ਨਵੀਂ ਦਿੱਲੀ— ਦਿੱਲੀ ਦੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦੇ ਨਾਲ ‘ਆਪ’ ਵਿਧਾਇਕਾਂ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਹਰ ਦਿਨ ਵਧਦਾ ਜਾ ਰਿਹਾ ਹੈ। ਦੋਸ਼ੀ ਵਿਧਾਇਕਾਂ ਦੀ ਜ਼ਮਾਨਤ ਪਟੀਸ਼ਨ ‘ਤੇ ਦਿੱਲੀ ਦੇ ਇਕ ਕੋਰਟ ‘ਚ ਸੁਣਵਾਈ ਹੋਈ। ਸੋਮਵਾਰ ਨੂੰ ਪੁਲਸ ਨੇ ਕੋਰਟ ਨੂੰ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੰਗਲੇ ਤੋਂ ਜਾਂਚ ਦੌਰਾਨ ਜ਼ਬਤ ਕੀਤੇ ਗਏ ਸੀ.ਸੀ.ਟੀ.ਵੀ. ਨਾਲ ਛੇੜਛਾੜ ਕੀਤੀ ਗਈ ਹੈ। ਇਨ੍ਹਾਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜਿਆ ਜਾਵੇਗਾ। ਕੋਰਟ ਨੇ ਦੋਹਾਂ ਪੱਕਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀਆਂ ਦੀ ਬੇਲ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 19 ਫਰਵਰੀ ਨੂੰ ਕੇਜਰੀਵਾਲ ਦੇ ਬੰਗਲੇ ‘ਤੇ ਹੋਈ ਮੀਟਿੰਗ ‘ਚ ਮੁੱਖ ਸਕੱਤਰ ਨਾਲ ਕੁੱਟਮਾਰ ਕੀਤੀ। ਗ੍ਰਿਫਤਾਰੀ ਤੋਂ ਬਾਅਦ ਦੋਸ਼ੀ ਵਿਧਾਇਕ ਜੂਡੀਸ਼ੀਅਲ ਕਸਟਡੀ ‘ਚ ਹਨ।
ਸੀ.ਐੱਮ. ਹਾਊਸ ਦੇ ਡਰਾਇੰਗ ਰੂਮ ‘ਚ ਹੋਈ ਸੀ ਮੀਟਿੰਗ
ਸੂਤਰਾਂ ਅਨੁਸਾਰ ਤਾਂ ਐਡੀਸ਼ਨਲ ਡੀ.ਸੀ.ਪੀ. ਹਰੇਂਦਰ ਸਿੰਘ ਨੇ ਕੋਰਟ ‘ਚ ਦੱਸਿਆ ਕਿ ਜਿਸ ਮੀਟਿੰਗ ‘ਚ ਚੀਫ ਸਕੱਤਰ ਨਾਲ ਕੁੱਟਮਾਰ ਹੋਈ, ਉਹ ਮੁੱਖ ਮੰਤਰੀ ਦੇ ਬੰਗਲੇ ਦੇ ਕੈਂਪ ਦਫ਼ਤਰ ‘ਚ ਨਹੀਂ ਸਗੋਂ ਡਰਾਇੰਗ ਰੂਮ ‘ਚ ਹੋਈ ਸੀ। ਜਾਂਚ ਦੌਰਾਨ ਸੀ.ਐੱਮ. ਹਾਊਸ ਤੋਂ ਜ਼ਬਤ ਕੀਤੇ ਗਏ ਸੀ.ਸੀ.ਟੀ.ਵੀ. ਨਾਲ ਛੇੜਛਾੜ ਕੀਤੀ ਗਈ ਸੀ, ਉਨ੍ਹਾਂ ਦੀ ਟਾਈਮਿੰਗ ਵੱਖ ਸੀ।”
ਕਾਲੀ ਪੱਟੀ ਬੰਨ੍ਹ ਕੀਤਾ ਵਿਰੋਧ
ਆਈ.ਏ.ਐੱਸ. ਜੁਆਇੰਟ ਫੋਰਮ ਨੇ ਸੋਮਵਾਰ ਨੂੰ ਕਾਲੀ ਪੱਟੀ ਬੰਨ੍ਹ ਕੇ ਇਸ ਘਟਨਾ ਦਾ ਵਿਰੋਧ ਕੀਤਾ। ਆਈ.ਏ.ਐੱਸ. ਜੁਆਇੰਟ ਫੋਰਮ ਦੀ ਮੈਂਬਰ ਪੂਜਾ ਜੋਸ਼ੀ ਨੇ ਕਿਹਾ,”ਅਸੀਂ ਇਹੀ ਚਾਹੁੰਦੇ ਹਾਂ ਕਿ ਸੀ.ਐੱਮ. ਇਸ ਮਾਮਲੇ ‘ਤੇ ਲਿਖਤੀ ਮੁਆਫ਼ੀ ਮੰਗਣ ਪਰ ਸੀ.ਐੱਮ. ਅਤੇ ਡਿਪਟੀ ਸੀ.ਐੱਮ. ਮੁਆਫ਼ੀ ਮੰਗਣ ਤੋਂ ਇਨਕਾਰ ਕਰ ਰਹੇ ਹਨ। ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਉਹ ਵੀ ਇਸ ਸਾਜਿਸ਼ ਦਾ ਹਿੱਸਾ ਹਨ।”
ਕੇਜਰੀਵਾਲ ਦੇ ਘਰੋਂ ਜ਼ਬਤ ਹੋਏ ਸਨ 21 ਕੈਮਰੇ
ਇਸ ਪੂਰੇ ਮਾਮਲੇ ਤੋਂ ਬਾਅਦ ਪੁਲਸ ਦੀ ਇਕ ਟੀਮ ਨੇ ਕੇਜਰੀਵਾਲ ਦੇ ਬੰਗਲੇ ‘ਚ ਇਕ ਘੰਟੇ ਤੱਕ ਖੋਜ ਅਤੇ ਪੁੱਛ-ਗਿੱਛ ਕੀਤੀ ਸੀ। ਇਸ ਦੌਰਾਨ ਪੁਲਸ ਨੂੰ ਸੀ.ਐੱਮ. ਹਾਊਸ ‘ਚ 21 ਕੈਮਰੇ ਲੱਗੇ ਮਿਲੇ, ਜਿਨ੍ਹਾਂ ‘ਚੋਂ 14 ਕੰਮ ਕਰ ਰਹੇ ਸਨ ਅਤੇ 7 ‘ਚ ਰਿਕਾਰਡਿੰਗ ਬੰਦ ਮਿਲੀ। ਚੀਫ ਸਕੱਤਰ ਨਾਲ ਜਿਸ ਜਗ੍ਹਾ ਕੁੱਟਮਾਰ ਹੋਈ, ਉੱਥੇ ਕੋਈ ਕੈਮਰਾ ਨਹੀਂ ਲੱਗਾ ਸੀ। 21 ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਅਤੇ ਹਾਰਡ ਡਿਸਕ ਜ਼ਬਤ ਕੀਤੀ ਗਈ। ਸਾਰਿਆਂ ਕੈਮਰਿਆਂ ਦੇ ਟਾਈਮਰ 40 ਮਿੰਟ ਪਿੱਛੇ ਸਨ।
ਕੁੱਟਮਾਰ ਕੇਸ ‘ਚ 2 ਵਿਧਾਇਕ ਗ੍ਰਿਫਤਾਰ
‘ਆਪ’ ਵਿਧਾਇਕ ਅਮਾਨਤੁੱਲਾਹ ਖਾਂ ਅਤੇ ਪ੍ਰਕਾਸ਼ ਜਾਰਵਾਲ ‘ਤੇ ਮੁੱਖ ਸਕੱਤਰ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ। ਪੁਲਸ ਨੇ ਦੋਵੇਂ ਗ੍ਰਿਫਤਾਰ ਕੀਤੇ ਸਨ, ਜਿਨ੍ਹਾਂ ਨੂੰ ਕੋਰਟ ਨੇ ਜੂਡੀਸ਼ੀਅਲ ਕਸਟਡੀ ‘ਚ ਭੇਜ ਦਿੱਤਾ ਸੀ। ਵਿਧਾਇਕਾਂ ਨੇ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੈ।
ਕੀ ਹੈ ਮਾਮਲਾ
ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਸੋਮਵਾਰ (19 ਫਰਵਰੀ) ਰਾਤ ਨੂੰ ਆਪਣੇ ਘਰ ਕੁਝ ਯੋਜਨਾਵਾਂ ‘ਤੇ ਚਰਚਾ ਲਈ ਮੀਟਿੰਗ ਬੁਲਾਈ। ਇਸ ‘ਚ ਅੰਸ਼ੂ ਪ੍ਰਕਾਸ਼ ਵੀ ਸ਼ਾਮਲ ਹੋਏ। ਅੰਸ਼ੂ ਪ੍ਰਕਾਸ਼ ਦਾ ਦੋਸ਼ ਹੈ ਕਿ ਇੱਥੇ ਉਨ੍ਹਾਂ ‘ਤੇ ‘ਆਪ’ ਦੇ ਇਕ ਵਿਗਿਆਪਨ ਨੂੰ ਪਾਸ ਕਰਵਾਉਣ ਦਾ ਦਬਾਅ ਪਾਇਆ ਗਿਆ। ਜਦੋਂ ਉਹ ਮਨ੍ਹਾ ਕਰ ਕੇ ਜਾਣ ਲੱਗੇ ਤਾਂ 2 ਵਿਧਾਇਕਾਂ ਨੇ ਉਨ੍ਹਾਂ ਦੇ ਮੋਢੇ ‘ਤੇ ਹੱਥ ਰੱਖ ਕੇ ਉੱਥੇ ਬੈਠਾ ਦਿੱਤਾ। ਦੁਬਾਰਾ ਉੱਠੇ ਤਾਂ ਗਲ੍ਹ ‘ਤੇ ਜ਼ੋਰ ਨਾਲ ਥੱਪੜ ਮਾਰਿਆ। ਪਿੱਠ ‘ਚ ਵੀ ਮੁੱਕੇ ਮਾਰੇ ਅਤੇ ਗਾਲ੍ਹਾਂ ਕੱਢੀਆਂ ਗਈਆਂ।