ਰਾਏਪੁਰ – ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲੇ ਵਿਚ ਨਕਸਲੀਆਂ ਵਲੋਂ 2 ਬੱਸਾਂ ਨੂੰ ਅੱਗ ਲਾਉਣ ਅਤੇ ਇਕ ਵਿਅਕਤੀ ਦੀ ਹੱਤਿਆ ਕਰਨ ਦੀ ਖਬਰ ਹੈ। ਸੁਕਮਾ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਮੰਗਲਵਾਰ ‘ਭਾਸ਼ਾ’ ਨੂੰ ਫੋਨ ‘ਤੇ ਦੱਸਿਆ ਕਿ ਜ਼ਿਲੇ ਦੇ 2 ਵੱਖ-ਵੱਖ ਇਲਾਕਿਆਂ ‘ਚ ਨਕਸਲੀਆਂ ਵਲੋਂ 2 ਬੱਸਾਂ ਨੂੰ ਸਾੜਿਆ ਗਿਆ ਅਤੇ ਇਕ ਵਿਅਕਤੀ ਦੀ ਹੱਤਿਆ ਕੀਤੀ ਗਈ। ਦੋਵੇਂ ਖੇਤਰ ਕੋਂਟਾ ਤੋਂ ਸੁਕਮਾ ਨੂੰ ਜਾਂਦੀ ਸੜਕ ‘ਤੇ ਹਨ। ਇਕ ਬੱਸ ਜਗਦਲਪੁਰ ਤੋਂ ਹੈਦਰਾਬਾਦ ਅਤੇ ਦੂਜੀ ਮਲਕਾਨਗਿਰੀ ਤੋਂ ਹੈਦਰਾਬਾਦ ਵਲ ਜਾ ਰਹੀ ਸੀ। ਨਕਸਲੀਆਂ ਨੇ ਦੋਵਾਂ ਬੱਸਾਂ ਨੂੰ ਰੋਕ ਕੇ ਮੁਸਾਫਰਾਂ ਨੂੰ ਬਾਹਰ ਕੱਢ ਕੇ ਬੱਸਾਂ ਨੂੰ ਅੱਗ ਲਾ ਦਿੱਤੀ।
ਨਕਸਲੀਆਂ ਨੇ ਇਕ ਟੱਰਕ ਵੀ ਸਾੜ ਦਿੱਤਾ। ਸੂਚਨਾ ਮਿਲਣ ‘ਤੇ ਪੁਲਸ ਦੇ ਜਵਾਨ ਮੌਕੇ ‘ਤੇ ਭੇਜੇ ਗਏ। ਕੁਝ ਦਿਨ ਪਹਿਲਾਂ ਹੀ ਬੀਜਾਪੁਰ ਜ਼ਿਲੇ ‘ਚ 10 ਨਕਸਲੀਆਂ ਨੂੰ ਢੇਰ ਕਰ ਦਿੱਤਾ ਗਿਆ ਸੀ।