ਜੰਮੂ — ਲੇਹ ਵਿਖੇ ਸ਼ਨੀਵਾਰ ਇਕ ਹਵਾਈ ਜਹਾਜ਼ ਦੇ ਪਾਇਲਟ ਦੀ ਸਿਆਣਪ ਕਾਰਨ ਵੱਡਾ ਹਾਦਸਾ ਵਾਪਰਨੋਂ ਟਲ ਗਿਆ। ਖਬਰਾਂ ਮੁਤਾਬਕ ਗੋ-ਏਅਰ ਦੇ ਇਕ ਹਵਾਈ ਜਹਾਜ਼ ਦੇ ਇੰਜਣ ‘ਚ ਤਕਨੀਕੀ ਨੁਕਸ ਪੈ ਜਾਣ ਕਾਰਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹਵਾਈ ਜਹਾਜ਼ ਵਿਚ ਕੁਲ 112 ਮੁਸਾਫਰ ਸਵਾਰ ਸਨ ਜੋ ਸਭ ਸੁਰੱਖਿਅਤ ਹਨ।
ਗੋ-ਏਅਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ-ਲੇਹ-ਜੰਮੂ ਹਵਾਈ ਜਹਾਜ਼ ਨੇ ਲੇਹ ਦੇ ਹਵਾਈ ਅੱਡੇ ਤੋਂ ਸਵੇਰੇ 9.20 ਵਜੇ ਜੰਮੂ ਲਈ ਉਡਾਣ ਭਰੀ ਸੀ।
10 ਮਿੰਟ ਬਾਅਦ ਹੀ ਹਵਾਈ ਜਹਾਜ਼ ਦੀ ਲੇਹ ਵਿਖੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਗੋ-ਏਅਰ ਦੇ ਮੁੰਬਈ ਸਥਿਤ ਬੁਲਾਰੇ ਨੇ ਕਿਹਾ ਕਿ ਜੀ 8-205 (ਲੇਹ-ਜੰਮੂ) ਹਵਾਈ ਜਹਾਜ਼ ਨੇ 112 ਮੁਸਾਫਰਾਂ ਨਾਲ ਉਡਾਣ ਭਰੀ। ਅਚਾਨਕ ਹੀ ਉਸ ‘ਚ ਕੋਈ ਤਕਨੀਕੀ ਗੜਬੜ ਹੋ ਗਈ। ਪਾਇਲਟ ਨੇ ਤੁਰੰਤ ਹਵਾਈ ਜਹਾਜ਼ ਵਾਪਸ ਲੇਹ ਵੱਲ ਮੋੜ ਲਿਆ। ਇਹ ਹਵਾਈ ਜਹਾਜ਼ ਸ਼ਨੀਵਾਰ ਸ਼ਾਮ ਤਕ ਲੇਹ ਵਿਖੇ ਹੀ ਖੜ੍ਹਾ ਸੀ। ਇਸ ਨੂੰ ਐਤਵਾਰ ਅਗਲੀ ਮੰਜ਼ਿਲ ‘ਤੇ ਭੇਜੇ ਜਾਣ ਦੀ ਸੰਭਾਵਨਾ ਹੈ।