ਜਿਉਂ ਹੀ ਬਾਬਾ ਹਰੀ ਸਿਉਂ ਸੱਥ ‘ਚ ਆਇਆ ਤਾਂ ਤਾਸ਼ ਖੇਡੀ ਜਾਂਦੀ ਢਾਣੀ ਕੋਲ ਤਾਸ਼ ਦੀ ਬਾਜੀ ਵੇਖੀ ਜਾਂਦਾ ਗੱਲ ਚੱਕਣਿਆਂ ਦਾ ਬਿੱਲੂ ਬਾਬੇ ਹਰੀ ਸਿਉਂ ਨੂੰ ਕਹਿੰਦਾ, ”ਬਲ਼ਾ ਬਾਹਲ਼ੇ ਦਿਨਾਂ ਮਗਰੋਂ ਸੱਥ ‘ਚ ਆਇਐਂ ਬਾਬਾ, ਕੀ ਗੱਲ ਕਿਤੇ ਲਾਮ੍ਹ ਲੂਮ੍ਹ ਨੂੰ ਗਿਆ ਵਿਆ ਸੀ?”
ਤਾਸ਼ ਖੇਡੀ ਜਾਂਦਾ ਬਿਸ਼ਨੇ ਭਾਨੇ ਕਾ ਤੋਗਾ ਚਿੜੀਏ ਦੇ ਯੱਕੇ ਦੀ ਦੂਹਰੀ ਸਰ ਚੁੱਕ ਕੇ ਕਹਿੰਦਾ, ”ਹੁਣ ਬਾਬੇ ਦੀ ਪਾਲਟੀ ਦੀ ਸਰਕਾਰ ਬਣਗੀ, ਨਾਲੇ ਬਾਬੇ ਦੀ ਪਾਲਟੀ ਦਾ ਆਪਣੇ ਪਿੰਡ ਆਲਾ ਐਲ ਬਲੇਲੇ ਚੰਨਣ ਸਿਉਂ ਵੱਡਾ ਮੰਤਰੀ ਬਣ ਗਿਆ, ਹੁਣ ਨ੍ਹੀ ਬਾਬਾ ਕਿਸੇ ਨੂੰ ਸਿਆਣਦਾ। ਹੁਣ ਤਾਂ ਘੱਟ ਈ ਸੱਥ ਆਇਆ ਕਰੂ।”
ਨਾਥਾ ਅਮਲੀ ਤੋਗੇ ਦੀ ਗੱਲ ਸੁਣ ਕੇ ਟਿੱਚਰ ‘ਚ ਕਹਿੰਦਾ, ”ਕਿਉਂ! ਹੁਣ ਕੀ ਐਲ ਬਲੈਲੇ ਨੇ ਬਾਬੇ ਨੂੰ ਆਵਦਾ ਮੁਨਸ਼ੀ ਲਾ ਲਿਆ। ਇਨ੍ਹਾਂ ਲੀਡਰਾਂ ਲੂਡਰਾਂ ਦਾ ਤਾਂ ਵੋਟਾਂ ਲੈਣ ਤੱਕ ਈ ਮਤਲਬ ਹੁੰਦੈ, ਪਿੱਛੋਂ ਤੂੰ ਕੌਣ ਤੇ ਮੈਂ ਕੌਣ। ਇਉਂ ਚੰਨਣ ਨੇ ਨਾ ਕੀਤੀ ਤਾਂ ਕਹਿ ਦਿਉ।”
ਸੀਤਾ ਮਰਾਸੀ ਨਾਥੇ ਅਮਲੀ ਦੀ ਮੁਨਸ਼ੀ ਵਾਲੀ ਗੱਲ ਤੋਂ ਗੱਲ ਚੁੱਕ ਕੇ ਬੋਲਿਆ, ”ਮੁਨਸ਼ੀ ਤਾਂ ਅਮਲੀਆ ਇੱਟਾਂ ਆਲੇ ਭੱਠੇ ਦੇ ਕਰਿੰਦੇ ਨੂੰ ਕਹਿੰਦੇ ਹੁੰਦੇ ਐ ਜਿਹਨੂੰ ਸਾਰੀ ਜੁੰਮੇਵਾਰੀ ਸੰਭਾਈ ਹੁੰਦੀ ਐ, ਨਾਲੇ ਉਹ ਤਾਂ ਯਾਰ ਆਹ ਜਿਹੜੇ ਰਾਜਸਥਾਨੀ ਜੇ ਹੁੰਦੇ ਐ ਉਨ੍ਹਾਂ ‘ਚੋਂ ਹੁੰਦੇ ਐ, ਤੂੰ ਬਾਬੇ ਨੂੰ ਮੁਨਸ਼ੀ ਬਣਾਈ ਜਾਨੈ। ਨਾਲੇ ਬਾਬਾ ਆਪਣਾ ਕਿਤੇ ਮੁਨਸ਼ੀਪੁਣੇ ਜੋਗਾ ਈ ਐ। ਆਹ ਦੇਸੀ ਦਾਰੂ ਬਾਬਾ ਸਿਰੇ ਦੀ ਕੱਢ ਲੈਂਦਾ। ਹੁਣ ਤਾਂ ਪਤਾ ਨ੍ਹੀ ਪਹਿਲਾਂ ਤਾਂ ਬਾਬੇ ਦੇ ਖੇਤ ਭੱਠੀ ਇਉਂ ਚੜ੍ਹੀ ਰਹਿੰਦੀ ਸੀ ਜਿਮੇਂ ਵਿਆਹ ਆਲੇ ਘਰੇ ਹਲਵਾਈ ਭੱਠੀ ਪਾ ਕੇ ਬੈਠ ਜਾਂਦਾ ਹੁੰਦੈ।”
ਸੁਰਜਨ ਬੁੜ੍ਹੇ ਨੇ ਸੀਤੇ ਮਰਾਸੀ ਦੀ ਗੱਲ ਸੁਣ ਕੇ ਮਰਾਸੀ ਨੂੰ ਪੁੱਛਿਆ, ”ਕਿਉਂ ਮੀਰ! ਹੁਣ ਤਾਂ ਫ਼ੇਰ ਬਾਬਾ ਤੇਰਾ ਹਰੀ ਸਿਉਂ ਬਾਹਰਲੇ ਮੁਲਖ ਵੀ ਜਾ ਈ ਆਊ ਮੰਤਰੀ ਨਾਲ ਕੁ ਨਹੀਂ?”
ਸੁਰਜਨ ਬੁੜ੍ਹੇ ਦੀ ਗੱਲ ਦਾ ਜਵਾਬ ਦੇਣ ਤੋਂ ਸੀਤਾ ਮਰਾਸੀ ਤਾਂ ਪਛੜ ਗਿਆ, ਪਰ ਨਾਥਾ ਅਮਲੀ ਪੈਂਦੀ ਸੱਟ ਕਹਿੰਦਾ, ”ਬਾਬਾ ਵੀ ਮੰਤਰੀ ਦੇ ਨਾਲ ਤਾਂ ਈ ਬਾਹਰਲੇ ਮੁਲਖ ਜਾਊ ਜੇ ਮੰਤਰੀ ਨੂੰ ਦੌਰਾ ਦੂਰਾ ਪਊ। ਦੌਰਾ ਮੰਤਰੀ ਨੂੰ ਪੈਣਾ ਨ੍ਹੀ, ਮੰਤਰੀ ਨੇ ਬਾਹਰ ਜਾਣਾ ਨ੍ਹੀ। ਜੇ ਮੰਤਰੀਓ ਈ ਨਾ ਬਾਹਰ ਗਿਆ ਤਾਂ ਬਾਬਾ ਕਿਹੜੇ ਗਰੜ ਭੰਮੀਰੇ ‘ਤੇ ਚੜ੍ਹ ਕੇ ਜਾ ਵੜੂ ਬਈ। ਬਾਕੀ ਫ਼ੇਰ ਵੇਖੋ ਭਾਈ ਕੀ ਬਣਦੈ। ਰੱਬ ਦੇ ਰੰਗ ਵੀ ਨਿਆਰੇ ਈ ਹੁੰਦੇ ਐ।”
ਅਮਲੀ ਦੀ ਗੱਲ ਸੁਣ ਕੇ ਬਾਬਾ ਹਰੀ ਸਿਉਂ ਨਾਥੇ ਅਮਲੀ ਨੂੰ ਕਹਿੰਦਾ, ”ਕਿਉਂ ਅਮਲੀਆ! ਮੰਤਰੀ ਸੰਤਰੀ ਤੋਂ ਬਿਨਾਂ ਮੈਂ ਕਿਉਂ ਨ੍ਹੀ ਬਾਹਰ ਜਾ ਸਕਦਾ ਬਈ?”
ਨਾਥਾ ਅਮਲੀ ਕਹਿੰਦਾ, ”ਇਉਂ ਨ੍ਹੀ ਗੱਲ ਬਾਬਾ ਬਈ ਤੂੰ ਬਾਹਰਲੇ ਮੁਲਖ ਜਾ ਨ੍ਹੀ ਸਕਦਾ, ਮੈਂ ਤਾਂ ਇਉਂ ਗੱਲ ਕਰਦਾਂ ਬਈ ਜੇ ਮੰਤਰੀ ਨੂੰ ਦੌਰਾ ਦੂਰਾ ਪਊ, ਫ਼ੇਰ ਈ ਬਾਹਰ ਜਾਊ। ਹੋਰ ਕੀ ਮੈਂ ਸਾਕ ‘ਚ ਭਾਨੀ ਮਾਰ ‘ਤੀ।”
ਬਾਬਾ ਹਰੀ ਸਿਉਂ ਕਹਿੰਦਾ, ”ਮੈਂ ਸਮਝਿਆ ਨ੍ਹੀ ਨਾਥਾ ਸਿਆਂ ਤੇਰੀ ਗੱਲ ਯਾਰ ਬਈ ਕਿਹੜੇ ਟੇਸ਼ਨ ਤੋਂ ਬੋਲ ਗਿਐਂ ਤੂੰ?”
ਮਾਹਲਾ ਨੰਬਰਦਾਰ ਨਾਥੇ ਅਮਲੀ ਦੀ ਬਾਂਹ ਝੰਜੋੜ ਕੇ ਅਮਲੀ ਨੂੰ ਕਹਿੰਦਾ, ”ਸਿੱਧੇ ਮੂੰਹ ਗੱਲ ਕਰ ਖਾਂ ਅਮਲੀਆ ਓਏ, ਵਲ ਵਿੰਗ ਜੇ ਕਿਉਂ ਪਾਈ ਜਾਨੈਂ। ਕੀ ਪੁੱਛਦਾ ਹਰੀ ਸਿਉਂ ਬਈ ਮੰਤਰੀ ਦੇ ਦੌਰੇ ਆਲੀ ਕੀ ਗੱਲ ਐ?”
ਨਾਥਾ ਅਮਲੀ ਕਹਿੰਦਾ, ”ਮੈਂ ਤਾਂ ਨੰਬਰਦਾਰਾ ਇਉਂ ਗੱਲ ਕਰਦਾ ਬਈ ਬਾਹਰਲੇ ਮੁਲਖਾਂ ਦੇ ਮੰਤਰੀ ਸੰਤਰੀ ਤਾਂ ਆਪਣੇ ਮੁਲਖ ‘ਚ ਦੌਰੇ ਕਰਨ ਆਉਂਦੇ ਐ, ਕਦੇ ਮਰੀਕੇ ਆਲੇ ਆ ਗੇ। ਕਦੇ ਗਲੈਂਡ ਆਲੇ ਆ ਗੇ। ਆਹ ਕਈ ਦਿਨ ਹੋ ਗੇ ਕਨੇਡਾ ਆਲਾ ਸਾਰਿਆਂ ਤੋਂ ਵੱਡਾ ਮੰਤਰੀ ਦੌਰਾ ਕਰ ਗਿਆ। ਇਹ ਜਿਹੜੇ ਆਪਣੇ ਆਲੇ ਮੰਤਰੀ ਸੰਤਰੀ ਜੇ ਐ, ਇਹ ਉਦੋਂ ਬਾਹਰ ਨੂੰ ਭੱਜਣਗੇ ਜਦੋਂ ਇਨ੍ਹਾਂ ਨੂੰ ਆਪ ਨੂੰ ਦੌਰੇ ਪੈਂਦੇ ਐ। ਬਾਹਰਲੇ ਤਾਂ ਇੱਧਰ ਦੌਰੇ ‘ਤੇ ਆਉਂਦੇ ਐ, ਇਹ ਆਪਣੇ ਆਲੇ ਬਾਹਰ ਨੂੰ ਦੌਰੇ ਪੈਣ ਵੇਲੇ ਭੱਜਦੇ ਐ। ਆਹ ਗੱਲ ਐ ਨੰਬਰਦਾਰਾ। ਹੋਰ ਤਾਂ ਕੁਸ ਨ੍ਹੀ।”
ਬੁੱਘਰ ਦਖਾਣ ਕਹਿੰਦਾ, ”ਇਹਦਾ ਤਾਂ ਮਤਲਬ ਇਹੋ ਈ ਹੋਇਆ ਬਈ ਜਦੋਂ ਮੰਤਰੀ ਨੂੰ ਦੌਰਾ ਪਿਆ ਫ਼ੇਰ ਈ ਬਾਹਰ ਜਾਊ, ਹੈਂਅ।”
ਪ੍ਰਤਾਪਾ ਭਾਊ ਕਹਿੰਦਾ, ”ਦੌਰਾ ਤਾਂ ਇਹਨੂੰ ਪਿਆ ਈ ਲੈ। ਜਾਂ ਤਾਂ ਬਹੁਤੀ ਖੁਸ਼ੀ ‘ਚ ਦੌਰਾ ਪੈਂਦਾ ਹੁੰਦਾ ਬੰਦੇ ਨੂੰ, ਜਾਂ ਫ਼ਿਰ ਬਹੁਤੀ ਗਮੀ ‘ਚ।”
ਸੀਤਾ ਮਰਾਸੀ ਕਹਿੰਦਾ, ”ਹੁਣ ਫ਼ਿਰ ਮੰਤਰੀ ਬਣੇ ਦੀ ਖੁਸ਼ੀ ਤਾਂ ਇਹਨੂੰ ਬਹੁਤ ਐ, ਪਰ ਹਜੇ ਤਕ ਕੋਈ ਗੱਲ ਬਾਤ ਤਾਂ ਦੀਂਹਦੀ ਨ੍ਹੀ।”
ਨਾਥਾ ਅਮਲੀ ਕਹਿੰਦਾ, ”ਇਹਨੂੰ ਨੂੰ ਨ੍ਹੀ ਦੌਰਾ ਦੂਰਾ ਪੈਂਦਾ।”
ਬਾਬਾ ਹਰੀ ਸਿਉਂ ਕਹਿੰਦਾ, ”ਕਿਉਂ ਇਹਦੇ ਕੀ ਬਿੱਲ ਬਤੌਰੇ ਪੁੰਨ ਕੀਤੇ ਐ ਬਈ ਇਹਨੂੰ ਦੌਰਾ ਨ੍ਹੀ ਪੈਂਦਾ।”
ਨਾਥਾ ਅਮਲੀ ਕਹਿੰਦਾ, ”ਇਹਨੂੰ ਤਾਂ ਓਦੋਂ ਨ੍ਹੀ ਦੌਰਾ ਪਿਆ ਬਾਬਾ ਜਦੋਂ ਬੀਕਾਨੇਰ ਆਲੇ ਟੇਸ਼ਨ ‘ਤੇ ਆਵਦੀ ਬਹੂ ਈ ਵਟਾ ਲਿਆਇਆ ਸੀ। ਐਨਾਂ ਤਾਂ ਜਰੂਰ ਐ ਬਈ ਚਾਰ ਪੰਜ ਦਿਨ ਘਰੇ ਟੱਬਰ ‘ਚ ਕਿਸੇ ਦੇ ਰੋਟੀ ਜਰੂਰ ਨ੍ਹੀ ਨੰਘੀ ਬਈ ਆਹ ਕੀ ਹੋ ਗਿਆ।”
ਬਾਬੇ ਹਰੀ ਸਿਉਂ ਨੇ ਹੈਰਾਨੀ ਨਾਲ ਪੁੱਛਿਆ, ”ਹੈਂਅ-ਹੈਂਅ ! ਅਮਲੀਆ ਇਹ ਕੀ ਗੱਲ ਓਏ?”
ਬਾਬੇ ਹਰੀ ਸਿਉਂ ਨੂੰ ਭਾਵੇਂ ਚੰਨਣ ਸਿਉਂ ਦੀ ਬਹੂ ਵਟਾਉਣ ਵਾਲੀ ਸਾਰੀ ਗੱਲ ਦਾ ਚੰਗੀ ਤਰਾਂ ਪਤਾ ਸੀ ਪਰ ਫ਼ਿਰ ਵੀ ਮਚਲਾ ਹੋਇਆ ਬਾਬਾ ਹਰੀ ਸਿਉਂ ਚੰਨਣ ਸਿਉਂ ਦੀ ਬਹੂ ਵਟ ਜਾਣ ਵਾਲੀ ਗੱਲ ਨਾਥੇ ਅਮਲੀ ਦੇ ਮੂੰਹੋਂ ਹੀ ਸੁਣਨੀ ਚਾਹੁੰਦਾ ਸੀ ਕਿਉਂਕਿ ਅਮਲੀ ਹਰੇਕ ਗੱਲ ਨੂੰ ਮਸਾਲਾ ਲਾ ਕੇ ਸਣਾਉਣ ‘ਚ ਮਾਹਰ ਸੀ। ਇੱਕ ਗੱਲ ਨਾਲ ਮਸਾਲਾ ਲਾ ਕੇ ਜਦੋਂ ਵੀ ਨਾਥਾ ਅਮਲੀ ਕੋਈ ਗੱਲ ਸਣਾਉਂਦਾ ਤਾਂ ਸਾਰੀ ਸੱਥ ਅਮਲੀ ਦੀਆਂ ਗੱਲ ਇਉਂ ਸੁਣਦੀ ਜਿਮੇਂ ਪੁਸ਼ਕਰ ਦੇ ਮੇਲੇ ‘ਚ ਬਾਗੜੀਏ ਰਾਜਸਥਾਨੀ ਗਾਉਣ ਸੁਣਦੇ ਹੋਣ।
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, ”ਚੱਕ ਦੇ ਫ਼ਿਰ ਰੇਸ ਹੁਣ।”
ਅਮਲੀ ਕਹਿੰਦਾ, ”ਗੱਲ ਤਾਂ ਨੰਬਰਦਾਰਾ ਇਉਂ ਐ, ਬਈ ਚੰਨਣ ਸਿਉਂ ਦੇ ਕੋਈ ਪਿਛਲੇ ਜਨਮ ਦੇ ਪੁੰਨ ਕੀਤੇ ਮੂਹਰੇ ਆ ਗੇ। ਰੱਬ ਨੇ ਚੰਨਣ ਸਿਉਂ ਨੂੰ ਵਜੀਰੀ ਤਾਂ ਬਖਸ਼ ‘ਤੀ, ਪਰ ਛੋਟੇ ਹੁੰਦੇ ‘ਚ ਬਹਿਵਤਾਂ ਸੱਤਾਂ ਜਿੰਨੀਆਂ ਸੀ। ਆਹ ਜਿਹੜੀ ਬਹੂ ਵਟਾ ਕੇ ਲਿਆਉਣ ਆਲੀ ਗੱਲ ਐ, ਇਹ ਸੱਚੀ ਐ ਨੰਬਰਦਾਰਾ। ਇਹ ਤਾਂ ਹੁਣ ਈਂ ਵੱਡੀ ਉਮਰ ‘ਚ ਆ ਕੇ ਮਾੜਾ ਮੋਟਾ ਬੰਦਾ ਜਾ ਲੱਗਣ ਲੱਗ ਪਿਆ, ਇਹ ਤਾਂ ਭਈਆਂ ਨਾਲੋਂ ਵੀ ਗਿਆ ਗੁਜਰਿਆ ਸੀ। ਮੇਰਾ ਬਾਪੂ ਦਸਦਾ ਹੁੰਦਾ ਸੀ, ਕਹਿੰਦਾ ਜਦੋਂ ਇਹ ਬੀਕਾਨੇਰ ਦੇ ਟੇਸ਼ਨ ਤੋਂ ਬਹੂ ਵਟਾ ਲਿਆਇਆ ਸੀ, ਘਰੇ ਲਿਆ ਕੇ ਤੀਜੇ ਦਿਨ ਵਚੋਲੇ ਨੂੰ ਸੱਦ ਕੇ ਬਹੂ ਪੇਕੀਂ ਛੱਡ ਆਂਦੀ ਸੀ।”
ਬਾਬਾ ਹਰੀ ਸਿਉਂ ਕਹਿੰਦਾ, ”ਚੰਗੀ ਤਰਾਂ ਸਮਝਾ ਯਾਰ ਸਾਰੀ ਕਹਾਣੀ।”
ਅਮਲੀ ਕਹਿੰਦਾ, ”ਕਹਾਣੀ ਤਾਂ ਬਾਬਾ ਇਉਂ ਹੋਈ ਸੀ। ਇਹਦੇ ਸਹੁਰੇ ਐ ਬੀਕਾਨੇਰ ਤੋਂ ਸੌ ਡੂਢ ਸੌ ਕੋਹ ਗਾਹਾਂ। ਨਮਾਂ ਨਮਾਂ ਚੰਨਣ ਸਿਉਂ ਦਾ ਹੋਇਆ ਸੀ ਵਿਆਹ। ਇਹ ਜਦੋਂ ਪਹਿਲੀ ਵਾਰ ਬਹੂ ਲੈ ਕੇ ਆਇਆ ਤਾਂ ਬੀਕਾਨੇਰ ਟੇਸ਼ਨ ਤੋਂ ਬਦਲਣੀ ਸੀ ਰੇਲ ਗੱਡੀ। ਜਦੋਂ ਰੇਲ ਗੱਡੀ ਬਦਲਣ ਲੱਗਿਆ ਤਾਂ ‘ਕੱਠ ਸੀ ਬਾਹਲ਼ਾ। ਇਹਦੀ ਬਹੂ ਤਾਂ ‘ਕੱਠ ‘ਚ ਥੋੜਾ ਬਹੁਤਾ ਪਿੱਛੇ ਰਹਿ ਗੀ। ਇਹ ਪਤੰਦਰ ਘੁੰਡ ਕੱਢੀ ਮਗਰ ਮਗਰ ਤੁਰੀ ਆਉਂਦੀ ਹੋਰ ਈ ਬਾਗੜਣੀ ਜੀ ਨੂੰ ਗੱਡੀ ਚੜ੍ਹਾ ਲਿਆਇਆ। ਜੀਹਨੂੰ ਹੋਰ ਨੂੰ ਲਿਆਇਆ ਸੀ ਉਹ ਵੀ ਨਮੀਂਉਂ ਈਂ ਵਿਆਹੀ ਵੀ ਸੀ। ਉਹਨੂੰ ਭੋਲੀ ਭੰਡਾਰੀ ਨੂੰ ਵੀ ਪਤਾ ਨਾ ਲੱਗਿਆ ਵੀ ਮੇਰੇ ਘਰ ਆਲਾ ਕਿਹੜਾ। ਡੂਢ ਗਜ ਦਾ ਉਹ ਪੱਲੜ ਲਮਕਾਈ ਫਿਰਦੀ ਸੀ ਮੂੰਹ ‘ਤੇ। ਇਹ ਪਤੰਦਰ ਓਸੇ ਨੂੰ ਈ ਚੜ੍ਹਾ ਲਿਆਇਆ। ਜਿਹੜੀ ਇਹਦੇ ਆਲੀ ਸੀ, ਉਹਨੂੰ ਪਤਾ ਲੱਗ ਗਿਆ ਬਈ ਮੇਰੇ ਆਲਾ ਭੌਂਦੂ ਤਾਂ ਰੁਲ ਗਿਆ। ਉਹਨੇ ਆਥਣ ਤਕ ਤਾਂ ਐਧਰ ਓਧਰ ਭਾਲਿਆ। ਜਦੋਂ ਚੰਨਣ ਸਿਉਂ ਨਾ ਥਿਆਇਆ ਤਾਂ ਉਹਨੂੰ ਆਵਦੇ ਪੇਕਿਆਂ ਦੇ ਰਾਹ ਦਾ ਪਤਾ ਸੀ, ਉਹ ਤਾਂ ਪੇਕੀਂ ਪਹੁੰਚਗੀ। ਉਹਨੇ ਘਰੇ ਜਾ ਕੇ ਦੱਸਿਆ ਬਈ ਮੇਰੇ ਨਾਲ ਤਾਂ ਆਹ ਭਾਵੀ ਵਰਤ ਗੀ। ਏਧਰ ਸਾਡੇ ਚੰਨਣ ਸਿਉਂ ਜੀ ਜਦੋਂ ਬਾਗੜਣੀ ਨੂੰ ਲੈ ਕੇ ਘਰੇ ਪਹੁੰਚੇ ਤਾਂ ਬੁੜ੍ਹੀ ਨੇ ਸੱਤ ਵਾਰ ਸਿਰ ਪਲੋਸਿਆ ਨੂੰਹ ਦਾ। ਜਦੋਂ ਬਾਬਾ ਘੁੰਡ ਚੱਕ ਕੇ ਵੇਖਿਆ ਬਈ ਇਹ ਤਾਂ ਕੋਈ ਹੋਰ ਈ ਤੋਰ ‘ਤੀ, ਬੁੜ੍ਹੀ ਨੇ ਭਾਈ ਰੌਲਾ ਪਾ ਲਿਆ ਬਈ ਸਾਡੇ ਮੁੰਡੇ ਨਾਲ ਠੱਗੀ ਵੱਜਗੀ ਬਈ ਪਹਿਲਾਂ ਤਾਂ ਹੋਰ ਤੋਰੀ ਸੀ, ਹੁਣ ਹੋਰ ਤੋਰ ‘ਤੀ। ਨੇਰ੍ਹੇ ਹੋਏ ਤਾਂ ਚੰਨਣ ਸਿਉਂ ਘਰੇ ਪਹੁੰਚਿਆ ਸੀ। ਉੱਤੋਂ ਸਿਆਲ ਦੀ ਸੀ ਰਾਤ। ਬੁੜ੍ਹੀ ਨੇ ਸਾਰੀ ਰਾਤ ਗਾਲ੍ਹਾ ਕੱਢਦੀ ਨੇ ਈਂ ਨੰਘਾ ‘ਤੀ। ਬੁੜ੍ਹੀ ਨੇ ਤਾਂ ਦਿਨ ਚੜ੍ਹਦੇ ਨੂੰ ਵਚੋਲੇ ਨੂੰ ਸੱਦ ਲਿਆ ਬਈ ਆਹ ਕੀ ਕੀਤੀ ਐ ਸਾਡੇ ਮੁੰਡੇ ਨਾਲ। ਬੁੜ੍ਹੀ ਨੇ ਬਾਗੜਣੀ ਜੀ ਵਚੋਲੇ ਨਾਲ ਮੁੰਡੇ ਦੇ ਸਹੁਰਿਆਂ ਨੂੰ ਤੋਰ ‘ਤੀ ਬਈ ਇਹ ਮੋੜ ਆ ਤੇ ਪਹਿਲੀ ਬਹੂ ਲਿਆ ਕੇ ਦੇ।”
ਜੱਗੇ ਕਾਮਰੇਡ ਨੇ ਪੁੱਛਿਆ, ”ਵਚੋਲਾ ਕਿਹੜਾ ਸੀ ਅਮਲੀਆ ਓਏ?”
ਅਮਲੀ ਕਹਿੰਦਾ, ”ਆਹ ਰਾਮੂੰ ਵਚੋਲੇ ਦਾ ਪਿਉ ਸੀ ਗੱਜਣ।”
ਬਾਬਾ ਹਰੀ ਸਿਉਂ ਜੱਗੇ ਕਾਮਰੇਡ ਨੂੰ ਗੱਲ ਦੇ ਵਿਚਾਲੇ ਬੋਲੇ ਨੂੰ ਸੁਣ ਕੇ ਕਹਿੰਦਾ, ”ਕਿਉਂ ਯਾਰ ਕਾਮਰੇਟਾ ਵਚਾਲਿਉਂ ਨੱਕ ਵੱਢ ਲੈਨੇਂ ਆਂ, ਗੱਲ ਤਾਂ ਪੂਰੀ ਸੁਣ ਲੈਣ ਦਿਆ ਕਰੋ। ਹਾਂ ਬਈ ਅਮਲੀਆ, ਗਾਹਾਂ ਦੱਸ ਕਿਮੇਂ ਹੋਈ ਫ਼ਿਰ?”
ਅਮਲੀ ਕਹਿੰਦਾ, ”ਫ਼ੇਰ ਕਿਮੇਂ ਹੋਣੀ ਸੀ। ਗੱਜਣ ਵਚੋਲਾ ਬਾਗੜਣੀ ਜੀ ਨੂੰ ਲੈ ਕੇ ਦਿਨ ਛਿਪਦੇ ਨੂੰ ਚੰਨਣ ਸਿਉਂ ਦੇ ਸਹੁਰੀਂ ਜਾ ਅੱਪੜਿਆ ਬਹੂ ਮੋੜਣ। ਜਦੋਂ ਗੱਜਣ ਚੰਨਣ ਸਿਉਂ ਦੇ ਸਹੁਰਿਆਂ ਦੇ ਘਰੇ ਵੜਿਆ ਤਾਂ ਗਾਹਾਂ ਮੂਹਰੇ ਚੰਨਣ ਸਿਉਂ ਦਾ ਪਹਿਲਾਂ ਵਾਲਾ ਡੋਲਾ ਬੈਠਾ। ਗੱਜਣ ਜਾਣ ਸਾਰ ਈ ਚੰਨਣ ਸਿਉਂ ਦੇ ਸਹੁਰੇ ਨਾਲ ਦੂਰੋ ਦੂਰੀ। ਕਹੇ ਮੈਂ ਤਾਂ ਆਹ ਪਹਿਲਾਂ ਵਾਲੀ ਕੁੜੀਉ ਈ ਲੈ ਕੇ ਜਾਣੀ ਐ, ਆਹ ਆਵਦੀ ਮੋੜ ਲੋ। ਅਕੇ ਚੰਨਣ ਸਿਉਂ ਦਾ ਸਹੁਰਾ ਕਹੇ ‘ਤੂੰ ਬਹਿ ਕੇ ਗੱਲ ਤਾਂ ਸੁਣ’। ਗੱਜਣ ਵਚੋਲਾ ਕਹੇ ‘ਤੁਸੀਂ ਇਹ ਕੀ ਕੀਤਾ। ਮੈਂ ਤਾਂ ਉਹੀ ਲੈ ਕੇ ਜਾਣੀ ਐਂ ਜਿਹੜੀ ਚੰਨਣ ਸਿਉਂ ਨੂੰ ਵਿਆਹੀ ਐ’। ਅੱਧੀ ਰਾਤ ਤੱਕ ਗੱਲ ਦਾ ਭਚੀਕੜ ਪਈ ਗਿਆ। ਚੰਨਣ ਸਿਉਂ ਦੇ ਘਰੇ ਆਂਢੀਆਂ ਗੁਆਂਢੀਆਂ ਦਾ ਇਉਂ ‘ਕੱਠ ਹੋ ਗਿਆ ਜਿਮੇਂ ਵੱਡੇ ਸਕੂਲ ‘ਚ ਵੋਟਾਂ ਪਾਉਣ ਆਲਿਆਂ ਦਾ ‘ਕੱਠ ਹੋਇਆ ਹੋਵੇ। ਓੱਥੋਂ ਦੀ ਪਚੈਤ ਨੇ ਜਦੋਂ ਵਚੋਲੇ ਦੀ ਤੇ ਚੰਨਣ ਸਿਉਂ ਦੇ ਸਹੁਰਿਆਂ ਦੀ ਪੂਰੀ ਗੱਲ ਸੁਣੀ ਤਾਂ ਓੱਥੋਂ ਦਾ ਸਰਪੈਂਚ ਵੇਖ ਲਾ ਚੰਗਾ ਪੜ੍ਹਿਆ ਲਿਖਿਆ ਬੰਦਾ ਸੀ। ਉਹਨੇ ਸਾਰੀ ਗੱਲ ਸਮਝ ਕੇ ਵਚੋਲੇ ਦੇ ਕੰਨ ‘ਚ ਗੱਲ ਪਾਈ। ਫੇਰ ਕਿਤੇ ਜਾ ਕੇ ਵਚੋਲੇ ਦੇ ਚਹਿਣ ਚੱਕਰ ‘ਚ ਗੱਲ ਉੱਤਰੀ। ਅਗਲੇ ਦਿਨ ਗੱਜਣ ਵਚੋਲੇ ਨੇ ਚੰਨਣ ਸਿਉਂ ਦੀ ਅਸਲੀ ਬਹੂ ਲਿਆ ਕੇ ਦਿੱਤੀ, ਫੇਰ ਪਤਾ ਲੱਗਿਆ ਬਈ ਇਹ ਕਹਾਣੀ ਕਿਮੇਂ ਬੀਤੀ ਸੀ।”
ਬੁੱਘਰ ਦਖਾਣ ਨੇ ਪੁੱਛਿਆ, ”ਤੇ ਉਹ ਬਾਗੜਣੀ ਜੀ ਦਾ ਕੀ ਬਣਿਆ ਅਮਲੀਆ?”
ਅਮਲੀ ਕਹਿੰਦਾ, ”ਉਹ ਚੰਨਣ ਸਿਉਂ ਦੇ ਸਹੁਰਿਆਂ ਦੇ ਘਰ ਈ ਛੱਡ ਆਇਆ ਸੀ।”
ਸੀਤਾ ਮਰਾਸੀ ਕਹਿੰਦਾ, ”ਉਹ ਵੀ ਨਾਲ ਈ ਲੈ ਆਉਣੀ ਸੀ।”
ਪ੍ਰਤਾਪਾ ਭਾਉ ਕਹਿੰਦਾ, ”ਹੁਣ ਤਾਂ ਚੰਨਣ ਸਿਉਂ ਚੰਨਣ ਲੀਡਰ ਵੱਜਦਾ, ਫ਼ੇਰ ਪੰਜਾਹਾਂ ਪਿੰਡਾਂ ਨੇ ਦੋ ਬਹੂਆਂ ਆਲਾ ਕਿਹਾ ਕਰਨਾ ਸੀ।”
ਏਨੇ ਚਿਰ ਨੂੰ ਬਿਜਲੀ ਵਾਲੇ ਟਰਾਂਸਫ਼ਾਰਮਰ ਲੈ ਕੇ ਸੱਥ ‘ਚ ਆ ਕੇ ਕਹਿੰਦੇ, ”ਪੰਜ ਸੱਤ ਬੰਦੇ ਸਾਡੇ ਨਾਲ ਆਓ ਸੋਡੇ ਪਿੰਡ ਦਾ ਸੜਿਆ ਵਿਆ ਟਰਾਂਸਫ਼ਾਰਮਰ ਬਦਲ ਦੀਏ।”
ਬਾਬਾ ਹਰੀ ਸਿਉਂ ਸੱਥ ‘ਚ ਬੈਠੇ ਬੰਦਿਆਂ ਨੂੰ ਕਹਿੰਦਾ, ”ਜਾਉ ਬਈ ਉੱਠੋ ਭਾਈ, ਧਰਾਓ ਨਮਾਂ ਟਰਾਂਸਫ਼ਰ। ਜਾਉ ਤਕੜੇ ਤਕੜੇ ਜਣੇ ਉੱਠੋ। ਜੋਰ ਆਲਾ ਕੰਮ ਐਂ।”
ਬਾਬੇ ਦਾ ਕਹਿਣਾ ਮੰਨ ਕੇ ਕੁਝ ਬੰਦੇ ਤਾਂ ਉੱਠ ਕੇ ਬਿਜਲੀ ਆਲਿਆਂ ਨਾਲ ਚਲੇ ਗਏ ਤੇ ਬਾਕੀ ਦੇ ਆਪਣੇ ਘਰਾਂ ਨੂੰ ਤੁਰ ਗਏ।