ਰਾਜਸਥਾਨ— ਇੱਥੇ ਸਵਾਈਨ ਫਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ ਰਾਜਸਥਾਨ ‘ਚ ਸਵਾਈਨ ਫਲੂ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ, ਪਿਛਲੇ ਲਗਭਗ 45 ਦਿਨਾਂ ਤੋਂ ਸਵਾਈਨ ਫਲੂ ਨਾਲ ਕਰੀਬ 88 ਮੌਤਾਂ ਹੋਈਆਂ ਹਨ। ਪਿਛਲੇ ਦਿਨੀਂ 2 ਵਿਧਾਇਕਾਂ ਨੂੰ ਸਵਾਈਨ ਫਲੂ ਹੋਣ ਤੋਂ ਬਾਅਦ ਰਾਜਸਥਾਨ ਦੀ ਵਿਧਾਨ ਸਭਾ ‘ਚ ਜੰਮ ਕੇ ਹੰਗਾਮਾ ਹੋਇਆ। ਦੇਸ਼ ‘ਚ ਇਸ ਸਮੇਂ ਰਾਜਸਥਾਨ ਸਵਾਈਨ ਫਲੂ ਦੇ ਮਾਮਲੇ ‘ਚ ਨੰਬਰ ਇਕ ‘ਤੇ ਹੈ, ਲਗਭਗ 1000 ਲੋਕ ਸਵਾਈਨ ਫਲੂ ਦੀ ਲਪੇਟ ‘ਚ ਆ ਚੁਕੇ ਹਨ। ਇਕੱਲੇ ਜੈਪੁਰ ਸ਼ਹਿਰ ‘ਚ ਹੀ 580 ਮਰੀਜ਼ ਇਸ ਦੀ ਲਪੇਟ ‘ਚ ਆ ਚੁਕੇ ਹਨ। ਉੱਥੇ ਹੀ ਸਵਾਈਨ ਫਲੂ ਕਾਰਨ ਮਾਂਡਲਗੜ੍ਹ ਦੀ ਵਿਧਾਇਕ ਕੀਰਤੀ ਕੁਮਾਰੀ ਦਾ ਦਿਹਾਂਤ ਹੋ ਚੁਕਿਆ ਹੈ। ਰਾਜਸਥਾਨ ਦੇ ਸਾਬਕਾ ਮੰਤਰੀ ਦਿਗੰਬਰ ਸਿੰਘ ਦੀ ਮੌਤ ਵੀ ਸਵਾਈਨ ਫਲੂ ਕਾਰਨ ਹੋਈ ਹੈ। ਇਸ ਦਾ ਪਰਲੋ ਇੰਨਾ ਵਧ ਗਿਆ ਹੈ ਕਿ ਰਾਜ ਦੇ 2 ਅਧਿਕਾਰੀ ਮੁੱਖ ਸਕੱਤਰ ਐੱਨ.ਸੀ. ਗੋਇਲ ਅਤੇ ਅਸ਼ੋਕ ਜੈਨ ਨੂੰ ਵੀ ਸਵਾਈਨ ਫਲੂ ਹੋਇਆ ਹੈ। ਜ਼ਿਕਰਯੋਗ ਹੈ ਕਿ ਸਥਾਨਕ ਸਰਕਾਰ ਨੇ ਇਸ ਨੂੰ ਰੋਕਣ ਲਈ ਹੁਣ ਤੱਕ ਕੋਈ ਪ੍ਰਭਾਵੀ ਕਦਮ ਨਹੀਂ ਚੁੱਕੇ ਹਨ।
ਰਾਜਸਥਾਨ ਸਰਕਾਰ ‘ਤੇ ਸਵਾਈਨ ਫਲੂ ਨੂੰ ਲੈ ਕੇ ਢਿੱਲਾ ਰਵੱਈਆ ਅਪਣਾਏ ਜਾਣ ਕਾਰਨ ਸਵਾਲ ਵੀ ਉੱਠ ਰਹੇ ਹਨ। ਸਵਾਈਨ ਫਲੂ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ। ਉੱਥੇ ਹੀ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ ਲਗਭਗ 3 ਕਰੋੜ ਲੋਕਾਂ ਦੀ ਜਾਂਚ ਕੀਤੀ ਹੈ। ਰਾਜਸਥਾਨ ਦੇ 2 ਵਿਧਾਇਕ ਨਰਪਤ ਸਿੰਘ ਰਾਜਵੀ ਅਤੇ ਅੰਮ੍ਰਿਤਾ ਮੇਘਵਾਲ ਵੀ ਸਵਾਈਨ ਫਲੂ ਦੀ ਲਪੇਟ ‘ਚ ਆ ਚੁਕੇ ਹਨ। ਇਸ ਨੂੰ ਲੈ ਕੇ ਰਾਜਸਥਾਨ ਦੀ ਵਿਧਾਨ ਸਭਾ ‘ਚ ਜੰਮ ਕੇ ਹੰਗਾਮਾ ਹੋਇਆ। ਉੱਥੇ ਹੀ ਮਹਿਲਾ ਵਿਧਾਇਕ ਅੰਮ੍ਰਿਤਾ ਮੇਘਵਾਲ ਨਾਲ ਹੋਰ 16 ਵਿਧਾਇਕਾਂ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ, ਜਿੱਥੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਸਵਾਈਨ ਫਲੂ ਕਾਰਨ ਰਾਜਸਥਾਨ ‘ਚ ਟਰੇਨਿੰਗ ਲੈਣ ਆਏ 300 ਅਫ਼ਸਰਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹੈ। ਦਰਅਸਲ ਅਜਿਹਾ ਇਸ ਲਈ ਕਰਨਾ ਪਿਆ ਕਿ ਟਰੇਨਿੰਗ ਲੈ ਰਹੀ ਸਹਿ ਕਰਮਚਾਰੀ ਮਹਿਲਾ ਦੀ ਸਵਾਈਨ ਫਲ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ ਅਤੇ 11 ਟਰੇਨੀ ਅਧਿਕਾਰੀ ਵੀ ਸਵਾਈਨ ਫਲੂ ਦੀ ਰਿਪੋਰਟ ‘ਚ ਪਾਜੀਟਿਵ ਪਾਏ ਗਏ ਹਨ। ਸਵਾਈਨ ਫਲੂ ਦਾ ਪਰਲੋ ਲਗਾਤਾਰ ਜਾਰੀ ਹੈ, ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਦੇ ਡਾਕਟਰ ਵੀ ਇਸ ਦੀ ਲਪੇਟ ‘ਚ ਆ ਚੁਕੇ ਹਨ।