ਮੁਹਾਲੀ – ਪੰਜਾਬ ਸਰਕਾਰ ਵੱਲੋਂ ਜੌਬ ਪੋਰਟਲ ਨੌਕਰੀ ਡਾਟ ਕਾਮ (Naukri.com) ਨਾਲ ਸਾਂਝ ਕਾਇਮ ਕਰਨ ਦੀ ਸੰਭਾਵਨਾ ਤਲਾਸ਼ੀ ਜਾਵੇਗੀ ਤਾਂ ਜੋ ਰੁਜ਼ਗਾਰ ਦੇ ਮੌਕੇ ਹਾਸਲ ਕਰਨ ਲਈ ਸੂਬੇ ਦੇ ਨੌਜਵਾਨਾਂ ਨੂੰ ਢੁਕਵਾਂ ਮੰਚ ਮੁਹੱਈਆ ਕਰਵਾਇਆ ਜਾ ਸਕੇ।
ਇਕ ਸਰਕਾਰੀ ਬੁਲਾਰੇ ਨੇ ਇਹ ਖੁਲਾਸਾ ‘ਟਾਈਕੋਨ-2018’ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨੌਕਰੀ ਡਾਟ ਕਾਮ ਦੇ ਪ੍ਰਮੋਟਰ ਹਿਤੇਸ਼ ਓਬਰਾਏ ਨਾਲ ਹੋਈ ਮੀਟਿੰਗ ਤੋਂ ਬਾਅਦ ਕੀਤਾ।
ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਅਜਿਹੇ ਹੋਰ ਜੌਬ ਪੋਰਟਲਾਂ ਨਾਲ ਸਾਂਝ ਕਾਇਮ ਕਰਨ ਵੱਲ ਕੰਮ ਕਰ ਰਹੀ ਹੈ ਤਾਂ ਕਿ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਸਿਰਜ ਕੇ ‘ਘਰ-ਘਰ ਨੌਕਰੀ’ ਦੇ ਵਾਅਦੇ ਨੂੰ ਪੁਗਾਇਆ ਜਾ ਸਕੇ।
ਸ੍ਰੀ ਓਬਰਾਏ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਪੋਰਟਲ ਕੋਲ 54 ਮਿਲੀਅਨ ਨੌਕਰੀਆਂ ਦਾ ਡਾਟਾ ਹੋਣ ਅਤੇ 70 ਹਜ਼ਾਰ ਕੰਪਨੀਆਂ ਜੁੜੀਆਂ ਹੋਣ ਕਰਕੇ ਨੌਕਰੀ ਡਾਟ ਕਾਮ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਢੁਕਵੀਆਂ ਨੌਕਰੀਆਂ ਲੱਭਣ ਵਿੱਚ ਅਹਿਮ ਮੰਚ ਸਾਬਤ ਹੋ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀ ਡਾਟ ਕਾਮ ਦੇ ਪ੍ਰਮੋਟਰ ਨੂੰ ਹਰੇਕ ਘਰ ਵਿੱਚ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਉਨ•ਾਂ ਦੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣੂੰ ਕਰਵਾਇਆ। ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਸੂਬਾ ਭਰ ਵਿੱਚ ਨੌਕਰੀ ਮੇਲੇ ਲਾਏ ਜਾ ਰਹੇ ਹਨ ਤਾਂ ਕਿ ਨੌਕਰੀ ਲੈਣ ਦੇ ਚਾਹਵਾਨਾਂ ਦੀ ਪਹੁੰਚ ਰੁਜ਼ਗਾਰ ਦੇਣ ਵਾਲਿਆਂ ਤੱਕ ਬਣਾਈ ਜਾ ਸਕੇ।