ਜਿਉਂ ਹੀ ਬਾਬਾ ਰਤਨ ਸਿਉਂ ਸੋਟੀ ਦੇ ਸਹਾਰੇ ਹੌਲੀ ਹੌਲੀ ਬਜ਼ਰਗਾਂ ਵਾਲੀ ਚਾਲ ਚਲਦਾ ਸੱਥ ‘ਚ ਪਹੁੰਚਿਆ ਤਾਂ ਸੀਤੇ ਮਰਾਸੀ ਨੇ ਬਾਬੇ ਗੁਰ ਫ਼ਤਹਿ ਕਹਿ ਕੇ ਨੰਦੀ ਪੰਡਤ ਦੇ ਸਾਇਕਲ ਵਾਲੀ ਗੱਲ ਛੇੜ ਲਈ। ਸੀਤਾ ਮਰਾਸੀ ਬਾਬੇ ਨੂੰ ਕਹਿੰਦਾ, ”ਕਿਉਂ ਬਾਬਾ! ਤੇਰੇ ਨਾਲ ਤਾਂ ਨੰਦੀ ਪੰਡਤ ਦੀ ਚੰਗੀ ਬੈਠਣੀ ਉਠਣੀ ਐ, ਇਹ ਜਿਹੜਾ ਉਹਦੇ ਕੋਲੇ ਸ਼ੈਂਕਲ ਐ, ਕਹਿੰਦੇ ਪੰਜਾਹ ਵਰ੍ਹੇ ਪਹਿਲਾਂ ਦਾ? ਨੰਬਰ ਨੁੰਬਰ ਤਾਂ ਬਾਬਾ ਸ਼ੈਂਕਲ ਦੇ ਕੋਈ ਦੀਂਹਦਾ ਨ੍ਹੀ ਬਈ ਕਿਹੜੀ ਕੰਪਨੀ ਕੂੰਪਨੀ ਦਾ ਬਣਿਐ, ਐਮੇ ਦੋ ਪਿੱਤਲ ਦੇ ਤਵੀਤ ਜੇ ਈ ਹੈ ਮਗਰਾੜਾਂ ‘ਤੇ ਲੱਗ ਵੇ ਦੀਂਹਦੇ ਐ, ਉਹ ਵੀ ਬਾਹਲੇ ਈ ਘਸੇ ਪਏ ਐ। ਨਾਲੇ ਐਨੀ ਤਾਂ ਬਾਬਾ ਬੰਦੇ ਦੀ ਵੀ ਉਮਰ ਨ੍ਹੀ ਹੁੰਦੀ, ਇਹ ਕਹਿੰਦੇ ਪੰਜਾਹਾਂ ਵਰ੍ਹਿਆਂ ਦਾ ਪਰਾਣੈ। ਐਨਾ ਪਰਾਣਾ ਹੋਣ ਕਰਕੇ ਹਜੇ ਵੀ ਔਤਾਂ ਦੀ ਮਟੀ ਆਂਗੂੰ ਚਮਕਦੈ।”
ਬਾਬਾ ਰਤਨ ਸਿਉਂ ਮਰਾਸੀ ਨੂੰ ਹੱਸ ਕੇ ਕਹਿੰਦਾ, ”ਪੰਜਾਹਾਂ ਵਰ੍ਹਿਆਂ ਦਾ ਉਹਦੇ ‘ਚ ਕੀ ਐ ਸੀਤਾ ਸਿਆਂ। ਪਿਛਲੀ ਕਾਠੀ ਉਹਦੀ ਨਮੀਂ ਐ। ਮਗਰਾੜ ਉਹਦੇ ਬਦਲ ‘ਤੇ ਸੀ ਪੰਡਤ ਨੇ। ਟੱਲੀ ਉਹਦੀ ਹੁਣ ਦੇ ਜਮਾਨੇ ਦੀ ਐ। ਪਹਿਲਾਂ ਤਾਂ ਉਹ ਘੀਚੂ ਘੀਚੂ ਜੀ ਆਲੀਆਂ ਹੁੰਦੀਆਂ ਸੀ। ਕਈ ਵਰ੍ਹੇ ਪਹਿਲਾਂ ਜਦੋਂ ਜੋਰੇ ਜੱਟ ਦੇ ਗੱਡੇ ਥੱਲੇ ਆ ਕੇ ਹੈਂਡਲ ਦਾ ਮਰੀਦਾ ਨਿੱਕਲ ਗਿਆ ਸੀ ਓਦੋਂ ਪੰਡਤ ਨੇ ਸ਼ੈਂਕਲ ਦਾ ਹੈਂਡਲ ਵੀ ਬਦਲ ‘ਤਾ ਸੀ। ਚੈਨ ਕਵਰ ਜਾ, ਚੈਨ, ਪੈਡਲ, ਚੱਕੇ ਸਭ ਕੁਸ ਹੁਣ ਦਾ। ਕੇਰਾਂ ਮੰਡੀ ਗਏ ‘ਚ ਇੱਕ ਅਣਜਾਣ ਜੇ ਨੇ ਠਾਹ ਦੇਣੇ ਭਿੱਟਭਿਟੀਆ ਸ਼ੈਕਲ ‘ਚ ਲਿਆ ਠੋਕਿਆ। ਸ਼ੈਂਕਲ ਦੇ ਦੋਮੇਂ ਚਿਮਟੇ ਤੇ ਵਚਾਲੜਾ ਫਰੇਮ ਜਾ ਮਿੱਧ ਕੇ ਇਉਂ ਬਣਾ ‘ਤਾ ਜਿਮੇਂ ਹਰੇ ਪੱਠਿਆਂ ਨਾਲ ਰੱਜੇ ਝੋਟੇ ਨੇ ਸਣ ਦੀਆਂ ਪੂਲ਼ੀਆਂ ਮਿੱਧਿਆਂ ਹੁੰਦੀਐਂ। ਪੈਸੇ ਹੈਗੇ ਐ ਬਾਹਮਣ ਕੋਲੇ, ਓੱਥੋਂ ਈ ਸਭ ਕੁਸ ਨਮਾਂ ਪੁਆ ਕੇ ਆਥਣ ਨੂੰ ਪਿੰਡ ਆਇਆ। ਟੈਰ ਟੂਪਾਂ ਤਾਂ ਵੇਖ ਲਾ ਆਏ ਸਾਲ ਈ ਨਮੇਂ ਪੁਆ ਲੈਂਦਾ। ਪੰਜਾਹ ਸਾਲਾਂ ਦਾ ਓਹਦੇ ‘ਚ ਕੀ ਰਹਿ ਗਿਆ, ਮੇਰੇ ਮੂੰਹ ‘ਚੋ ਕੁਸ ਹੋਰ ਨਿੱਕਲ ਗਿਆ ਸੀ।”
ਨਾਥਾ ਅਮਲੀ ਕਹਿੰਦਾ, ”ਹੋਰ ਕੀ ਤੂੰ ਕੱਢਣ ਲੱਗਿਆ ਸੀ ਮੂੰਹ ‘ਚੋਂ, ਕੱਢ ਦੇ ਫ਼ਿਰ। ਐਨਾ ਚਿਰ ਨ੍ਹੀ ਲਾਈਦਾ ਹੁੰਦਾ। ਏਨੇ ਚਿਰ ਨੂੰ ਤਾਂ ਪਤੰਦਰਾ ਦੁਸ਼ਮਣ ਸਿਰ ‘ਤੇ ਆ ਚੜ੍ਹਦੈ। ਬੰਨ੍ਹ ਦੇ ਬਾਘੇ ਆਲਾ ਹੁਣ। ਆਉਣ ਦੇ। ਬਥੇਰੇ ਬੈਠੇ ਆਂ, ਨਿੱਕਲਦੇ ਨੂੰ ਈ ਇਉਂ ਬੁੱਚ ਲਾਂ ਗੇ ਜਿਮੇਂ ਥਾਪੇ ਜੀ ਆਲੀ ਖੇਡ ‘ਚ ਖਿੱਦੋ ਬੁੱਚ ਲੈਂਦੇ ਹੁੰਦੇ ਐ। ਚੱਕ ਦੇ ਰੇਸ।”
ਸੀਤਾ ਮਰਾਸੀ ਅਮਲੀ ਦੀ ਗੱਲ ਸੁਣ ਕੇ ਟਿੱਚਰ ‘ਚ ਕਹਿੰਦਾ, ”ਜੇ ਬਾਬਾ ਰੇਸ ਚੱਕਣ ਆਲਾ ਹੁੰਦਾ ਤਾਂ ਐਥੇ ਕੀ ਸਕਰ ਕੰਦੀਆਂ ਲੈਣ ਆਉਣਾ ਸੀ ਸੱਥ ‘ਚ। ਹੁਣ ਤਾਂ ਬਾਬਾ ਕਿਸੇ ਨਾ ਕਿਸੇ ਦੀ ਜੰਨ ਗਿਆ ਹੁੰਦਾ।”
ਨਾਥਾ ਅਮਲੀ ਕਹਿੰਦਾ, ”ਮਰਾਸੀਆ ਹੁਣ ਤੂੰ ਜੰਨ ਆਲੀ ਗੱਲ ਛੇੜ ਤਾਂ ਲਈ, ਹੁਣ ਗਾਹਾਂ ਆਲੀ ਗੱਲ ਵੀ ਦਸਦੇ ਬਾਬੇ ਦੀ।”
ਅਮਲੀ ਦੀ ਗੱਲ ਸੁਣ ਕੇ ਬਾਬਾ ਰਤਨ ਸਿਉਂ ਲਾਡ ‘ਚ ਸੋਟੀ ਚੁੱਕ ਕੇ ਅਮਲੀ ਨੂੰ ਕਹਿੰਦਾ, ”ਬਹਿਨੈਂ ਕੁ ਨਹੀਂ ਪਿੱਚਕਿਆ ਜਿਆ। ਜੇ ਸੋਟੀ ਵੱਜ ਗੀ ਨਾਹ, ਸੱਤ ਥਾਮਾਂ ਤੋਂ ਇਉਂ ਟੁੱਟ ਜੇਂ ਗਾ ਜਿਮੇਂ ਕੱਚ ਆਲੀ ਬੋਤਲ ਟੁਟਦੀ ਹੁੰਦੀ ਐ।”
ਮਾਹਲੇ ਨੰਬਰਦਾਰ ਨੇ ਬਾਬੇ ਰਤਨ ਸਿਉਂ ਨੂੰ ਟਿੱਚਰ ‘ਚ ਪੁੱਛਿਆ, ”ਕਿਹੜੀ ਬੋਤਲ ਦੀ ਗੱਲ ਕੀਤੀ ਐ ਤਾਊ ਤੂੰ?”
ਸੀਤਾ ਮਰਾਸੀ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਦਾਰੂ ਦੀ ਬੋਤਲ ਦੀ ਗੱਲ ਕਰਦਾ ਬਾਬਾ। ਹੋਰ ਦੱਸ ਕੀ ਪੁੱਛਣੈ?”
ਪ੍ਰਤਾਪਾ ਭਾਊ ਵੀ ਬੋਲਿਆ, ”ਓ ਪਤੰਦਰੋ ਦਿਨ ਤਾਂ ਛਿਪ ਲੈਣ ਦਿਉ। ਦਪਹਿਰੇ ਈ ਦਾਰੂ ਦਾਰੂ ਕਰੀ ਜਾਨੇ ਐਂ। ਕੋਈ ਹੋਰ ਗੱਲ ਕਰ ਲੋ।”
ਬਾਬਾ ਰਤਨ ਸਿਉਂ ਨਾਥੇ ਅਮਲੀ ਵੱਲ ਹੱਥ ਕਰਕੇ ਕਹਿੰਦਾ, ”ਆਹ ਬਿੰਗੜ ਜਾ ਗੱਲ ਚੱਕਣ ਨੂੰ ਸਾਰਿਆਂ ਤੋਂ ਮੂਹਰੇ ਐ। ਪਤੰਦਰ ਖਾਂਦਾ ਨ੍ਹੀ ਕੁਸ ਪੀਂਦਾ ਨ੍ਹੀ, ਜੀਊਂਦਾ ਪਤਾ ਨ੍ਹੀ ਕਿਮੇਂ ਐ। ਸਰੀਰ ਵੇਖ ਸੁੱਕ ਕੇ ਕਿਮੇਂ ਕੁੱਤੇ ਦੀ ਗਲੱਛ ਕੇ ਸਿੱਟੀ ਲੀਰ ਅਰਗਾ ਹੋਇਆ ਪਿਆ।”
ਏਨੇ ਚਿਰ ਨੂੰ ਜੰਗੇ ਰਾਹੀ ਕਾ ਬੰਸਾ ਸੱਥ ‘ਚ ਬਾਬੇ ਰਤਨ ਸਿਉਂ ਤੇ ਨਾਥੇ ਅਮਲੀ ਨੂੰ ਚੁੰਝੋ ਚੁੰਝੀ ਹੋਈ ਜਾਂਦਿਆਂ ਨੂੰ ਸੁਣ ਕੇ ਕਹਿੰਦਾ, ”ਅੱਜ ਤਾਂ ਬਈ ਬਾਬੇ ਦੇ ਤੇ ਅਮਲੀ ਦੇ ਇਉਂ ਸਿੰਗ ਫ਼ਸ ਗਏ ਜਿਮੇਂ ਤਖਤੂਪੁਰੇ ਦੇ ਮੇਲੇ ‘ਤੇ ਬਿਲਾਸਪੁਰ ਆਲੇ ਲੱਕੜਹਾਰੇ ਤੇ ਖਤਰਾਮਾਂ ਆਲੇ ਮੀਣੇਂ ਦੇ ਕੌਡੀ ‘ਚ ਕੁੰਡ ਅੜ ਗੇ ਸੀ। ਅੱਜ ਪਤਾ ਲੱਗੂ ਅਮਲੀ ਨੂੰ ਵੀ ਬਈ ਝੋਲ਼ੀ ‘ਚ ਕੈ ਸੇਰ ਦਾਣੇ ਐਂ।”
ਸੀਤਾ ਮਰਾਸੀ ਕਹਿੰਦਾ, ”ਬਾਬਾ ਵੀ ਆਵਦੇ ਜਮਾਨੇ ‘ਚ ਕਹਿੰਦਾ ਕਹਾਉਂਦਾ ਹੁੰਦਾ ਸੀ ਤੇ ਅਮਲੀ ਵੀ ਗੱਲ ਡਿੱਗਣ ਨ੍ਹੀ ਦਿੰਦਾ।”
ਮਰਾਸੀ ਦੀ ਗੱਲ ਸੁਣ ਕੇ ਬੁੱਘਰ ਦਖਾਣ ਕਹਿੰਦਾ, ”ਬਈ ਇੱਕ ਗੱਲ ਐ! ਜੇ ਤਾਂ ਅਮਲੀ ਨੇ ਰੁਲਦੂ ਫ਼ੌਜੀ ਤੋਂ ਲਿਆ ਕੇ ਖਾਧੀ ਹੋਈ, ਫ਼ੇਰ ਤਾਂ ਨ੍ਹੀ ਗੱਲ ਬਣਨੀ ਨਾਥਾ ਸਿਉਂ ਦੀ, ਤੇ ਜੇ ਕਿਤੇ ਲੰਡੇ ਭੰਮਿਆਂ ਆਲੇ ਵਜੀਰੇ ਤੋਂ ਲਿਆਂਦੀ ਹੋਈ, ਫ਼ੇਰ ਬਾਬੇ ਨੂੰ ਪਹਿਲੇ ਹੱਥ ਈ ਇਉਂ ਢਾਹ ਲੈਣਾ ਜਿਮੇਂ ਗਾਜਰਾਂ ਦੀ ਬੋਰੀ ਢੇਰੀ ਕਰ ਦੇਈਦੀ ਹੁੰਦੀ ਐ।”
ਸੱਥ ‘ਚ ਬੈਠਾ ਅਖਬਾਰ ਪੜ੍ਹੀ ਜਾਂਦਾ ਬਹਾਦਰ ਮਾਸਟਰ ਬੁੱਘਰ ਦਖਾਣ ਨੂੰ ਕਹਿੰਦਾ, ”ਇਨ੍ਹਾਂ ਦੋਨਾਂ ਦੇ ਮਾਲ ‘ਚ ਕੀ ਫਰਕ ਐ ਬੁੱਘਰ ਸਿਆਂ ਜਿੰਨ੍ਹਾਂ ਦਾ ਤੂੰ ਨਾਂਅ ਲਿਆ?”
ਬੁੱਘਰ ਕਹਿੰਦਾ, ”ਲੰਡੇ ਭੰਮਿਆਂ ਆਲਾ ਵਜੀਰਾ ਤਾਂ ਖਰੀ ਦੁੱਧ ਅਰਗੀ ਦਿੰਦਾ, ਰੁਲਦੂ ਫ਼ੌਜੀ ਪੈਂਸੇ ਵੀ ਵੱਧ ਲੈ ਜਾਂਦਾ ਤੇ ਮਾਲ ਵੀ ਘਟੀਆ ਦਿੰਦੈ।”
ਸੁਰਜਨ ਬੁੜ੍ਹਾ ਕਹਿੰਦਾ, ”ਕੋਈ ਚੱਜ ਦੀ ਗੱਲ ਕਰ ਲੋ ਯਾਰ। ਸੋਨੂੰ ਹੋਰ ਕੋਈ ਗੱਲ ਨ੍ਹੀ ਆਉਂਦੀ। ਆਹ ਪਰਸੋਂ ਚੌਥੇ ਨੂੰ ਓਧਰਲੇ ਗੁਆੜ ਆਲਿਆਂ ਨੇ ਚੌਲਾਂ ਦਾ ਜੱਗ ਕਰਨੈ ਨਾਲੇ ਸੁਣਿਐ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਉਣੀ ਐ। ਆਪਣੇ ਗੁਆੜ ਆਲਿਆਂ ਨੂੰ ਵੀ ਕਹੋ ਕਿ ਕੁਸ ਨਾ ਕੁਸ ਆਪਾਂ ਵੀ ਕਰੀਏ।”
ਠੰਢੇ ਮਿੱਠੇ ਪਾਣੀ ਦੀ ਛਬੀਲ ਵਾਲੀ ਗੱਲ ਸੁਣਕੇ ਸੰਤੋਖਾ ਬੁੜ੍ਹਾ ਕਹਿੰਦਾ, ”ਇਹ ਤਾਂ ਠੀਕ ਐ ਸੋਡੀ ਗੱਲ, ਪਰ ਇਉਂ ਵੀ ਵੇਖੋ ਬਈ ਅੱਧਿਓਂ ਬਾਹਲੇ ਪਿੰਡ ਨੂੰ ਤਾਂ ਪਹਿਲਾਂ ਈ ਸੂਗਰ ਹੋਈ ਪਈ ਐ, ਆਹ ਮਿੱਠੇ ਚੌਲ ਤੇ ਠੰਢੇ ਮਿੱਠੇ ਪਾਣੀ ਦੀ ਛਬੀਲ ਲਾ ਕੇ ਜਿਹੜੇ ਚਾਰ ਘਰ ਬਚੇ ਐ ਉਨ੍ਹਾਂ ਨੂੰ ਵੀ ਸੂਗਰ ਕਰ ਦਿਓਂਗੇ। ਰਹਿ ਨਾ ਜਾਵੇ ਕੋਈ ਬਿਨਾਂ ਸੂਗਰ ਤੋਂ ਪਿੰਡ ‘ਚ। ਓਏ ਪਤੰਦਰੋ! ਚਾਰ ਦਮੜੇ ‘ਕੱਠੇ ਕਰ ਕੇ ਕਿਸੇ ਗਰੀਬ ਦੀ ਕੁੜੀ ਦੇ ਹੱਥ ਪੀਲੇ ਕਰ ਦਿਉ। ਕਿਸੇ ਗਰੀਬ ਨੂੰ ਤਨ ਢਕਣ ਵਾਸਤੇ ਕੋਈ ਝੱਗਾ ਚੁੰਨੀ ਲੈ ਦਿਉ। ਗਰੀਬਾਂ ਦੇ ਜੁਆਕਾਂ ਦੇ ਕੋਈ ਜੁੱਤੀ ਜੋੜਾ ਪੁਆ ਦਿਉ।”
ਸੰਤੋਖੇ ਬੁੜ੍ਹੇ ਦੀ ਗੱਲ ਸੁਣ ਕੇ ਨਾਥਾ ਅਮਲੀ ਵੀ ਸ਼ੇਰ ਬਣ ਗਿਆ। ਸੰਤੋਖੇ ਬੁੜ੍ਹੇ ਦੇ ਗੋਡੇ ਨੂੰ ਟੋਹ ਕੇ ਕਹਿੰਦਾ, ”ਜਿਹੜੀ ਗੱਲ ਬੁੜ੍ਹਿਆ ਤੂੰ ਕਰਦੈਂ, ਉਹੋ ਜੀਆਂ ਗੱਲਾਂ ਤਾਂ ਇਨ੍ਹਾਂ ਦੇ ਉੱਤੋਂ ਦੀ ਲੰਘ ਜਾਂਦੀਆਂ ਨੇ। ਕੰਮ ਦੀਆਂ ਗੱਲਾਂ ਘੱਟ ਤੇ ਘੜੰਮ ਦੀਆਂ ਬਾਹਲ਼ੀਆਂ ਕਰਦੇ ਐ।”
ਮਾਹਲਾ ਨੰਬਰਦਾਰ ਗੱਲ ਬਦਲਦਾ ਨਾਥੇ ਅਮਲੀ ਨੂੰ ਕਹਿੰਦਾ, ”ਕਿਉਂ ਨਾਥਾ ਸਿਆਂ! ਕਹਿੰਦੇ ਆਪਣੇ ਪਿੰਡ ‘ਚ ਵਜਵਾੜਾਂ ਆਲੇ ਖੇਤਾਂ ‘ਚ ਬਲਾ ਬਾਹਲੇ ਫ਼ੌਜੀ ਉੱਤਰ ਆਏ ਐ। ਉਨ੍ਹਾਂ ਦੀ ਕੋਈ ਗੱਲ ਨ੍ਹੀ ਸੁਣੀ?”
ਨਾਥਾ ਅਮਲੀ ਟਿੱਚਰ ‘ਚ ਕਹਿੰਦਾ, ”ਤਿੰਨ ਚਾਰ ਦਿਨ ਹੋ ਗਏ, ਕਹਿੰਦੇ ਪਾਕਸਤਾਨ ਆਲੇ ਤਾਂ ਆਵਦਾ ਕੋਈ ਦਿਨ ਤਿਹਾਰ ਮਨਾਉਂਦੇ ਸੀ। ਉਹ ਪਟਾਕੇ ਪਟੂਕੇ ਚਲਾ ਕੇ ਖੁਸ਼ੀ ਮਨਾਉਂਦੇ ਸੀ, ਇਹ ਆਪਣੇ ਆਲੇ ਪਤੰਦਰ ਡਰਦੇ ਈ ਭੱਜੇ ਆਏ ਬਈ ਏਥੇ ਤਾਂ ਤੋਪਾਂ ਚੱਲ ਪੀਆਂ। ਡਰਦੇ ਆਪਣੇ ਪਿੰਡ ਆ ਕੇ ਬਹਿ ਗੇ। ਲੈ ਦੱਸ ਬਾਬਾ! ਏਥੇ ਲੁਕਣ ਨਾਲ ਇਹ ਬਚ ਜਾਣਗੇ। ਨਾਲੇ ਹੈ ਵੀ ਗੋਰਖੇ ਜੇ। ਕੋਈ ਪੱਗ ਆਲਾ ਸਰਦਾਰ ਤਾਂ ਹੈ ਨ੍ਹੀ ਉਨ੍ਹਾਂ ‘ਚ। ਇਹ ਗੋਰਖੇ ਜੇ ਤਾਂ ਪਹਿਲਾਂ ਈ ਡਰਪੋਕ ਹੁੰਦੇ ਐ, ਫ਼ੌਜ ‘ਚ ਕਿੱਥੋਂ ਇਹ ਕਿੱਲ੍ਹਾ ਢਾਹ ਦੇਣਗੇ। ਕਹਿੰਦਾ ਕੇਰਾਂ ਭਰਤੀ ਹੋਣ ਲੱਗਪੀ। ਚਾਰ ਪੰਜ ਹਜਾਰ ਬੰਦਾ ਭਰਤੀ ਹੋਣ ਪਹੁੰਚ ਗਿਆ। ਫ਼ੌਜ ਆਲਿਆਂ ਨੇ ਛਾਂਟਣੇ ਸ਼ੁਰੂ ਕਰ ‘ਤੇ। ਪਹਿਲਾਂ ਤਾਂ ਉਨ੍ਹਾਂ ਨੇ ਪੜ੍ਹਾਈ ਆਲੇ ਸਰਟੀਫ਼ਿਟਕ ਵੇਖੇ। ਹੋਰ ਕਾਤਕ ਪੱਤਰ ਵੇਖਿਆ। ਅੱਧੇ ਤਾਂ ਉਦੋਂ ਕੱਢ ‘ਤੇ। ਬਾਕੀ ਦੇ ਅੱਧਿਆਂ ਨੂੰ ਤੋਪ ਦੇ ਮੂਹਰ ਖੜ੍ਹਾ ਕੇ ਫ਼ੌਜ ਦੇ ਅਫ਼ਸਰ ਬੋਲੇ ‘ਲਉ ਬਈ ਅਸੀਂ ਸੋਡੇ ਉੱਤੋਂ ਦੀ ਦੋ ਗੋਲੇ ਦਾਗਣੇ ਐ। ਤੁਸੀਂ ਦੱਸਿਓ ਉਹ ਕਿੰਨੀ ਸ਼ਪੀਟ ਨਾਲ ਸੋਡੋ ਉੱਤੋਂ ਦੀ ਨੰਘਣਗੇ’। ਇਹ ਗੱਲ ਕਹਿਕੇ ਫ਼ੌਜੀ ਅਫ਼ਸਰ ਫ਼ੇਰ ਬੋਲਿਆ ‘ਆਪੋ ਆਪਣੀਆਂ ਪੈਂਟਾਂ ਲਾਹ ਕੇ ਜਿੱਥੇ ਖੜ੍ਹੇ ਹੋ, ਓੱਥੋਂ ਪਾਸੇ ਰੱਖ ਦੇਵੋ’। ਜਦੋਂ ਬਾਬਾ ਉਹ ਪੈਂਟਾਂ ਲਾਹ ਕੇ ਪਾਸੇ ਰੱਖਣ ਲੱਗੇ ਤਾਂ ਜਿਹੜੇ ਕਮਜੋਰ ਦਿਲ ਦੇ ਭਰਤੀ ਹੋਣ ਗਏ ਸੀ, ਉਨ੍ਹਾਂ ਦੀਆਂ ਪੈਂਟਾਂ ਤਾਂ ਤੋਪ ਦਾ ਗੋਲਾ ਚੱਲਣ ਤੋਂ ਪਹਿਲਾਂ ਈ ਲਿੱਬੜ ਗੀਆਂ। ਉਹ ਤਾਂ ਬਾਬਾ ਕੱਢ ‘ਤੇ ਬਾਹਰ। ਬਾਹਰ ਨਿੱਕਲਣ ਆਲੇ ਬਾਹਲੇ ਸੀ, ਤੋਪ ਮੂਹਰੇ ਖੜ੍ਹਣ ਆਲੇ ਥੋੜ੍ਹੇ ਰਹਿਗੇ। ਇਹ ਜਿਹੜੇ ਹੁਣ ਆਪਣੇ ਪਿੰਡ ‘ਚ ਆ ਕੇ ਲੁੱਕਦੇ ਫ਼ਿਰਦੇ ਐ ਇਹ ਉਨ੍ਹਾਂ ਪੈਂਟਾਂ ਆਲਿਆਂ ‘ਚੋਂ ਲਗਦੇ ਐ। ਬਾਕੀ ਆਹ ਹਾਕਮ ਫ਼ੌਜੀ ਬੈਠਾ ਇਹਨੂੰ ਪੁੱਛ ਲੈਨੇ ਆਂ ਬਈ ਫ਼ੌਜੀਆ ਇਉਂ ਈ ਐ ਕੁ ਨਹੀਂ?”
ਬਾਬਾ ਰਤਨ ਸਿਉਂ ਨਾਥੇ ਅਮਲੀ ਨੂੰ ਘੂਰਦਾ ਬੋਲਿਆ, ”ਚੁੱਪ ਨ੍ਹੀ ਕਰਦਾ ਓਏ, ਸਾਰੀ ਦਿਹਾੜੀ ਚਬਰ ਚਬਰ ਈ ਕਰਦਾ ਰਹਿੰਨੈਂ। ਕੋਈ ਕਬੀਲਦਾਰੀ ਦੀ ਗੱਲ ਵੀ ਕਰ ਲੈ ਕਦੇ। ਉੱਘ ਦੀਆਂ ਪਤਾਲ ਮਾਰਨ ਤੋਂ ਬਿਨਾਂ ਤੈਨੂੰ ਕੋਈ ਹੋਰ ਕੰਮ ਨ੍ਹੀ ਓਏ।”
ਬਾਬੇ ਨੂੰ ਹਰਖਿਆ ਵੇਖ ਕੇ ਸੀਤਾ ਮਰਾਸੀ ਬਾਬੇ ਨੂੰ ਟਿੱਚਰ ‘ਚ ਬੋਲਿਆ, ”ਮੈਨੂੰ ਤਾਂ ਲੱਗਦਾ ਬਾਬਾ ਜਿਮੇਂ ਤੂੰ ਵੀ ਫ਼ੌਜੀ ਰਿਹਾ ਹੁੰਨੈਂ ਜਿਹੜਾ ਫ਼ੌਜੀਆਂ ਦੀ ਗੱਲ ਸੁਣ ਕੇ ਅੱਗ ਦਾ ਭੰਬੂਕਾ ਬਣ ਗਿਐਂ ਕੁ ਨਹੀਂ?”
ਨਾਥਾ ਅਮਲੀ ਕਹਿੰਦਾ, ”ਜੇ ਬਾਬਾ ਫ਼ੌਜ ‘ਚ ਰਿਹਾ ਹੁੰਦਾ ਤਾਂ ਫ਼ੌਜੀਆਂ ਨੂੰ ਵੇਖ ਕੇ ਖੇਤੋਂ ਕਾਹਤੋਂ ਭਜਦਾ ਜਿਹੜੇ ਇਨ੍ਹਾਂ ਦੇ ਖੇਤ ਕੋਲ ਆ ਕੇ ਬੈਠੇ ਆ।”
ਪ੍ਰਤਾਪੇ ਭਾਊ ਨੇ ਪੁੱਛਿਆ, ”ਉਨ੍ਹਾਂ ਨੂੰ ਵੇਖ ਕੇ ਕਿਮੇਂ ਭੱਜਿਆ ਇਹੇ ਬਈ?”
ਅਮਲੀ ਕਹਿੰਦਾ, ”ਅੱਗੇ ਇਹ ਉਧਰਲੇ ਖੇਤਾਂ ਵੱਲ ਈ ਜੰਗਲ ਪਾਣੀ ਜਾਂਦਾ ਹੁੰਦਾ ਸੀ, ਜਿੱਦਣ ਦੇ ਫ਼ੌਜੀ ਓਧਰ ਉਤਰੇ ਵੇ ਐ, ਬਾਬਾ ਜੰਗਲ ਪਾਣੀਓਂ ਈ ਨ੍ਹੀ ਗਿਆ ਕਦੇ।”
ਸੀਤੇ ਮਰਾਸੀ ਨੇ ਅਮਲੀ ਨੂੰ ਟਿੱਚਰ ‘ਚ ਪੁੱਛਿਆ, ”ਜਮ੍ਹਾਂ ਈ ਨ੍ਹੀ ਗਿਆ ਕੁ ਓਧਰਲੇ ਪਾਸੇ ਨ੍ਹੀ ਗਿਆ?”
ਅਮਲੀ ਕਹਿੰਦਾ, ”ਓਧਰ ਨ੍ਹੀ ਗਿਆ। ਜਾਂਦਾ ਤਾਂ ਹੈਗਾ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਫ਼ੌਜ ਦੀਆਂ ਅੱਠ ਦਸ ਹੋਰ ਗੱਡੀਆਂ ਜਿਉਂ ਹੀ ਪਿੰਡ ਦੇ ਬਾਹਰੇ ਪਾਸੇ ਨਿਆਈਆਂ ‘ਚ ਆ ਖੜ੍ਹੀਆਂ ਤਾਂ ਮਾਘੀ ਕੇ ਚੰਨੇ ਨੇ ਸੱਥ ‘ਚ ਆ ਕੇ ਦੱਸਿਆ ਬਈ ਆਪਣੇ ਪਿੰਡ ਦੀਆਂ ਨਿਆਈਆਂ ‘ਚ ਹੋਰ ਵੀ ਫ਼ੌਜੀ ਆ ਗੇ ਬਈ। ਨਿਆਈਆਂ ‘ਚ ਉਤਰੇ ਫ਼ੌਜੀਆਂ ਨੂੰ ਵੇਖਣ ਲਈ ਸਾਰੇ ਸੱਥ ਵਾਲੇ ਸੱਥ ‘ਚੋਂ ਉੱਠ ਕੇ ਨਿਆਈਆਂ ਵੱਲ ਨੂੰ ਚੱਲ ਪਏ।