ਨਵੀਂ ਦਿੱਲੀ, — ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਦਾ ਪੀ. ਐੱਮ. ਮੋਦੀ ਵੱਲੋਂ ਰਾਸ਼ਟਰਪਤੀ ਭਵਨ ‘ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਪ੍ਰਧਾਨ ਮੰਤਰੀ ਟਰੂਡੋ ਅਤੇ ਸ਼੍ਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ ‘ਚ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਦੋਹਾਂ ਦੇਸ਼ਾਂ ਵਿਚਕਾਰ ਕਈ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਖੁਸ਼ੀ ਪ੍ਰਗਟ ਕੀਤੀ ਕਿ ਕੈਨੇਡਾ ਦੇ ਪੀ. ਐੱਮ. ਆਪਣੇ ਪਰਿਵਾਰ ਸਮੇਤ ਭਾਰਤ ਦੌਰੇ ‘ਤੇ ਆਏ ਹਨ। ਮੋਦੀ ਅਤੇ ਟਰੂਡੋ ਦੀ ਬੈਠਕ ‘ਚ ਵਪਾਰ, ਸਿੱਖਿਆ ਅਤੇ ਕਈ ਹੋਰ ਮਸਲਿਆਂ ‘ਤੇ ਗੱਲਬਾਤ ਹੋਈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੈਨੇਡਾ ‘ਚ 1 ਲੱਖ 20 ਹਜ਼ਾਰ ਭਾਰਤੀ ਵਿਦਿਆਰਥੀ ਹਨ। ਅਸੀਂ ਉੱਚ ਸਿੱਖਿਆ ਨੂੰ ਬਿਹਤਰ ਕਰਨ ਲਈ ਹੋਰ ਕਰਾਰ ਕਰ ਰਹੇ ਹਾਂ। ਭਾਰਤ ਅਤੇ ਕੈਨੇਡਾ ਵਿਚਕਾਰ ਹੋਏ 6 ਸਮਝੌਤਿਆਂ ‘ਚ ਖੇਡਾਂ ਨੂੰ ਲੈ ਕੇ ਵੀ ਕਰਾਰ ਹੋਇਆ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ 17 ਫਰਵਰੀ ਨੂੰ ਭਾਰਤ ਦੌਰੇ ‘ਤੇ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੇ ਕਈ ਸਥਾਨਾਂ ਦਾ ਦੌਰਾ ਕੀਤਾ ਅਤੇ ਉਸ ਤੋਂ ਬਾਅਦ ਉਹ ਅੰਮ੍ਰਿਤਸਰ 21 ਫਰਵਰੀ ਨੂੰ ਪੁੱਜੇ, ਜਿੱਥੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤਾਜ ਹੋਟਲ ‘ਚ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਪਹਿਲਾਂ ਜਸਟਿਨ ਟਰੂਡੋ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਿਆ ਸੀ।
ਇੰਝ ਮਿਲੇ ਮੋਦੀ ਤੇ ਟਰੂਡੋ—
ਪ੍ਰਧਾਨ ਮੰਤਰੀ ਮੋਦੀ ਨੇ ਜਸਟਿਨ ਟਰੂਡੋ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੋਵੇਂ ਨੇਤਾ ਇਕ-ਦੂਜੇ ਦੇ ਗਲੇ ਮਿਲੇ। ਪ੍ਰਧਾਨ ਮੰਤਰੀ ਮੋਦੀ ਟਰੂਡੋ ਦੇ ਬੱਚਿਆਂ ਨਾਲ ਹੱਸਦੇ ਨਜ਼ਰ ਆਏ ਅਤੇ ਟਰੂਡੋ ਦੇ ਛੋਟੇ ਪੁੱਤਰ ਨਾਲ ਵੀ ਹੱਥ ਮਿਲਾਇਆ। ਟਰੂਡੋ ਨੂੰ ‘ਗਾਰਡ ਆਫ ਆਨਰ’ ਦਿੱਤਾ ਗਿਆ। ਟਰੂਡੋ ਨੇ ਪਰਿਵਾਰ ਸਮੇਤ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਸ਼ਰਧਾ ਦੇ ਫੁੱਲ ਚੜ੍ਹਾਏ। ਜਸਟਿਨ ਟਰੂਡੋ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਸਟਿਨ ਟਰੂਡੋ ਵਿਚਕਾਰ ਮੁਲਾਕਾਤ ਤੋਂ ਇਕ ਦਿਨ ਪਹਿਲਾਂ ਵੀਰਵਾਰ ਰਾਤ ਨੂੰ ਸ਼੍ਰੀ ਨਰਿੰਦਰ ਮੋਦੀ ਨੇ ਟਰੂਡੋ ਦੀ ਭਾਰਤ ਯਾਤਰਾ ਨੂੰ ਲੈ ਕੇ ਪਹਿਲੀ ਵਾਰ ਟਵੀਟ ਕੀਤਾ। ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ, ”ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕੱਲ ਹੋਣ ਵਾਲੀ ਮੁਲਾਕਾਤ ਅਤੇ ਸਾਰੇ ਖੇਤਰਾਂ ‘ਚ ਭਾਰਤ ਅਤੇ ਕੈਨੇਡਾ ਦਰਮਿਆਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਸਿਲਸਿਲੇ ‘ਚ ਹੋਣ ਵਾਲੀ ਗੱਲਬਾਤ ਨੂੰ ਲੈ ਕੇ ਮੈਂ ਆਸ਼ਾਵਾਦੀ ਹਾਂ। ਦੋਹਾਂ ਦੇਸ਼ਾਂ ਵਿਚਕਾਰ ਸੰਬੰਧਾਂ ਪ੍ਰਤੀ ਉਨ੍ਹਾਂ ਦੀ ਡੂੰਘੀ ਵਚਨਬੱਧਤਾ ਦੀ ਮੈਂ ਸ਼ਲਾਘਾ ਕਰਦਾ ਹਾਂ।”