ਪੋਹ ਮਾਘ ਦੀਆਂ ਠੰਢੀਆਂ ਰਾਤਾਂ ‘ਚ ਚੋਰਾਂ ਨੇ ਵੀ ਆਪਣਾ ਧੰਦਾ ਬੰਦ ਕਰ ਲਿਆ ਸੀ ਕਿਉਂਕਿ ਰਾਤ ਸਮੇਂ ਲੋਕ ਅੰਦਰ ਸੌਂਦੇ ਹੋਣ ਕਰ ਕੇ ਚੋਰਾਂ ਨੂੰ ਚੋਰੀ ਕਰਨ ‘ਚ ਮੁਸ਼ਕਿਲ ਆ ਰਹੀ ਸੀ, ਪਰ ਕੁਝ ਕੁ ਚੋਰਾਂ ਨੇ ਰਾਤਾਂ ਵਾਲਾ ਕਿੱਤਾ ਦਿਨ ਦੇ ਸਮੇਂ ਅਪਨਾ ਲਿਆ ਸੀ। ਗੋਸਲਾਂ ਦੇ ਅਗਵਾੜ ‘ਚ ਹੱਟੀ ਪਾਈ ਬੈਠਾ ਜਨਕ ਬਾਣੀਆਂ ਹੱਟ ‘ਚ ਧੂਫ਼ ਬੱਤੀ ਕਰ ਕੇ ਸਿਆਲ ਦੀ ਨਿੱਘੀ ਧੁੱਪ ਮਾਨਣ ਲਈ ਘਰ ਦੇ ਵੇਹੜੇ ‘ਚ ਹੱਟ ਦੀ ਪਿਛਲੀ ਕੰਧ ਨਾਲ ਸਵੈਟਰ ਕੋਟੀ ਬੁਣੀ ਜਾਂਦੀ ਘਰਵਾਲੀ ਕੋਲ ਲੋਈ ਦੀ ਬੁੱਕਲ ਮਾਰ ਕੇ ਇਉਂ ਘੁੰਗਣੀ ਜੀ ਮਾਰ ਕੇ ਜਾ ਬੈਠਾ, ਜਿਵੇਂ ਖੇਡੇ ਵਾਲੇ ਦਾ ਬਾਂਦਰ ਭੁੱਖ ਦਾ ਮਾਰਿਆ ਬਗਲੀ ਨਾਲ ਰੁੱਸਿਆ ਬੈਠਾ ਹੁੰਦੈ। ਬੋਘਾ ਚੋਰ ਜਨਕ ਦੀ ਹੱਟ ਤੋਂ ਕੋਈ ਸੌਦਾ ਲੈਣ ਆਇਆ ਹੱਟ ਸੁੰਨੀ ਵੇਖ ਕੇ ਗੁੜ ਦਾ ਗੱਟਾ, ਸੁੱਕੀ ਚਾਹ ਵਾਲਾ ਪੀਪਾ ਤੇ ਬਾਣੀਏ ਦਾ ਪੈਸਿਆਂ ਵਾਲਾ ਗੱਲਾ ਸਾਇਕਲ ‘ਤੇ ਲੱਦ ਤੁਰਿਆ। ਸਿਰ ਤੋਂ ਸਾਫ਼ਾ ਲਾਹ ਕੇ ਬੋਘੇ ਨੇ ਜਨਕ ਬਾਣੀਏ ਦਾ ਚੋਰੀ ਕੀਤਾ ਸਾਰਾ ਸਮਾਨ ਸਾਫ਼ੇ ਨਾਲ ਇਉਂ ਢੱਕ ਲਿਆ ਜਿਮੇਂ ਸ਼ਗਨਾਂ ਵੇਲੇ ਫ਼ਲਾਂ ਵਾਲੀ ਟੋਕਰੀ ਢਕੀ ਹੁੰਦੀ ਐ। ਸਾਇਕਲ ‘ਤੇ ਸਮਾਨ ਲੱਦੀ ਤੁਰੇ ਜਾਂਦੇ ਨੂੰ ਵੇਖ ਕੇ ਲੋਕ ਮੂੰਹੋਂ ਮੂੰਹ ਗੱਲਾਂ ਕਰੀ ਤਾਂ ਜਾ ਰਹੇ ਸਨ, ਪਰ ਬੋਘੇ ਤੋਂ ਡਰਦਾ ਕੋਈ ਬੋਲਦਾ ਨ੍ਹੀ ਸੀ ਬਈ ਕਿਤੇ ਬੋਘਾ ਗਾਲ੍ਹਾਂ ਹੀ ਨਾ ਦੇਣ ਲੱਗ ਪਵੇ। ਥੋੜੇ ਕੁ ਚਿਰ ਪਿੱਛੋਂ ਹੀ ਜਨਕ ਦੀ ਹੱਟ ‘ਤੇ ਰੌਲ਼ਾ ਪੈ ਗਿਆ ਬਈ ਜਨਕ ਦਾ ਹੱਟ ‘ਚੋਂ ਕੋਈ ਸਮਾਨ ਚੋਰੀ ਕਰ ਕੇ ਲੈ ਗਿਆ। ਸਾਰੇ ਪਿੰਡ ‘ਚ ਲਾਲਾ ਲਾਲਾ ਹੋ ਗਈ ਬਈ ਜਨਕ ਤਾਂ ਹੱਟ ਇੱਕ ਮਿੰਟ ਵੀ ਸੁੰਨੀ ਨਹੀਂ ਸੀ ਛੱਡਦਾ, ਸਮਾਨ ਕਿਵੇਂ ਚੋਰੀ ਹੋ ਗਿਆ। ਸਾਰੇ ਪਿੰਡ ਦੀ ਉਂਗਲ ਬੋਘੇ ‘ਤੇ ਹੀ ਉੱਠ ਰਹੀ ਸੀ ਕਿਉਂਕਿ ਪਿੰਡ ‘ਚ ਇਹੋ ਜਿਹੀਆਂ ਚੋਰੀਆਂ ਤਾਂ ਬੋਘਾ ਹੀ ਕਰਦਾ ਸੀ। ਕਿਸੇ ਦੇ ਭਾਂਡੇ ਚੱਕ ਲੈਣੇ। ਕਿਸੇ ਦਾ ਸਾਇਕਲ ਚੋਰੀ ਕਰ ਲੈਣਾ। ਕਿਸੇ ਦਾ ਕੁਸ ਕਿਸੇ ਦਾ ਕੁਸ। ਗੱਲ ਕੀ ਜੀ ਕੁਝ ਵੀ ਨਹੀਂ ਸੀ ਛੱਡਦਾ।
ਸੱਥ ‘ਚ ਆਉਂਦਿਆਂ ਹੀ ਨਾਥੇ ਅਮਲੀ ਨੇ ਜਨਕ ਬਾਣੀਏ ਦੀ ਚੋਰੀ ਵਾਲੀ ਗੱਲ ਅਸਮਾਨ ਚੁੱਕ ਦਿੱਤੀ। ਸੱਥ ‘ਚ ਬੈਠੇ ਬਾਬੇ ਸੁੱਚਾ ਸਿਉਂ ਦੇ ਗੋਡੇ ‘ਤੇ ਹੱਥ ਮਾਰ ਕੇ ਅਮਲੀ ਬਾਬੇ ਨੂੰ ਕਹਿੰਦਾ, ”ਕਿਉਂ ਬਾਬਾ! ਬੋਘੇ ਚੋਰ ਨੇ ਤਾਂ ਯਰ ਜਨਕ ਬਾਣੀਏ ਦੀ ਹੱਟ ‘ਚੋਂ ਚੋਰੀ ਕਰਨ ਵਾਲੀ ਹੱਦ ਈ ਮਕਾ ‘ਤੀ। ਪਤੰਦਰ ਉੱਠ ਦਾ ਭਾਰ ਸ਼ੈਂਕਲ ‘ਤੇ ਇਉਂ ਲੱਦ ਤੁਰਿਆ ਜਿਮੇਂ ਖਾਰੀ ਵੇਚਣ ਵਾਲੇ ਕਈ ਕਿਸਮ ਦਾ ਸਮਾਨ ਸ਼ੈਂਕਲ ‘ਤੇ ਲੱਦੀ ਫ਼ਿਰਦੇ ਹੁੰਦੇ ਐ। ਕਹਿੰਦੇ ਅੱਧੀ ਹੱਟੀ ਇਉਂ ਵੇਹਲੀ ਕਰ ਕੇ ਧਰ ਗਿਆ ਜਿਮੇਂ ਕੋਈ ਕਰਾਏ ਆਲਾ ਘਰ ਵਿਹਲਾ ਕਰ ਕੇ ਤੁਰ ਜਾਂਦਾ ਹੁੰਦੈ।”
ਸੀਤਾ ਮਰਾਸੀ ਕਹਿੰਦਾ, ”ਖਬਰੇ ਬੋਘੇ ਨੇ ਵੀ ਹੱਟ ਕਰਨੀ ਹੋਵੇ ਤਾਂ ਕਰ ਕੇ ਸਮਾਨ ਲੈ ਕੇ ਗਿਆ।”
ਨਾਥਾ ਅਮਲੀ ਕਹਿੰਦਾ, ”ਹੱਟ ਕਰਨ ਨੂੰ ਬੋਘਾ ਗਾਹਾਂ ਭਾਗਸਰੀਆ ਵਲੈਤੀ ਰਾਮ ਐ ਬਈ ਸਾਰੇ ਬਜਾਰ ਜਿੰਨਾ ਸਮਾਨ ‘ਕੱਲਾ ਈ ਹੱਟ ‘ਚ ਰੱਖ ਲੂ। ਜਿਹੜਾ ਸਮਾਨ ਜਨਕ ਦੀ ਹੱਟ ‘ਚੋਂ ਚੋਰੀ ਕੀਤਾ ਹੋਣੈ, ਅੱਬਲ ਤਾਂ ਵੇਚ ਵੂਚ ‘ਤਾ ਹੋਣੈ ਜਾਂ ਫ਼ਿਰ ਹੋਰ ਘੈਂਟੇ ਨੂੰ ਪੁਲਸ ਕਢਾ ਲੂ।”
ਬਾਬੇ ਸੁੱਚਾ ਸਿਉਂ ਨੇ ਪੁੱਛਿਆ, ”ਪੁਲਸ ਕਿਮੇਂ ਕਢਾ ਲੂ ਨਾਥਾ ਸਿਆਂ?”
ਸੀਤਾ ਮਰਾਸੀ ਕਹਿੰਦਾ, ”ਬਾਣੀਏ ਨੇ ਰਪੋਟ ਦੇ ਆਂਦੀ ਹੋਣੀ ਐਂ ਠਾਣੇ ਬਈ ਬੋਘਾ ਮੇਰੀ ਹੱਟ ‘ਚੋਂ ਸੌਦਾ ਚੋਰੀ ਕਰਕੇ ਲੈ ਗਿਆ।”
ਬਾਬੇ ਸੁੱਚਾ ਨੇ ਪੁੱਛਿਆ, ”ਜਨਕ ਠਾਣੇ ਰਪੋਟ ਲਖਾ ਆਇਆ ਕੁ ਉਈਂ ਚੁੰਝਾਂ ਮਾਰੀ ਜਾਨੇ ਐ?”
ਮਾਹਲਾ ਨੰਬਰਦਾਰ ਕਹਿੰਦਾ, ”ਨਾ ਲਖਾ ਕੇ ਆਇਆ ਹੋਇਆ ਤਾਂ ਉਂਗਲਾਂ ਲਾਊ ਲਖਾ ਦੇਣਗੇ। ਨਾਲੇ ਬਾਣੀਏ ਨੇ ਧੇਲ੍ਹੀ ਪੌਲੀ ਤਾਂ ਜੇਬ੍ਹ ‘ਚੋਂ ਖਰਚਣੀ ਨ੍ਹੀਂ, ਠਾਣੇ ਆਲੇ ਮੁਖਤੀ ਰਪੋਟ ਕਿਮੇਂ ਲਿਖ ਲੈਣ ਗੇ ਬਈ?”
ਸੀਤਾ ਮਰਾਸੀ ਟਿੱਚਰ ਕਹਿੰਦਾ, ”ਓਨੇ ਦਾ ਜਨਕ ਦਾ ਸਮਾਨ ਨ੍ਹੀ ਚੋਰੀ ਹੋਇਆ ਹੋਣਾ ਜਿੰਨੇ ਦਮੜੇ ਪੁਲਸ ਲੈ ਜੂ। ਓਦੂੰ ਤਾਂ ਬਾਣੀਆਂ ਦਮ ਘੁੱਟ ਕੇ ਈ ਬਹਿ ਜੇ, ਚੰਗਾ ਰਹੂ।”
ਨਾਥਾ ਅਮਲੀ ਕਹਿੰਦਾ, ”ਠਾਣੇ ਗਏ ਤੋਂ ਅੱਡ ਦਮੜੇ ਲੈਣਗੇ ਜਦੋਂ ਘਰੇ ਮੌਕਾ ਵੇਖਣ ਆਏ, ਉਦੋਂ ਠੰਦੇ ਬੱਤੇ ਵੀ ਪੀ ਕੇ ਜਾਣਗੇ।”
ਅਮਲੀ ਦੀ ਠੰਢੇ ਬੱਤਿਆਂ ਵਾਲੀ ਗੱਲ ਸੁਣ ਕੇ ਸਾਰੀ ਸੱਥ ਹੱਸ ਪਈ। ਪ੍ਰਤਾਪਾ ਭਾਊ ਕਹਿੰਦਾ, ”ਰੁੱਤ ਤਾਂ ਅਮਲੀਆਂ ਸਿਆਲ ਦੀ ਐ, ਠੰਢੇ ਬੱਤੇ ਪੀ ਕੇ ਪੁਲਸ ਆਲਿਆਂ ਨੇ ਨਮੀਨੀਆਂ ਕਰਾਉਣੈ। ਤੇਰੀ ਵੀ ਗੱਲ ਅਰਲਾ ਕੋਟ ਈ ਹੁੰਦੀ ਐ। ਮਾੜਾ ਮੋਟਾ ਮੌਸਮ ਮਾਸਮ ਵੇਖ ਕੇ ਛੱਡਿਆ ਕਰ ਗਪੌੜ ਸਿਉਂ ਜਿਹੜਾ ਰੁੜ੍ਹ ਵੀ ਜਾਵੇ।”
ਨਾਥਾ ਅਮਲੀ ਕਹਿੰਦਾ, ”ਚੱਲ ਕੋਈ ਨ੍ਹੀ, ਠੰਢੇ ਨ੍ਹੀ ਤਾਂ ਗਰਮ ਮਸਾਲੇ ਈ ਚਾਹ ਸਹੀ। ਨਾਲ ਭੁਜੀਆ ਬਦਾਣਾ ਤੇ ਕੋਰ ਕੁਝ ਪਿਸਤੇ ਤਾਂ ਖਾਣਗੇ ਈ। ਨਾਲੇ ਠਾਣੇਦਾਰ ਵੀ ਨਮਾਂ ਆਇਆ। ਕਹਿੰਦੇ ਨੲ੍ਹੀਆਂ ਕਹਿ ਕੇ ਡਾਂਗ ਮਾਰਦਾ। ਅੱਬਲ ਤਾਂ ਰਪੋਟ ਲਖਾਉਣ ਗਏ ਬਾਣੀਏ ਨੂੰ ਈ ਨਾ ਢਾਹ ਲੇ ਬਈ ਤੂੰ ਹੱਟ ਕਿਉਂ ਸੁੰਨੀ ਛੱਡੀ।”
ਬਾਬਾ ਸੁੱਚਾ ਸਿਉਂ ਕਹਿੰਦਾ, ”ਮੈਂ ਤਾਂ ਯਰ ਕਿੰਨੇ ਵਾਰੀ ਕਿਹਾ ਬਈ ਇਹਦੇ ਬੋਘੇ ਦੇ ਜਿੰਨਾਂ ਚਿਰ ਪਿੰਡ ਆਲੇ ਈ ਨ੍ਹੀ ਚੰਗੀ ਦੁੜਮੜੀ ਲਾਉਂਦੇ, ਓਨਾਂ ਚਿਰ ਇਹਨੇ ਚੋਰੀ ਕਰਨੋ ਨ੍ਹੀ ਹਟਣਾ। ਆਹ ਪਰਸੋਂ ਕੁ ਦੀ ਐ ਚੌਥੇ ਦੀ ਗੱਲ ਐ, ਧਰਮੇ ਸਿੰਡੀਗੇਟਾਂ ਦੇ ਇੰਜਨ ਦੀ ਨਿਓਜਲ ਪਲੰਜਰ ਈ ਖੋਹਲ ਲਿਆਇਆ ਪਤੰਦਰ। ਨਾਲੇ ਕੰਜਰ ਦਾ ਪੁੱਤ ਉਨ੍ਹਾਂ ਦੇ ਪਸੂ ਖੋਹਲ ਆਇਆ। ਖੁੱਲ੍ਹੇ ਪਸੂ ਕਿਤੇ ਧੰਨੇ ਕੀ ਕਣਕ ‘ਚ ਜਾ ਵੜੇ। ਪਸੂਆਂ ਨੇ ਧੰਨੇ ਕੀ ਦੋ ਢਾਈ ਕਨਾਲਾਂ ਕਣਕ ਜੜੀਂ ਲਾ ‘ਤੀ। ਓਧਰ ਧੰਨੇ ਕੇ ਘੁੱਲੇ ਸਰਪੈਂਚ ਕੋਲ ਤਲਾਹ ਲਈ ਖੜ੍ਹੇ ਸੀ ਬਈ ਸਿੰਡੀਗੇਟਾਂ ਦੇ ਪਸੂਆਂ ਨੇ ਸਾਡਾ ਅੱਧਾ ਕਿੱਲਾ ਕਣਕ ਦਾ ‘ਜਾੜ ‘ਤਾ।”
ਨਾਥਾ ਅਮਲੀ ਕਹਿੰਦਾ, ”ਕੇਰਾਂ ਗਗਨੇ ਦਰਜੀ ਦੀ ਲੀੜੇ ਸਿਓਣ ਆਲੀ ਮਸ਼ੀਨ ਈ ਲੈ ਗਿਆ ਚੱਕ ਕੇ। ਮਸ਼ੀਨ ਲਈ ਜਾਂਦਾ ਕਿਤੇ ਪੁਲਸ ਦੇ ਕਿਸੇ ਹੌਲਦਾਰ ਨੇ ਸਿਆਣ ਲਿਆ ਬਈ ਇਹ ਤਾਂ ਬੋਘਾ ਚੋਰ ਐ, ਕਿਸੇ ਦਰਜੀ ਦੀ ਮਸ਼ੀਨ ਚੋਰੀ ਚੱਕ ਕੇ ਲਿਆਇਆ ਹੋਣੈ। ਹੌਲਦਾਰ ਉਹਨੂੰ ਫ਼ੜ ਕੇ ਠਾਣੇ ਲੈ ਗਿਆ। ਠਾਣੇ ਆਲਿਆਂ ਨੇ ਮਸ਼ੀਨ ਤਾਂ ਠਾਣੇ ‘ਚ ਰੱਖ ਲੀ ਤੇ ਬੋਘੇ ਦੇ ਮਾਰ ਕੇ ਪੰਜ ਸੱਤ ਘਸੁੰਨ ਦਵੱਲ ‘ਤਾ। ਜਦੋਂ ਗਗਨਾ ਦਰਜੀ ਠਾਣੇ ਮਸ਼ੀਨ ਦੀ ਤਲਾਹ ਦੇਣ ਗਿਆ ਤਾਂ ਠਾਣੇਦਾਰ ਨੇ ਗਗਨੇ ਤੋਂ ਮਸ਼ੀਨ ਦੀਆਂ ਨਸ਼ਾਨੀਆਂ ਪੁੱਛਦੇ ਦੇ ਦਿਨ ਛਿਪਦਾ ਕਰ ਲਿਆ। ਜਦੋਂ ਦਿਨ ਛਿਪਿਆ ਤਾਂ ਓਦੂੰ ਬਾਅਦ ਫ਼ਿਰ ਬਾਬਾ ਤੈਨੂੰ ਵੀ ਪਤਾ ਈ ਐ ਬਈ ਪੁਲਸ ਕੀ ਚਾਹੁੰਦੀ ਹੁੰਦੀ ਐ। ਜਦੋਂ ਠਾਣੇਦਾਰ ਨੇ ਗਗਨੇ ਤੋਂ ਸਾਰਾ ਕੁਸ ਪੁੱਛ ਲਿਆ ਤਾਂ ਦਿਨ ਛਿਪਦਾ ਵੇਖ ਕੇ ਠਾਣੇਦਾਰ ਗਗਨੇ ਦਰਜੀ ਨੂੰ ਕਹਿੰਦਾ ‘ਲੈ ਬਈ ਮਿੱਤਰਾ! ਨੇਰ੍ਹਾ ਵੀ ਹੋਈ ਜਾਂਦਾ ਤੇ ਤੇਰੀ ਮਸ਼ੀਨ ਵੀ ਭਾਲਣੀ ਐ, ਹੁਣ ਫ਼ਿਰ ਤੂੰ ਇਉਂ ਕਰ, ਭੱਜ ਕੇ ਜਾ ਕੇ ਠੇਕੇ ਤੋਂ ਬੋਤਲ ਫ਼ੜ ਕੇ ਲਿਆ’। ਜਦੋਂ ਠਾਣੇਦਾਰ ਨੇ ਬੋਤਲ ਦਾ ਨਾਂ ਲਿਆ ਤਾਂ ਗਗਨਾ ਠਾਣੇਦਾਰ ਨੂੰ ਕਹਿੰਦਾ ‘ਇਹ ਕੰਮ ਤਾਂ ਬੱਚਿਆਂ ਆਲਿਉਂ ਕਦੇ ਮੇਰੇ ਪਿਉ ਦਾਦੇ ਨੇ ਮਨ੍ਹੀ ਕੀਤਾ। ਨਾ ਉਨ੍ਹਾਂ ਨੇ ਕਦੇ ਦਾਰੂ ਪੀਤੀ ਐ ਨਾ ਕਦੇ ਮੈਂ ਹੱਥ ਲਾਇਆ’। ਅਕੇ ਠਾਣੇਦਾਰ ਕਹਿੰਦਾ ‘ਤੂੰ ਨਾ ਹੱਥ ਲਾਈ, ਸਾਡਾ ਪੁਲਸ ਦਾ ਬੰਦਾ ਜਾ ਕੇ ਲੈ ਆਊ, ਤੂੰ ਇਹਨੂੰ ਪੈਂਸੇ ਫ਼ੜਾ’। ਅਕੇ ਪਹਿਲਾਂ ਤਾਂ ਠਾਣੇਦਾਰ ਨੇ ਤਲਾਹ ਦੇਣ ਗਏ ਗਗਨੇ ਦਰਜੀ ਦਾ ਓਦਣ ਆਥਣੇ ਖੀਸਾ ਭਾਂਅ ਭਾਂਅ ਕਰਨ ਲਾ ‘ਤਾ। ਜਦੋਂ ਗਗਨਾ ਅਗਲੇ ਦਿਨ ਫ਼ੇਰ ਗਿਆ ਬਈ ਮੇਰੀ ਮਸ਼ੀਨ ਭਾਲ ਦਿਉ ਤਾਂ ਠਾਣੇਦਾਰ ਕਹਿੰਦਾ ‘ਤੂੰ ਚੱਲ ਘਰੇ ਅਸੀਂ ਘਰੇ ਆ ਕੇ ਤੇਰਾ ਕੰਮ ਕਰਦੇ ਆਂ’। ਗਗਨਾ ਦਰਜੀ ਦੜੰਗੇ ਮਾਰਦਾ ਘਰੇ ਆ ਗਿਆ। ਗਗਨੇ ਦੇ ਘਰ ਆਲੀ ਨੇ ਗਗਨੇ ਨੂੰ ਪੁੱਛਿਆ ‘ਕੀ ਕਹਿੰਦੇ ਪੁਲਸ ਆਲੇ’?
ਗਗਨਾ ਕਹਿੰਦਾ ਉਹ ਕਹਿੰਦੇ ਘਰੇ ਆ ਕੇ ਤੇਰਾ ਕੰਮ ਕਰਦੇ ਆਂ। ਗਗਨੇ ਦੀ ਘਰ ਆਲੀ ਨੇ ਸਮਝਿਆ ਬਈ ਮਸ਼ੀਨ ਲੈ ਕੇ ਘਰੇ ਆਉਣਗੇ ਪੁਲਸ ਆਲੇ। ਉਹਨੇ ਕਮਲ਼ੀ ਦਰਜਣ ਨੇ ਕੀ ਕੀਤਾ, ਜਿਉਂ ਲੱਗੀ ਖੀਰ ਕੜ੍ਹਾਹ, ਦਾਲਾਂ ਭਾਜੀਆਂ ਬਣਾਉਣ ਬਈ ਪੁਲਸ ਆਲੇ ਸਾਡੀ ਮਸ਼ੀਨ ਘਰੇ ਫੜ੍ਹਾਉਣ ਆਉਣਗੇ, ਸਿਧਰੀ ਨੇ ਆਂਢ ਗੁਆਂਢ ਦੀਆਂ ਅੱਠ ਦਸ ਬੁੜ੍ਹੀਆਂ ਘਰੇ ਸੱਦ ਲੀਆਂ ਬਈ ਪੁਲਸ ਆਲਿਆਂ ਨੇ ਸਾਡੀ ਚੋਰੀ ਹੋਈ ਮਸ਼ੀਨ ਘਰੇ ਫ਼ੜਾਉਣ ਆਉਣੈ, ਤੁਸੀਂ ਸਾਡੇ ਘਰ ਆ ਕੇ ਮੇਰੇ ਨਾਲ ਉਨ੍ਹਾਂ ਵਾਸਤੇ ਅੰਨ ਪਾਣੀ ਬਣਵਾ ਦਿਉ’। ਘਰੇ ਤਾਂ ਗਗਨੇ ਦੇ ਇਉਂ ਮੇਲਾ ਲੱਗ ਗਿਆ ਜਿਮੇਂ ਗਾਹਾਂ ਮੁੰਡੇ ਦਾ ਵਿਆਹ ਮੰਗਣਾ ਹੁੰਦੈ। ਸਾਰਾ ਗੁਆੜ ਘਰ ਮੂਹਰਦੀ ਨੰਘਦਾ ਨੰਘਦਾ ਘਰ ਅੱਲ ਝਾਕ ਝਾਕ ਨੰਘੇ ਬਈ ਇਨ੍ਹਾਂ ਦੇ ਕੀ ਪਰੋਗਰਾਮ ਹੋਇਆ ਜਿਹੜੀਆਂ ਸਾਰੇ ਗੁਆੜ ਦੀਆਂ ਬੁੜ੍ਹੀਆਂ ‘ਕੱਠੀਆਂ ਹੋਈਆਂ ਫ਼ਿਰਦੀਐਂ। ਓਧਰੋਂ ਤਾਂ ਵੱਗਾਂ ਵੇਲਾ ਹੋਇਆ ਪਿਆ, ਓਧਰੋਂ ਦਰਜੀਆਂ ਦਾ ਸਾਰਾ ਲੁੰਗ ਲਾਣਾ ਠਾਣੇਦਾਰ ਨੂੰ ਇਉਂ ਡੀਕੀ ਜਾਵੇ ਜਿਮੇਂ ਲੇਟ ਹੋਈ ਜੰਨ ਨੂੰ ਕੁੜੀ ਆਲੇ ਅੱਖਾਂ ‘ਤੇ ਹੱਥ ਧਰ ਧਰ ਡੀਕਦੇ ਹੋਣ। ਅਖੀਰ ਬਾਬਾ ਸੁੱਚਾ ਸਿਆਂ ਸੂਰਜ ਵੀ ਜਾ ਡਿੱਗਿਆ ਆਵਦੇ ਘਰੇ, ਪਰ ਠਾਣੇਦਾਰ ਦੀ ਆਉਣ ਦੀ ਝਾਕ ਨਾ ਰਹੀ। ਮਾੜਾ ਜਾ ਮੂੰਹ ਨੇਰ੍ਹਾ ਹੁੰਦਿਆਂ ਕਿਤੇ ਕਰਤਾਰਾ ਝਿੱਫ਼ ਗਗਨੇ ਨੇ ਘਰ ਮੂਹਰਦੀ ਜਦੋਂ ਨੰਘਣ ਲੱਗਿਆ ਤਾਂ ਸਾਰਾ ਟੱਬਰ ਦਰਾਂ ਮੂਹਰੇ ਖੜ੍ਹਾ ਰਾਹ ਵੱਲ ਝਾਕੀ ਜਾਵੇ ਬਈ ਆਉਂਦਾ ਕਿਤੇ ਠਾਣੇਦਾਰ। ਜਦੋਂ ਕਰਤਾਰੇ ਝਿੱਫ਼ ਨੇ ਪੁੱਛਿਆ ਬਈ ਕੀ ਗੱਲ ਹੋ ਗੀ ਸਾਰਾ ਟੱਬਰ ਦਰਾਂ ਮੂਹਰੇ ਉੱਸਲ ਵੱਟੇ ਲਈ ਜਾਂਦਾ ਤਾਂ ਗਗਨੇ ਨੇ ਸਾਰੀ ਗੱਲ ਦੱਸੀ ਬਈ ਆਹ ਗੱਲ ਐ। ਅਕੇ ਕਰਤਾਰਾ ਝਿੱਫ਼ ਕਹਿੰਦਾ ‘ਮੂੰਹ ਨੇਰ੍ਹੇ ਆਉਂਦੇ ਹੁੰਦੇ ਐ’। ਉਹੀ ਗੱਲ ਹੋਈ ਬਾਬਾ, ਕਰਤਾਰਾ ਝਿੱਫ ਦਰਜੀਆਂ ਦੇ ਘਰੋਂ ਨਿੱਕਲਿਆ, ਠਾਣੇਦਾਰ ਨੇ ਘਰ ਮੂਹਰੇ ਆ ਬਿਗਲ ਮਾਰਿਆ। ਸਾਰਾ ਟੱਬਰ ਤੇ ਆਂਢ ਗੁਆਂਢ ਦੀਆਂ ਬੁੜ੍ਹੀਆਂ ਅੰਨ ਪਾਣੀ ਖਵਾਉਣ ਨੂੰ ਸਾਵਧਾਨ ਹੋ ਗੀਆ। ਠਾਣੇਦਾਰ ਨੇ ਗਗਨੇ ਨੂੰ ਪੁੱਛਿਆ ਬਈ ਕਿੱਥੋਂ ਚੋਰੀ ਹੋਈ ਐ ਮਸ਼ੀਨ? ਗਗਨੇ ਨੇ ਸਾਰਾ ਮੌਕਾ ਵਖਾਇਆ ਤਾਂ ਏਨੇ ਨੂੰ ਭੋਰਾ ਹੋਰ ਨੇਰ੍ਹਾ ਹੋ ਗਿਆ। ਗਗਨੇ ਕਹੇ ‘ਤੁਸੀਂ ਬੈਠੋ ਤਾਂ ਸਹੀ, ਘਰਦਿਆਂ ਨੇ ਤਾਂ ਖੀਰ ਕੜ੍ਹਾ ਤੇ ਚੰਗੀਆਂ ਦਾਲਾਂ ਭਾਜੀਆਂ ਬਣਾਈਆਂ, ਤੁਸੀਂ ਖੀਰਾਂ ਕੜ੍ਹਾਹ ਖਾ ਕੇ ਜਾਇਉ। ਅਕੇ ਠਾਣੇਦਾਰ ਗਗਨੇ ਤੋਂ ਸ਼ਰਾਬ ਭਾਲ਼ੇ ਤੇ ਗਗਨਾ ਠਾਣੇਦਾਰ ਤੋਂ ਮਸ਼ੀਨ ਭਾਲ਼ੇ। ਜਦੋਂ ਦੋਹਾਂ ਦਾ ਮਤਬਲ ਹੱਲ ਨਾ ਹੋਇਆ ਤਾਂ ਠਾਣੇਦਾਰ ਆਵਦੇ ਨਾਲ ਲਿਆਏ ਚਪਾਹੀਆਂ ਨੂੰ ਬਰੰਗ ਚਿੱਠੀ ਆਂਗੂੰ ਕੁਸ ਖਾਧੇ ਪੀਤੇ ਬਿਨਾਂ ਹੀ ਮੁੜ ਗਿਆ। ਗਗਨੇ ਦਾ ਅੰਨ ਪਾਣੀ ਬਣਾਇਆ ਕੰਮ ਕਰਨ ਆਈਆਂ ਗੁਆਂਢਣਾਂ ਨੂੰ ਲਜਾਣਾ ਪਿਆ। ਗਗਨੇ ਦਰਜੀ ਦਾ ਮਸ਼ੀਨ ਦੀ ਤਲਾਹ ਦੇਣ ‘ਚ ‘ਠਾਰਾਂ ਵੀਹਾਂ ਰਪੀਆ ਲੱਗ ਗਿਆ। ਨਾਲੇ ਮਸ਼ੀਨ ਪਰਾਣੀ ਸੀ ਤੇ ਨਮੀੰ ਮਸ਼ੀਨ ਆਉਂਦੀ ਹੋਣੀ ਐਂ ਸੱਤ ਅੱਠ ਵੀਹਾਂ ਦੀ। ਇਉਂ ਬੋਘੇ ਦੀ ਚੋਰੀ ਨੇ ਗਗਨੇ ਦਰਜੀ ਕਾ ਸਾਰਾ ਟੱਬਰ ਕੀੜਿਆਂ ਆਲੇ ਜੰਡ ‘ਤੇ ਚੜ੍ਹਾ ‘ਤਾ। ਮਸ਼ੀਨ ਫ਼ੇਰ ਮਨ੍ਹੀ ਥਿਆਈ। ਦੋ ਤਿੰਨ ਵਰ੍ਹੇ ਹੋ ਗੇ ਏਸ ਗੱਲ ਨੂੰ। ਗਗਨਾ ਹੁਣ ਵੀ ਉਹੀ ਮਸ਼ੀਨ ਭਾਲਦਾ ਫ਼ਿਰਦਾ।”
ਸੀਤਾ ਮਰਾਸੀ ਟਿੱਚਰ ‘ਚ ਕਹਿੰਦਾ, ”ਮੂਹਰੀ ‘ਚ ਦਿੱਤੀ ਵੀ ਸੀ ਗਗਨੇ ਨੂੰ ਉਹ ਮਸ਼ੀਨ, ਤਾਂ ਭਾਲਦਾ ਫ਼ਿਰਦਾ, ਹੋਰ ਕਿਤੇ ਉਹ ਮਸ਼ੀਨ ਦੇ ਸਿਓਨੇ ਦੀ ਹੱਥੀ ਤਾਂ ਨ੍ਹੀ ਸੀ ਲੱਗੀ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਗਗਨੇ ਦਰਜੀ ਦਾ ਮੁੰਡਾ ਖੇਤੋਂ ਸਾਇਕਲ ‘ਤੇ ਹਰੇ ਪੱਠੇ ਲੱਦੀ ਆਉਂਦਾ ਸੱਥ ਕੋਲ ਗੱਲ ਸੁਣਨ ਦਾ ਮਾਰਾ ਖੜ੍ਹ ਗਿਆ। ਗਗਨੇ ਦੇ ਮੁੰਡੇ ਨੂੰ ਵੇਖ ਕੇ ਸਾਰੀ ਸੱਥ ਇਉਂ ਚੁੱਪ ਕਰ ਗੀ ਜਿਮੇਂ ਕਪਲੇ ਡਾਕਦਾਰ ਦੇ ਦਸ ਬਾਰਾਂ ਮਰੀਜ ਮੂੰਹ ‘ਚ ਤਾਪ ਚੜ੍ਹਿਆ ਵੇਖਣ ਆਲਾ ਥਰਮਾਮੀਟਰ ਲਾ ਕੇ ਬਠਾਏ ਹੋਣ।
ਚੁੱਪ ਕਰੀ ਸੱਥ ਨੂੰ ਵੇਖ ਕੇ ਬਾਬਾ ਸੁੱਚਾ ਸਿਉਂ ਕਹਿੰਦਾ, ‘ਹੁਣ ਤਾਂ ਦਰਿਆ ਵੀ ਖੜ੍ਹ ਗੇ, ਚਲੋ ਘਰਾਂ ਨੂੰ ਚੱਲੀਏ।”
ਬਾਬੇ ਦੀ ਗੱਲ ਸੁਣ ਕੇ ਸੱਥ ਵਾਲੇ ਇੱਕ ਦੂਜੇ ਦੇ ਕੰਨਾਂ ‘ਚ ਮੁੰਡੇ ਤੋਂ ਡਰਦੇ ਗਗਨੇ ਦਰਜੀ ਦੀਆਂ ਗੱਲਾਂ ਦੀ ਖੁਸਰ ਮੁਸਰ ਕਰਦੇ ਆਪੋ ਆਪਣੇ ਘਰਾਂ ਨੂੰ ਚੱਲ ਪਏ।