ਵੋਟਾਂ ਦੇ ਐਲਾਨ ਪਿੱਛੋਂ ਪਿੰਡ ਦੀ ਸੱਥ ‘ਚ ਲੋਕ ਗੱਲਾਂ ਦਾ ਚੱਸਕਾ ਲੈਣ ਲਈ ਹਰ ਰੋਜ਼ ਇਉਂ ‘ਕੱਠੇ ਹੋ ਜਾਂਦੇ ਜਿਵੇਂ ਫ਼ਤਹਿਗੜ੍ਹ ਸਰਾਵਾਂ ਵਾਲਾ ਮੇਲਾ ਭਰ ਜਾਂਦਾ ਹੋਵੇ। ਜਿਹੜੇ ਕਦੇ ਸੱਥ ਵਿੱਚ ਭੁੱਲ ਕੇ ਵੀ ਨਹੀਂ ਸਨ ਆਏ, ਉਹ ਵੀ ਉਡਦੀਆਂ ਦੇ ਖੰਭ ਫ਼ੜਨ ਨੂੰ ਸੱਥ ਦੀਆਂ ਗੱਲਾਂ ਦਾ ਸਭ ਤੋਂ ਵੱਧ ਚੜ੍ਹ ਕੇ ਸੁਆਦ ਲੈਣ ਲੱਗ ਪਏ। ਖੇਤੀ ਪੱਖੋਂ ਹਰ ਕੋਈ ਇਸ ਕਰ ਕੇ ਵੇਹਲਾ ਸੀ ਕਿਉਂਕਿ ਸਾਉਣੀ ਦੀ ਫ਼ਸਲ ਪੱਕਣ ਕਿਨਾਰੇ ਲੱਗੀ ਹੋਈ ਸੀ ਅਤੇ ਹਰ ਘਰ ਵਿੱਚ ਸਿਰਫ਼ ਪਸ਼ੂਆਂ ਲਈ ਪੱਠੇ ਦੱਥੇ ਦਾ ਹੀ ਮਾੜਾ ਮੋਟਾ ਕੰਮ ਸੀ। ਆਦਮੀ ਖੇਤੋਂ ਪੱਠੇ ਲਿਆ ਕੇ ਕੁੱਤਰਾ ਕਰ ਕੇ ਘਰ ਰੱਖ ਦਿੰਦੇ ਅਤੇ ਉਸ ਕੁਤਰੇ ਹੋਏ ਪੱਠਿਆਂ ਨੂੰ ਪਸ਼ੂਆਂ ਲਈ ਖੁਰਲੀਆਂ ਤਕ ਪਹੁੰਚਾਉਣ ਦਾ ਜ਼ਿੰਮਾਂ ਘਰ ਦੀਆਂ ਔਰਤਾਂ ਸਿਰ ਪਾ ਕੇ ਆਦਮੀ ਆਪ ਰੋਟੀ ਪਾਣੀ ਛਕਣ ਪਿੱਛੋਂ ਸੱਥ ਵਿੱਚ ਵੋਟਾਂ ਬਾਰੇ ਜਾਬ੍ਹਾਂ ਦੇ ਭੇੜ੍ਹ ਮਾਰਨ ਲਈ ਘਰੋਂ ਨਿੱਕਲ ਜਾਂਦੇ। ਕਿਸੇ ਕਾਰਨ ਅਦਾਲਤ ਵਿੱਚ ਵੋਟਾਂ ਨਾ ਪੈਣ ‘ਤੇ ਲੱਗੀ ਰੋਕ ਕਾਰਨ ਪਿੰਡ ਦੀ ਪੰਚਾਇਤੀ ਚੋਣ ਪੰਦਰਾਂ ਸਾਲ ਬਾਅਦ ਆਉਣ ਕਰ ਕੇ ਲੋਕਾਂ ਵਿੱਚ ਏਨੀ ਦਿਲਚਸਪੀ ਸੀ ਕਿ ਹਰ ਕਿਸੇ ਦਾ ਚੋਣ ਲੜਨ ਨੂੰ ਦਿਲ ਕਰਦਾ ਸੀ, ਪਰ ਹਾਰ ਜਾਣ ਦਾ ਡਰ ਮਾੜੇ ਦਿਲ ਵਾਲਿਆਂ ਨੂੰ ਕੋਹ ਕੋਹ ਕੇ ਡਰਾ ਰਿਹਾ ਸੀ। ਪੰਦਰਾਂ ਸਾਲ ਸਰਪੰਚੀ ਕਰ ਕੇ ਤਾਇਆ ਅਮਰ ਸਿਉਂ ਫ਼ਿਰ ਸਰਪੰਚੀ ਲਈ ਖੜ੍ਹਾ ਹੋ ਗਿਆ। ਸੱਥ ਵਿੱਚ ਬੈਠਾ ਸੀਤਾ ਮਰਾਸੀ ਬਿੰਝਲਾਂ ਦੇ ਗੇਲੇ ਦੀ ਗੱਲ ਛੇੜ ਕੇ ਬਾਬੇ ਬਿਸ਼ਨ ਸਿਉਂ ਨੂੰ ਕਹਿੰਦਾ, ”ਕਿਉਂ ਬਈ ਬਾਬਾ! ਕਹਿੰਦੇ ਗੇਲਾ ਵੀ ਸਰਪੈਂਚੀ ‘ਚ ਖੜ੍ਹਾ ਹੋ ਗਿਆ, ਇਹਦਾ ਹੋਊ ਤਾਏ ਅਮਰ ਸਿਉਂ ਨਾਲ ਮੁਕਾਬਲਾ ਹੁਣ।”
ਬੱਗੇ ਕਾ ਰਾਜਾ ਕਚੀਚੀ ਵੱਟ ਕੇ ਸੀਤੇ ਮਰਾਸੀ ‘ਤੇ ਤੋੜਾ ਝਾੜਦਾ ਬੋਲਿਆ, ”ਸੂਤ ਨਾ ਪਤਾਣ ਜਲਾਹੇ ਨਾਲ ਠੈਂਗੋ ਠੈਂਗੀ। ਮਰਾਸੀਆ ਜਾਗਦੈਂ? ਗੇਲਾ ਕਿੱਥੋਂ ਕਰ ਲੂ ਤਾਏ ਦਾ ਮੁਕਾਬਲਾ। ਇਹ ਤਾਂ ਪੈਸੇ ਲੈ ਕੇ ਬੈਠਣ ਵਾਲਿਆਂ ਚੋਂ ਐ। ਨਾਲੇ ਜਿੰਨੀ ਗੇਲੇ ਕੋਲ ਪੈਲੀ ਐ, ਓਦੂੰ ਬਾਹਲੇ ਤਾਂ ਤਾਇਆ ਪੱਠੇ ਈ ਬੀਜੀ ਬੈਠਾ। ਫ਼ੇਰ ਹੋਰ ਸੁਣ ਲੈ, ਦੋਨਾਂ ਵੇਹੜਿਆਂ ‘ਚ ਘਰ ਘਰ ਨੂੰ ਤਿੰਨ ਤਿੰਨ ਮਣ ਕਣਕ ਵੀ ਦੇ ਆਇਆ ਖਾਣ ਨੂੰ। ਗੇਲੇ ਦੇ ਘਰੇ ਖਾਣ ਨੂੰ ਤਿੰਨ ਦਾਣੇ ਨ੍ਹੀ।”
ਕੋਲ ਬੈਠੇ ਨਾਥੇ ਅਮਲੀ ਨੂੰ ਰਾਜੇ ਦੀ ਗੱਲ ਸੁਣ ਕੇ ਵੱਟ ਚੜ੍ਹ ਗਿਆ। ਲਾਲ ਪੀਲਾ ਹੋਇਆ ਅਮਲੀ ਰਾਜੇ ਵੱਲ ਸੁੱਖਾ ਖਾਧੇ ਵਾਲੇ ਵਾਂਗੂੰ ਕੋਇਆਂ ਵਿਚਦੀ ਝਾਕ ਕੇ ਕਹਿੰਦਾ, ”ਹੋਰ ਤਾਂ ਤੂੰ ਈ ਦੇ ਕੇ ਆਉਣੈ ਗੇਲੇ ਕੇ ਘਰੇ ਕਣਕ ਖਾਣ ਨੂੰ। ਚਾਲੀ ਘਮਾਂਹ ਦਾ ਮਾਲਕ ਐ ਗੇਲਾ। ਮਾਰਦੈਂ ਗੱਲਾਂ। ਅਖੇ ਤਿੰਨ ਦਾਣੇ ਨ੍ਹੀ ਖਾਣ ਨੂੰ ਉਹਦੇ ਘਰੇ, ਹੋਰ ਤਾਂ ਤੇਰੇ ਘਰੇ ਈ ਡੀਪੂ ਖੁੱਲ੍ਹਿਆ।”
ਏਨੇ ਚਿਰ ਨੂੰ ਚੌਧਰੀਆਂ ਦਾ ਮਿੱਠੂ ਵੀਹ-ਬਾਈ ਬੰਦਿਆਂ ਨੂੰ ਨਾਲ ਲੈ ਕੇ ਵੋਟਾਂ ਮੰਗਣ ਪਿੰਡ ਦੇ ਦੌਰੇ ਤੇ ਨਿਕਲਿਆ ਸੱਥ ਵਿੱਚ ਆਕੇ ਨਾਥੇ ਅਮਲੀ ਨੂੰ ਹਾਸੇ ਮਖੌਲ ‘ਚ ਕਹਿਣ ਲੱਗਾ, ”ਅਮਲੀਆ! ਦੇਖ ਭਰਾਵਾ ਮੈਂ ਖੜ੍ਹਾ ਹੋਇਐਂ ਮਿੰਬਰੀ ‘ਚ, ਤੈਨੂੰ ਵੀ ਪਤੈ, ਵੋਟ ਭਾਵੇਂ ਤੂੰ ਨਾ ਈ ਪਾਈਂ ਪਰ ਤਵਾ ਨਾ ਲਾਈਂ ਮੇਰੇ ‘ਤੇ।”
ਅਮਲੀ ਗੱਲ ਸੁਣ ਕੇ ਮਿੱਠੂ ਨੂੰ ਪੈ ਨਿੱਕਲਿਆ, ”ਕਿਉਂ ਮੈਂ ਕਿਹੜਾ ਸਿਰ ਫ਼ਿਰਿਆਂ ਦਾ ਮੱਘਰ ਆਂ ਬਈ ਹਰੇਕ ਨਾਲ ਈ ਲੜਦਾ ਫ਼ਿਰਦਾਂ। ਪਹਿਲਾਂ ਦੇਬੂ ਕੀ ਬੁੜ੍ਹੀ ਤੋਂ ਤਾਂ ਲੈ ਲਾ ਵੋਟਾਂ, ਫ਼ੇਰ ਅਸੀਂ ਵੀ ਪਾ ਦਿਆਂਗੇ।”
ਕੋਲ ਬੈਠੇ ਬਾਬੇ ਬਿਸ਼ਨ ਸਿਉਂ ਨੇ ਅਮਲੀ ਦੀ ਗੱਲ ਨੂੰ ਬੜੀ ਗੰਭੀਰਤਾ ਨਾਲ ਲਿਆ। ਉਦੋਂ ਤਾਂ ਮਿੱਠੂ ਦੇ ਖੜ੍ਹੇ ਤੋਂ ਬਾਬਾ ਕਰ ਗਿਆ ਚੁੱਪ, ਜਦੋਂ ਮਿੱਠੂ ਵਰਗੇ ਵੋਟਾਂ ਬਾਰੇ ਕਹਿ ਕੇ ਚਲੇ ਗਏ ਤਾਂ ਬਾਬਾ ਬਿਸ਼ਨ ਸਿਉਂ ਅਮਲੀ ਨੂੰ ਕਹਿੰਦਾ, ”ਅਮਲੀਆ! ਏਹ ਦੇਬੂ ਕੀ ਬੁੜ੍ਹੀ ਆਲੀ ਕੀ ਗੱਲ ਐ ਓਏ?”
ਅਮਲੀ ਕਹਿੰਦਾ, ”ਬਾਣੀਏ ਕਹਿੰਦੇ ਹੁੰਦੇ ਬਈ ਜਦੋਂ ਤੜਕੇ ਤੜਕੇ ਹੱਟ ‘ਤੇ ਕੋਈ ਪਹਿਲਾ ਗਾਹਕ ਆ ਕੇ ਬੋਹਣੀ ਕਰਾ ਜਾਵੇ ਤਾਂ ਸਾਰਾ ਦਿਨ ਫ਼ਿਰ ਚੰਗੀ ਕਮਾਈ ‘ਚ ਨਿਕਲ ਜਾਂਦੈ, ਤੇ ਜੇ ਕਿਤੇ ਮਹੂਰਤ ਮਾੜਾ ਹੋ ਜੇ ਤਾਂ ਫ਼ਿਰ ਬਾਣੀਆ ਈ ਜਾਣਦਾ ਜਾਂ ਫ਼ਿਰ ਭੋਲੀ ਭੰਡਾਰੀ ਜਾਣਦੀ ਐ ਉਹਦੀ ਬਈ ਕੀ ਬੀਤਦੀ ਐ। ਓਵੇਂ ਹੀ ਮਿੱਠੂ ਨਾਲ ਹੋਈ। ਵੋਟਾਂ ਵਿੱਚ ਖੜ੍ਹਾ ਹੋਣ ਤੋਂ ਪਿੱਛੋਂ ਸਭ ਤੋਂ ਪਹਿਲਾਂ ਤੜਕੇ ਈ ਉੱਠ ਕੇ ਅੱਠ ਦਸ ਬੰਦਿਆਂ ਨੂੰ ਨਾਲ ਲੈ ਕੇ ਦੇਬੂ ਕੱਬੇ ਕੇ ਘਰੇ ਜਾ ਵੜਿਆ ਬਈ ਦੇਬੂ ਕੇ ਘਰ ਤੋਂ ਵੋਟਾਂ ਮੰਗਣੀਆਂ ਸ਼ੁਰੂ ਕਰਦੇ ਆਂ। ਨਾਲ ਗਏ ਅੱਠਾਂ ਦਸਾਂ ਦੇ ਵਿੱਚ ਮੈਂ ਵੀ ਸੀ ਜਿੱਥੋਂ ਇਹ ਡਰਦਾ ਕਹਿ ਰਿਹੈ ਕਿ ਅਮਲੀਆ ਵੋਟ ਭਾਵੇਂ ਨਾ ਪਾਈਂ ਪਰ ਤਵਾ ਨਾ ਲਾਈਂ। ਮਿੱਠੂ ਮੂਹਰੇ ਮੂਹਰੇ, ਅਸੀਂ ਸਾਰੇ ਜਾਣੇ ਇਹਦੇ ਮਗਰ ਮਗਰ। ਮਿੱਠੂ ਤਾਂ ਆਵਦੇ ਜਾਣੇ ਸਾਥੋਂ ਮੂਹਰੇ ਨਿਕਲ ਕੇ ਦੇਬੂ ਦੀ ਬੇਬੇ ਦੇ ਨੇੜੇ ਹੋ ਕੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲੈਣ ਲੱਗਿਆ ਕਿ ਬੇਬੇ ਆਖੂ ‘ਫ਼ਿਕਰ ਨਾ ਕਰ ਪੁੱਤ, ਸਾਡੀਆਂ ਸਾਰੀਆਂ ਵੋਟਾਂ ਤੈਨੂੰ ਆਉਣਗੀਆਂ, ਤੂੰ ਜਿੱਤੇਂਗਾ ਵੀ,’ ਪਰ ਬੇਬੇ ਵਿਚਾਰੀ ਨੂੰ ਕੀ ਪਤਾ ਸੀ ਬਈ ਮਿੱਠੂ ਨੂੰ ਲੋਕਾਂ ਨੇ ਰਾਤੋ ਰਾਤ ਚੱਕ ਚਕਾ ਕੇ ਮਿੰਬਰੀ ‘ਚ ਖੜ੍ਹਾ ਕਰ ‘ਤਾ। ਜਦੋਂ ਮਿੱਠੂ ਨੇ ਬੇਬੇ ਦੇ ਪੈਰੀਂ ਹੱਥ ਲਾ ਕੇ ਢੂਹੀ ਸਿੱਧੀ ਕੀਤੀ ਤਾਂ ਮਿੱਠੂ ਦੇ ਵੋਟਾਂ ਮੰਗਣ ਤੋਂ ਪਹਿਲਾਂ ਈ ਦੇਬੂ ਕੀ ਬੁੜ੍ਹੀ ਕਹਿੰਦੀ, ‘ਬਹਿ ਜਾ ਪੁੱਤ ਮਿੱਠੂ, ਚਾਹ ਪਾਣੀ ਪੀਓ’। ਜਦੋਂ ਬੁੜ੍ਹੀ ਨੇ ਮਿੱਠੂ ਨੂੰ ਬਹਿ ਜਾ ਕਿਹਾ ਨਾ! ਬੱਸ ਫ਼ੇਰ ਚੜ੍ਹ ਗੀਆਂ ਮਿੱਠੂ ਨੂੰ ਤਾਂ ਫ਼ਿਰ, ਕਹਿੰਦਾ ‘ਤਾਈ ! ਇਹ ਕੀ ਤੂੰ ਕੱਛ ਚੋਂ ਮੂੰਗਲਾ ਕੱਢ ਮਾਰਿਆ? ਮੈਨੂੰ ਤਾਂ ਆਪਣੇ ਸਾਰੇ ਅਗਵਾੜ ਨੇ ਕਹਿ ਕੇ ਮਿੰਬਰੀ ‘ਚ ਖੜ੍ਹਾ ਕੀਤਾ, ਤੂੰ ਆਹਨੀ ਆਂ ਬਹਿ ਜਾ ਪੁੱਤ ਮਿੱਠੂ’ ਪਾ ਤੀ ਆਂ ਵੋਟਾਂ ਤੂੰ ਤਾਂ ਮੈਨੂੰ। ਬੱਸ ਬਾਬਾ ਫ਼ੇਰ ਤਾਂ ਪਲ਼ੱਤਣਾਂ ਫ਼ਿਰ ਗੀਆਂ ਮਿੱਠੂ ਦੇ ਮੂੰਹ ‘ਤੇ, ਬਈ ਸ਼ਗਨ ਤਾਂ ਪਹਿਲਾਂ ਈ ਮਾੜਾ ਹੋ ਗਿਐ।”
ਬਾਬਾ ਕਹਿੰਦਾ, ”ਮਿੱਠੂ ਕੀ ਬੋਲਿਆ ਫ਼ਿਰ?”
ਅਮਲੀ ਕਹਿੰਦਾ, ”ਮਿੱਠੂ ਨੇ ਕੀ ਬੋਲਣਾ ਸੀ। ਵੋਟਾਂ ਮੰਗਣ ਆਲੇ ਉਨ੍ਹਾਂ ਦੇ ਘਰੋਂ ਤਾਂ ਫ਼ਿਰ ਇਉਂ ਨਿਕਲੇ ਢਿੱਲਾ ਜਾ ਮੂੰਹ ਕਰਕੇ ਜਿਵੇਂ ਤੇਜੂ ਕੀ ਕੁੜੀ ਦੀ ਜੰਨ ਮੋੜੀ ਸੀ ਕੁੱਟ ਕੇ।”
ਸੀਤਾ ਮਰਾਸੀ ਕਹਿੰਦਾ, ”ਫ਼ੇਰ ਤਾਂ ਜਿੱਤਿਆ ਈ ਖੜ੍ਹਾ ਮਿੱਠੂ।”
ਨਾਥਾ ਅਮਲੀ ਕਹਿੰਦਾ, ”ਚੱਲ ਜੇ ਹਾਰ ਵੀ ਗਿਆ ਤਾਂ ਖਾਣ ਪੀਣ ਤਾਂ ਸਿੱਖ ਜੂ।”
ਬਾਬੇ ਬਿਸ਼ਨ ਸਿਉਂ ਨੇ ਫੇਰ ਕੰਨ ਚੱਕ ਲਏ। ਅਮਲੀ ਨੂੰ ਕਹਿੰਦਾ, ”ਹੈਂ ਹੈ! ਆਹ ਖਾਣ ਪੀਣ ਕੀ ਅਮਲੀਆ ਓਏ?”
ਅਮਲੀ ਕਹਿੰਦਾ, ”ਬਾਬਾ ਤੂੰ ਤਾਂ ਭੋਲਾ ਜਾ ਬਣ ਜਾਨੈਂ ਗੱਲ ਪੁੱਛਣ ਦਾ ਮਾਰਾ। ਮਤਲਬ ਕਿ ਦਾਰੂ ਛਿੱਕਾ।”
ਏਨੇ ਨੂੰ ਚੜ੍ਹਤੇ ਫ਼ੌਜੀ ਕਾ ਗੇਜਾ ਸੱਥ ਵਿੱਚ ਆ ਕੇ ਕਹਿੰਦਾ, ”ਬਈ ਹਰੀ ਸਕੀਮੀ ਐਤਕੀ ਫ਼ੇਰ ਉੱਠ ਪਿਆ ਮਿੰਬਰੀ ‘ਚ।”
ਹਰੀ ਸਕੀਮੀ ਬਾਰੇ ਸੁਣ ਕੇ ਸਾਰੀ ਸੱਥ ਹੱਸ ਪਈ ਕਿਉਂਕਿ ਹਰੀ ਹਰੇਕ ਵੋਟਾਂ ‘ਚ ਖੜ੍ਹ ਜਾਂਦਾ ਤੇ ਬੁਰੀ ਤਰਾਂ ਹਾਰ ਜਾਂਦਾ ਜਿਸ ਕਰ ਕੇ ਲੋਕਾਂ ਵਿੱਚ ਉਹ ਇੱਕ ਹਾਸੇ ਦਾ ਜ਼ਰੀਆ ਬਣਿਆ ਹੋਇਆ ਸੀ।
ਹਰੀ ਸਕੀਮੀ ਬਾਰੇ ਗੱਲ ਸੁਣ ਕੇ ਨਾਥਾ ਅਮਲੀ ਕਹਿੰਦਾ, ”ਕੇਰਾਂ ਕਿਸੇ ਨੇ ਆਵਦੀ ਮਾਂ ਨੂੰ ਪੁੱਛਿਆ ਕਿ ਬੇਬੇ ਜਦੋਂ ਘੀਲਾ ਨੰਬਰਦਾਰ ਮਰ ਗਿਆ ਫ਼ੇਰ ਨੰਬਰਦਾਰ ਕੌਣ ਬਣੂ? ਉਹ ਕਹਿੰਦੀ ‘ਓਹਦਾ ਮੁੰਡਾ’। ਪੁੱਤ ਨੇ ਫ਼ੇਰ ਮਾਂ ਨੂੰ ਪੁੱਛ ਲਿਆ ਜਦੋਂ ਉਹਦਾ ਮੁੰਡਾ ਮਰ ਗਿਆ ਫ਼ੇਰ? ਉਹ ਕਹਿੰਦੀ ਫ਼ੇਰ ਗਾਹਾਂ ਓਹਦਾ ਮੁੰਡਾ। ਪੁੱਤ ਨੇ ਜਦੋਂ ਫ਼ੇਰ ਪੁੱਛਿਆ ਬਈ ਓਹਦੇ ਮਰੇ ਪਿੱਛੋਂ ਫ਼ੇਰ ਕੌਣ ਬਣੂੰ ਨੰਬਰਦਾਰ’? ਤਾਂ ਬੇਬੇ ਕਹਿਣ ਲੱਗੀ ‘ਪੁੱਤ! ਭਾਵੇਂ ਸਾਰਾ ਪਿੰਡ ਮਰ ਜੇ, ਪਰ ਤੈਨੂੰ ਨੰਬਰਦਾਰੀ ਨ੍ਹੀ ਮਿਲਣੀ’। ਉਹ ਗੱਲ ਹਰੀ ਸਕੀਮੀ ਦੀ ਐ। ਜਿੰਨੇ ਵਾਰੀ ਮਰਜ਼ੀ ਐ ਖੜ੍ਹਾ ਹੋ ਜੇ। ਏਹਨੇ ਨ੍ਹੀ ਜਿੱਤਣਾ, ਤੇ ਨਾ ਹੀ ਏਹਨੂੰ ਮਿਲਣੀ ਐਂ ਮਿੰਬਰੀ। ਮਿੰਬਰ ਵੀ ਤਾਂ ਈਂ ਬਣੂੰ ਜੇ ਜਿੱਤੂ, ਜਿੱਤਣਾ ਏਹਨੇ ਹੈਨ੍ਹੀ ਤੇ ਮਿੰਬਰੀ ਇਹਨੂੰ ਮਿਲਣੀ ਨ੍ਹੀ। ਤਿੰਨ ਚਾਰ ਵਾਰੀ ਤਾਂ ਪਹਿਲਾਂ ਹਾਰ ਗਿਆ। ਐਤਕੀਂ ਵੀ ਜੈਬੇ ਫ਼ੌਜੀ ਆਲੀ ਹੋਊ। ਜੈਬਾ ਫ਼ੌਜੀ ਕੇਰਾਂ ਸਰਪੈਂਚੀ ‘ਚ ਖੜ੍ਹਾ ਹੋ ਗਿਆ, ਸੰਦੂਖੜੀ ਚੋਂ ਵੋਟਾਂ ਨਿਕਲੀਆਂ ਤਿੰਨ। ਮਹੀਨਾ ਸਾਰੇ ਪਿੰਡ ਨੂੰ ਗਾਲਾਂ ਦੇਈ ਗਿਆ। ਕਹਿੰਦਾ ‘ਇੱਕ ਵੋਟ ਤਾਂ ਮੈਂ ਪਾਈ ਸੀ ਆਪ ਨੂੰ, ਦੂਜੀ ਮੇਰੇ ਟੱਬਰ ਦੀ ਸੀ। ਆਹ ਤੀਜੀ ਪਤਾ ਨ੍ਹੀ ਕਿਹੜਾ ਸਾਕ ਕਰ ਗਿਆ’।”
ਸੀਤਾ ਮਰਾਸੀ ਕਹਿੰਦਾ, ”ਨਹੀਂ ! ਐਤਕੀਂ ਤਾਂ ਸਕੀਮੀ ਨਾਹਰੇ ਵੀ ਜਿੱਤਣ ਆਲੇ ਲਾਉਂਦੇ ਐ। ਕਹਿੰਦੇ, ‘ਖੁੱਭਿਆ ਗੱਡਾ ਕੱਢਾਂਗੇ-ਹਰੀ ਜਿਤਾਕੇ ਛੱਡਾਂਗੇ’। ਇੱਕ ਨਾਹਰਾ ਹੋਰ ਲਾਉਂਦੇ ਐ ‘ਜੇ ਨਾ ਪਾਈ ਵੋਟ ਹਰੀ ਨੂੰ, ਛੱਪੜੋਂ ਕੱਢ ਦੂ ਮੱਝ ਵੜੀ ਨੂੰ’।઺
ਬਾਬਾ ਬਿਸ਼ਨ ਸਿਉਂ ਹੱਸ ਕੇ ਕਹਿੰਦਾ, ”ਆਹੋ ਬਈ ! ਘਰ ਦੇ ਸਾਹਮਣੇ ਐਂ ਛੱਪੜ ਜਦੋਂ। ਤਾਹੀਂ ਤਾਂ ਛੱਪੜ ਦਾ ਦਬਕਾ ਮਾਰਦੈ।”
ਏਨੇ ਨੂੰ ਸਰਪੈਂਚੀ ‘ਚ ਖੜ੍ਹਾ ਹੋਇਆ ਗੇਲਾ ਕਾਫ਼ੀ ਸਾਰੇ ਆਪਣੇ ਹਮਾਇਤੀਆਂ ਨੂੰ ਨਾਲ ਲੈ ਕੇ ਸੱਥ ਵਿੱਚ ਆ ਹੁੰਚਿਆ। ਸੱਥ ਵਿੱਚ ਬੈਠੇ ਲੋਕਾਂ ਨੂੰ ਕਹਿੰਦਾ, ”ਬਈ ਗੱਲ ਇਹ ਐ! ਸੋਨੂੰ ਵੀ ਸਾਰਿਆਂ ਨੂੰ ਪਤਾ ਈ ਐ ਕਿ ਮੈਂ ਖੜ੍ਹਾ ਹੋਇਆਂ ਸਰਪੈਂਚੀ ‘ਚ, ਵੋਟ ਸੋਡੀ ਮਰਜ਼ੀ ਐ ਤੁਸੀਂ ਪਾਉਣੀ ਐ ਜਾਂ ਨਹੀਂ ਪਾਉਣੀ, ਇਹ ਸੋਨੂੰ ਪਤੈ, ਪਰ ਮੇਰੀ ਇੱਕ ਬੇਨਤੀ ਜਰੂਰ ਮੰਨ ਲਿਓ ਕਿ ਜੈਮਲ ਕੇ ਅਗਵਾੜ ਆਲੀ ਧਰਮਸ਼ਾਲਾ ‘ਚ ਮੇਰੇ ਵਲੋਂ ਅੱਜ ‘ਕੱਠ ਐ ਆਥਣੇ ਚਾਰ ਵੱਜਦੇ ਦੇ ਨਾਲ, ਸੋ ਤੁਸੀਂ ਸਾਰੇ ਜਾਣੇ ਓੱਥੇ ਇੱਕ ਵਾਰੀ ਜਰੂਰ ਆ ਜਿਓ, ਵੋਟ ਜੀਹਨੂੰ ਮਰਜੀ ਪਾ ਦਿਓ।”
ਗੇਲੇ ਦੀ ਬੇਨਤੀ ਮੰਨ ਕੇ ਸੱਥ ਵਿੱਚ ਬੈਠੇ ਸਾਰ ਜਣੇ ਲੋਕ ਗੇਲੇ ਦੇ ਮਗਰ ਇਉਂ ਤੁਰ ਪਏ ਜਿਵੇਂ ਪਿੰਡ ਵਿੱਚ ਕੋਈ ਵੱਡਾ ਲੀਡਰ ਜਿੱਤ ਕੇ ਵਜ਼ੀਰ ਬਣਨ ਪਿੱਛੋਂ ਧੰਨਵਾਦੀ ਦੌਰੇ ਤੇ ਫ਼ਿਰਦਾ ਹੋਵੇ।