ਮਾਨਸਾ – ਪੰਜਾਬ ਵਿਚ ਨਗਰ ਕੌਸਲ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸੀਆਂ ਵਲੋਂ ਗੁੰਡਾਗਰਦੀ ਦੇ ਨੰਗੇ ਨਾਚ ਦਾ ਮੁੱਦਾ ਲੋਕ ਸਭਾ ‘ਚ ਉੱਠਾ ਕੇ ਪੰਜਾਬ ‘ਚ ਕਾਂਗਰਸ ਸਰਕਾਰ ਨੂੰ ਭੰਗ ਕਰਨ ਦੀ ਅਵਾਜ਼ ਬੁਲੰਦ ਕਰਾਂਗੇ। ਇਸ ਗੱਲ ਦਾ ਪ੍ਰਗਟਾਵਾ ਬੁਢਲਾਡਾ ਵਿਖੇ ਉਪ ਚੋਣ ਦੌਰਾਨ ਜ਼ਖਮੀ ਹੋਈਆਂ ਅਕਾਲੀ ਵਰਕਰਾਂ ਦਾ ਇੱਥੋਂ ਦੇ ਸਿਵਲ ਹਸਪਤਾਲ ਵਿਖੇ ਹਾਲ ਚਾਲ ਪੁੱਛਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਲਿਖਣ ਵਾਲੇ ਅਤੇ ਵੋਟ ਦਾ ਹੱਕ ਦਿਵਾਉਣ ਵਾਲੇ ਡਾਕਟਰ ਭੀਮ ਰਾਓ ਅੰਬੇਦਕਰ ਵਲੋਂ ਮਿਲੇ ਚੋਣਾਂ ਵਿਚ ਵੋਟ ਦੀ ਵਰਤੋਂ ਕਰਨ ਦੇ ਅਧਿਕਾਰਾਂ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਗੁੰਡਾਗਰਦੀ ਕਰਕੇ ਲੋਕਾਂ ਤੋਂ ਖੋਹ ਰਹੀ ਹੈ, ਜਿਸ ਦੀ ਮਿਸਾਲ ਬੁਢਲਾਡਾ ਸ਼ਹਿਰ ਦੇ ਵਾਰਡ ਨੰ. 2 ਤੋਂ ਉਪ ਚੋਣ ਲੜ ਰਹੇ ਸੁਭਾਸ਼ ਵਰਮਾ, ਹਰਵਿੰਦਰ ਬੰਟੀ ਅਤੇ ਸਮੱਰਥਕਾਂ ਤੇ ਹੋਏ ਕਾਤਲਾਨਾ ਹਮਲੇ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਨੂੰ ਦੇਸ਼ ਦੀ ਪਾਰਲੀਮੈਂਟ ਵਿਚ ਉਠਾਉਣਗੇ ਕਿਉਂਕਿ ਕਾਂਗਰਸੀਆਂ ਵਲੋਂ ਕੀਤੀ ਗਈ ਗੁੰਡਾਗਰਦੀ ਵਿਚ ਸਥਾਨਕ ਪੁਲਸ ਅਫਸਰ ਸ਼ਰੇਆਮ ਸ਼ਰਾਰਤੀ ਅਨਸਰਾਂ ਦਾ ਸਾਥ ਦੇ ਰਹੇ ਸਨ। ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕੀਤੀ ਗਈ ਗੁੰਡਾਗਰਦੀ ਨੂੰ ਲੈ ਕੇ ਕਾਲੇ ਦਿਨ ਵਜੋਂ ਪੰਜਾਬ ਦੇ ਲੋਕ ਜਾਨਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਨਗਰ ਨਿਗਮਾਂ, ਨਗਰ ਪੰਚਾਇਤਾਂ ਅਤੇ ਉਪ ਚੋਣਾਂ ਵਿਚ ਹੋਈ ਗੁੰਡਾਗਰਦੀ ਦਾ ਪੂਰਾ ਇਤਿਹਾਸ ਦਾ ਵੇਰਵਾ ਤਿਆਰ ਕਰਕੇ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅਤੇ ਗ੍ਰਹਿ ਮੰਤਰੀ ਨੂੰ ਚਿੱਠੀ ਰਾਹੀਂ ਜਾਣੂ ਕਰਵਾਉਗੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਕਿਸ ਤਰ੍ਹਾਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਬੀਬੀ ਬਾਦਲ ਨੇ ਕਿਹਾ ਕਿ ਰਿਟਰਨਿੰਗ ਅਫਸਰ ਅਤੇ ਸਬੰਧਤ ਪੁਲਸ ਅਫਸਰਾਂ ਖਿਲਾਫ ਜੇ ਸਰਕਾਰ ਨੇ ਐਕਸ਼ਨ ਨਾ ਲਿਆ ਤਾਂ ਉਹ ਹਾਇਰ ਲੇਬਲ, ਪਾਰਲੀਮੈਂਟ ਅਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲ ਕੇ ਸਖਤ ਕਾਰਵਾਈ ਕਰਵਾਉਣਗੇ। ਉਨ੍ਹਾਂ ਕਿਹਾ ਕਿ ਧੱਕਾ ਕਰਨ ਵਾਲੇ ਅਧਿਕਾਰੀਆਂ ਨੂੰ ਸਰਕਾਰ ਆਉਣ ‘ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਪੀੜਤ ਉਮੀਦਵਾਰ ਸੁਭਾਸ਼ ਵਰਮਾ, ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਨੇ ਬੀਬੀ ਬਾਦਲ ਦੇ ਧਿਆਨ ਵਿਚ ਲਿਆਂਦਾ ਕਿ ਉਨ੍ਹਾਂ ਨੂੰ ਸ਼ਰੇਆਮ ਕੁੱਟਿਆ ਗਿਆ। ਜਦੋਂ ਕਿ ਪੁਲਸ ਮੂਕ ਦਰਸ਼ਕ ਬਣ ਕੇ ਸਭ ਕੁੱਝ ਦੇਖਦੀ ਰਹੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਜਗਦੀਪ ਸਿੰਘ ਨੇ ਕਿਹਾ ਕਿ ਬੀਬੀ ਬਾਦਲ ਦੇ ਮਰੀਜ਼ਾਂ ਦਾ ਹਾਲ ਪੁੱਛਣ ਲਈ ਹਸਪਤਾਲ ਆਉਣ ਸਮੇਂ ਵਾਟਰ ਵਰਕਸ ਰੋਡ ‘ਤੇ ਜਾਣ ਬੁੱਝ ਕੇ ਕਾਂਗਰਸੀ ਵਰਕਰਾ ਵਲੋਂ ਖੁਫੀਆ ਤਰੀਕੇ ਨਾਲ ਜਾਮ ਲਾਇਆ ਗਿਆ, ਜਿਸ ਕਾਰਨ ਬੀਬਾ ਬਾਦਲ ਨੂੰ ਇਕ ਕਿਲੋਮੀਟਰ ਪੈਦਲ ਚੱਲ ਕੇ ਹਸਪਤਾਲ ਪਹੁੰਚਣਾ ਪਿਆ ਜੋ ਕਿ ਇਕ ਘਟੀਆ ਰਾਜਨੀਤੀ ਹੈ। ਇਸ ਮੌਕੇ ਜ਼ਿਲਾ ਦਿਹਾਤੀ ਗੁਰਮੇਲ ਸਿੰਘ ਫਫੜੇ, ਜ਼ਿਲਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਬੁਢਲਾਡਾ ਹਲਕਾ ਦੇ ਇੰਚਾਰਜ ਡਾ. ਨਿਸ਼ਾਨ ਸਿੰਘ, ਅਨਮੋਲਪ੍ਰੀਤ ਸਿੰਘ, ਯੂਥ ਆਗੂ ਰਘਵੀਰ ਸਿੰਘ ਮਾਨਸਾ, ਐੱਸ. ਜੀ. ਪੀ. ਸੀ ਮੈਂਬਰ ਮਨਜੀਤ ਸਿੰਘ ਬੱਪੀਆਣਾ, ਗੁਰਪ੍ਰੀਤ ਸਿੰਘ ਝੱਬਰ, ਪ੍ਰਧਾਨ ਹਰਵਿੰਦਰ ਸਿੰਘ ਬੰਟੀ ਬੁਢਲਾਡਾ, ਸੁਭਾਸ਼ ਕੁਮਾਰ ਵਰਮਾ, ਅਵਤਾਰ ਸਿੰਘ ਰਾੜਾ, ਸਿਮਰਜੀਤ ਕੌਰ ਸਿੰਮੀ, ਰਘਵੀਰ ਚਹਿਲ ਬੁਢਲਾਡਾ, ਬਿੱਟੂ ਚੌਧਰੀ, ਬਲਵਿੰਦਰ ਸਿੰਘ ਕਾਕਾ, ਹਰਬੰਸ ਗੋਲੂ, ਤਨਜੋਤ ਸਾਹਨੀ, ਹਰਮਨਜੀਤ ਭੰਮਾ ਵੀ ਹਾਜ਼ਰ ਸਨ।