ਨਵੀਂ ਦਿੱਲੀ— ਕੌਮਾਂਤਰੀ ਗੈਰ ਸਰਕਾਰੀ ਸੰਗਠਨ ਟਰਾਂਸਪੈਰੰਸੀ ਇੰਟਰਨੈਸ਼ਨਲ ਦੀ ਤਾਜ਼ਾ ਰਿਪੋਰਟ ਅਨੁਸਾਰ ਤਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਭਾਰਤ ਦੇ ਸਰਕਾਰੀ ਖੇਤਰ ਦੀ ਅਕਸ ਦੁਨੀਆ ਦੀ ਨਜ਼ਰ ‘ਚ ਹੁਣ ਵੀ ਖਰਾਬ ਹੈ। ਉਂਝ 2015 ਦੀ ਤੁਲਨਾ ‘ਚ ਸਥਿਤੀ ‘ਚ ਸੁਧਾਰ ਦੇ ਸੰਕੇਤ ਹਨ। ਸੰਸਥਾ ਦੀ ਤਾਜ਼ਾ ਰਿਪੋਰਟ ਗਲੋਬਲ ਕਰਪਸ਼ਨ ਇੰਡੈਕਸ-2017 ‘ਚ ਦੇਸ਼ ਨੂੰ 81ਵੇਂ ਸਥਾਨ ‘ਤੇ ਰੱਖਿਆ ਗਿਆ ਹੈ, ਜਦੋਂ ਕਿ ਪਿਛਲੇ ਸਾਲ ਦੀ ਰਿਪੋਰਟ ‘ਚ ਭਾਰਤ 79ਵੇਂ ਸਥਾਨ ‘ਤੇ ਸੀ। ਭ੍ਰਿਸ਼ਟਾਚਾਰ ਦੇ ਖਿਲਾਫ ਸਰਕਾਰਾਂ ਨੂੰ ਇਕ ਮਜ਼ਬੂਤ ਸੰਦੇਸ਼ ਦੇਣ ਦੇ ਮਕਸਦ ਨਾਲ 1995 ਤੋਂ ਸ਼ੁਰੂ ਕੀਤੇ ਗਏ ਸੂਚੀ ਪੱਤਰ ‘ਚ 180 ਦੇਸ਼ਾਂ ਦੀ ਸਥਿਤੀ ਦਾ ਆਕਲਨ ਕੀਤਾ ਗਿਆ ਹੈ। ਇਹ ਸੂਚੀ ਪੱਤਰ ਵਿਸ਼ਲੇਸ਼ਕਾਂ, ਕਾਰੋਬਾਰੀਆਂ ਅਤੇ ਮਾਹਰਾਂ ਦੇ ਆਕਲਨ ਅਤੇ ਅਨੁਭਵਾਂ ‘ਤੇ ਆਧਾਰਤ ਦੱਸਿਆ ਜਾਂਦਾ ਹੈ।
ਇਸ ‘ਚ ਪੱਤਰਕਾਰਾਂ, ਵਰਕਰਾਂ ਅਤੇ ਵਿਰੋਧੀ ਨੇਤਾਵਾਂ ਲਈ ਕੰਮ ਦੀ ਆਜ਼ਾਦੀ ਵਰਗੀਆਂ ਕਸੌਟੀਆਂ ਵੀ ਅਪਣਾਈਆਂ ਜਾਂਦੀਆਂ ਹਨ। ਸੂਚੀ ਪੱਤਰ ਤਿਆਰ ਕਰਨ ਲਈ ਦੇਸ਼ਾਂ ਨੂੰ ਵੱਖ-ਵੱਖ ਕਸੌਟੀਆਂ ‘ਤੇ 0 ਤੋਂ 100 ਦਰਮਿਆਨ ਅੰਕ ਦਿੱਤੇ ਜਾਂਦੇ ਹਨ। ਸਭ ਤੋਂ ਘੱਟ ਅੰਕ ਸਭ ਤੋਂ ਵਧ ਭ੍ਰਿਸ਼ਟਾਚਾਰ ਵਿਆਪਤ ਹੋਣ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਵਾਰ ਦੀ ਸੂਚੀ ‘ਚ ਭਾਰਤ ਨੂੰ 40 ਅੰਕ ਦਿੱਤੇ ਗਏ ਹਨ, ਜੋ ਪਿਛਲੇ ਸਾਲ ਦੇ ਬਰਾਬਰ ਹੀ ਹਨ ਪਰ 2015 ਤੋਂ ਬਾਅਦ ਸਥਿਤੀ ‘ਚ ਸੁਧਾਰ ਹੋਇਆ, ਜਦੋਂ ਕਿ ਭਾਰਤ ਨੂੰ 38 ਅੰਕ ਦਿੱਤੇ ਗਏ ਸਨ। ਟਰਾਂਸਪੈਰੰਸੀ ਇੰਟਰਨੈਸ਼ਨਲ ਨੇ ਕਿਹਾ ਹੈ,”ਪੂਰੇ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਕੁਝ ਦੇਸ਼ਾਂ ‘ਚ ਪੱਤਰਕਾਰਾਂ, ਵਰਕਰਾਂ, ਵਿਰੋਧੀ ਨੇਤਾਵਾਂ ਅਤੇ ਇੱਥੋਂ ਤੱਕ ਕਿ ਕਾਨੂੰਨ ਲਾਗੂ ਕਰਨ ਵਾਲੀ ਅਤੇ ਰੈਗੂਲੇਟਰੀ ਏਜੰਸੀਆਂ ਦੇ ਅਧਿਕਾਰੀਆਂ ਤੱਕ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਕਿਤੇ ਸਥਿਤੀ ਇੰਨੀ ਬੁਰੀ ਹੈ ਕਿ ਉਨ੍ਹਾਂ ਦੇ ਕਤਲ ਤੱਕ ਕਰ ਦਿੱਤੇ ਜਾਂਦੇ ਹਨ।”
ਰਿਪੋਰਟ ‘ਚ ਕਮੇਟੀ ਟੂ ਪ੍ਰਟੈਕਟ ਜਰਨਲਿਸਟ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਇਨ੍ਹਾਂ ਦੇਸ਼ਾਂ ‘ਚ 6 ਸਾਲਾਂ ‘ਚ 15 ਅਜਿਹੇ ਪੱਤਰਕਾਰਾਂ ਦਾ ਕਤਲ ਹੋ ਚੁਕਿਆ ਹੈ, ਜੋ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕਰ ਰਹੇ ਸਨ। ਇਸ ਮਾਮਲੇ ‘ਚ ਭਾਰਤ ਦੀ ਤੁਲਨਾ ਫਿਲੀਪੀਨ ਅਤੇ ਮਾਲਦੀਵ ਵਰਗੇ ਦੇਸ਼ਾਂ ਦੇ ਨਾਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਇਸ ਮਾਮਲੇ ‘ਚ ਇਹ ਦੇਸ਼ ਆਪਣੇ ਖੇਤਰ ‘ਚ ਬਹੁਤ ਹੀ ਖਰਾਬ ਹਨ। ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਇਨ੍ਹਾਂ ਦੇਸ਼ਾਂ ਦੇ ਅੰਕ ਉੱਚੇ ਹਨ ਅਤੇ ਇਨ੍ਹਾਂ ‘ਚ ਪ੍ਰੈੱਸ ਦੀ ਆਜ਼ਾਦੀ ਇੱਛਾ ਅਨੁਸਾਰ ਘੱਟ ਅਤੇ ਇੱਥੇ ਪੱਤਰਕਾਰਾਂ ਦੇ ਕਤਲ ਵੀ ਜ਼ਿਆਦਾ ਹੋਏ ਹਨ।” ਇਸ ਸੂਚੀ ‘ਚ ਨਿਊਜ਼ੀਲੈਂਡ ਅਤੇ ਡੈਨਮਾਰਕ 89 ਅਤੇ 88 ਅੰਕ ਦੇ ਨਾਲ ਸਭ ਤੋਂ ਉੱਪਰ ਹਨ। ਦੂਜੇ ਪਾਸੇ ਸੀਰੀਆ, ਸੂਡਾਨ ਅਤੇ ਸੋਮਾਲੀਆ 14, 12 ਅਤੇ 9 ਅੰਕ ਲੈ ਕੇ ਸਭ ਤੋਂ ਹੇਠਾਂ ਹਨ। ਇਸ ਸੂਚੀ ‘ਚ ਚੀਨ 77ਵੇਂ, ਬ੍ਰਾਜ਼ੀਲ 96ਵੇਂ ਅਤੇ ਰੂਸ 135ਵੇਂ ਸਥਾਨ ‘ਤੇ ਹੈ।