ਨਵੀਂ ਦਿੱਲੀ: ਸ਼੍ਰੀਲੰਕਾ ਅਤੇ ਭਾਰਤ ਵਿੱਚਾਲੇ ਸੀਰੀਜ਼ ਦਾ ਪਹਿਲਾ ਟੀ-20 ਮੈਚ ਖੇਡਣ ਤੋਂ ਪਹਿਲਾ ਪ੍ਰੈਕਟਿਸ ਦੌਰਾਨ ਭਾਰਤ ਦੇ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਨੇ ਅਜਿਹਾ ਸ਼ਾਟ ਲਗਾਇਆ ਕਿ ਸ਼੍ਰੀਲੰਕਾ ਦਾ ਨੈਟ ਪ੍ਰੈਕਟਿਸ ਗੇਂਦਬਾਜ਼ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਸ਼੍ਰੀਲੰਕਾਈ ਗੇਂਦਬਾਜ਼ ਪ੍ਰੈਕਟਿਸ ਦੌਰਾਨ ਪੰਤ ਨੂੰ ਗੇਂਦ ਕਰਾ ਰਿਹਾ ਸੀ ਇਸੇ ਦੌਰਾਨ ਪੰਤ ਦੀ ਇਕ ਸ਼ਾਟ ਸਿੱਧਾ ਗੇਂਦਬਾਜ਼ ਦੇ ਬੁੱਲਾਂ ‘ਤੇ ਜਾ ਲੱਗੀ। ਜਿਸ ਕਾਰਨ ਗੇਂਦਬਾਜ਼ ਦੇ ਮੁੰਹ ‘ਚੋਂ ਖੂਨ ਆਉਣਾ ਸ਼ੁਰੂ ਹੋ ਗਿਆ ਅਤੇ ਭਾਰਤੀ ਖਿਡਾਰੀਆਂ ਨੂੰ ਆਪਣੀ ਪ੍ਰੈਕਟਿਸ ਬੰਦ ਕਰਨੀ ਪਈ।
ਇਸ ਹਾਦਸੇ ਦੇ ਤੁਰੰਤ ਬਾਅਦ ਭਾਰਤੀ ਟੀਮ ਮੈਨੇਜਮੈਂਟ ਨੇ ਇਸ ਦੀ ਸੂਚਨਾ ਆਪਣੇ ਸ਼੍ਰੀਲੰਕਾ ਹਮਰੁਤਬਾ ਨੂੰ ਦਿੱਤੀ। ਇਹ ਖਬਰ ਸੁਣਦੇ ਹੀ ਸ਼੍ਰੀਲੰਕਾ ਟੀਮ ਮੈਨੇਜ਼ਮੈਂਟ ਅਤੇ ਖਿਡਾਰੀ ਗੇਂਦਬਾਜ਼ ਦੇ ਕੋਲ ਪੁੱਜੇ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਾਇਆ। ਸ਼੍ਰੀਲੰਕਾ ਖਿਡਾਰੀ ਨੂੰ ਹਸਪਤਾਲ ਦਾਖਲ ਕਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਆਪਣੀ ਪ੍ਰੈਕਟਿਸ ਫ਼ਿਰ ਤੋਂ ਸ਼ੁਰੂ ਕਰ ਦਿੱਤੀ।
ਰਿਸ਼ਭ ਪੰਤ ਭਾਰਤ ਦੇ ਉਭਰਦੇ ਹੋਏ ਖਿਡਾਰੀ ਹਨ। ਪੰਤ ਨੇ ਕਰੀਬ 8 ਮਹੀਨੇ ਬਾਅਦ ਟੀਮ ‘ਚ ਵਾਪਸੀ ਕੀਤੀ ਹੈ। ਭਾਰਤੀ ਟੀਮ ਵਲੋਂ ਪੰਤ 2 ਮੈਚ ਖੇਡ ਚੁਕੇ ਹਨ ਅਤੇ ਇਸ ਤੋਂ ਇਲਾਵਾ ਆਈ.ਪੀ.ਐਲ. 2018 ‘ਚ ਦਿੱਲੀ ਦੀ ਟੀਮ ਵਲੋਂ ਖੇਡਣਗੇ।
ਰਿਸ਼ਭ ਪੰਤ ਦਾ ਪਿਛਲੇ ਮੈਚਾਂ ‘ਚ ਚੰਗਾ ਪ੍ਰਦਰਸ਼ਨ ਰਿਹਾ ਹੈ ਪਰ ਇਸ ਤਿਕੋਣੀ ਸੀਰੀਜ਼ ‘ਚ ਖੇਡਣ ਵਾਲੇ 11 ਖਿਡਾਰੀਆਂ ‘ਚ ਉਸ ਦੀ ਜਗ੍ਹਾ ਪੱਕੀ ਨਹੀਂ ਹੈ। ਉਸ ਨੂੰ 15 ਮੈਂਬਰੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਪਰ ਉਹ ਮੈਚ ਖੇਡਦੇ ਹਨ ਜਾਂ ਨਹੀਂ ਇਹ ਦੇਖਣਾ ਹੋਵੇਗਾ। ਇਹ ਤਿਕੋਣੀ ਸੀਰੀਜ਼ ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿੱਚਾਲੇ ਖੇਡੀ ਜਾਣੀ ਹੈ। ਇਸ ਸੀਰੀਜ਼ ਦੇ ਸਾਰੇ ਮੈਚ ਸ਼੍ਰੀਲੰਕਾ ਦੇ ਕੋਲੰਬੋ ਸ਼ਹਿਰ ‘ਚ ਖੇਡੇ ਜਾਣੇ ਹਨ। 20 ਸਾਲ ਪਹਿਲਾਂ ਸ਼ੁਰੂ ਹੋਈ ਇਸ ਸੀਰੀਜ਼ ਨੂੰ ਭਾਰਤ ਦੀ ਟੀਮ ਨੇ ਜਿੱਤਿਆ ਸੀ ਅਤੇ ਉਸ ਸਮੇਂ ਸ਼੍ਰੀਲੰਕਾ ਦੇ 50ਵੇਂ ਗਣਤੰਤਰ ਦਿਵਸ ਦਾ ਆਯੋਜਨ ਕੀਤਾ ਗਿਆ ਸੀ।