣ ਦੀ ਅਪੀਲ ਕੀਤੀ ਸੀ ਪਰ ਮੁੱਖ ਮੰਤਰੀ ਦੇ ਦਖ਼ਲ ਤੋਂ ਬਾਅਦ ਉਸ ਦਾ ਨੌਕਰੀ ਸਬੰਧੀ ਬਾਂਡ ਮੁਆਫ ਕੀਤਾ ਗਿਆ ਹੈ ਜੋ ਕਿ ਉਸ ਨੇ ਰੇਲਵੇ ਨਾਲ ਕੀਤਾ ਸੀ।