ਨਵੀਂ ਦਿੱਲੀ (ਬਿਊਰੋ)ਂ ਬਾਲ ਟੈਂਪਰਿੰਗ ਮਾਮਲੇ ਵਿਚ ਫ਼ਸੇ ਡੇਵਿਡ ਵਾਰਨਰ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਕ੍ਰਿਕਟ ਆਸਟਰੇਲੀਆ (ਸੀ.ਏ.) ਅਜੇ ਤਾਂ ਵਾਰਨਰ ਦੇ ਕ੍ਰਿਕਟ ਭਵਿੱਖ ਉੱਤੇ ਫ਼ੈਸਲਾ ਲੈਣ ਵਾਲੀ ਹੈ, ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਾਥੀ ਖਿਡਾਰੀਆਂ ਦੇ ਬਗਾਵਤੀ ਸੁਰ ਸੁਰਖੀਆਂ ਵਿਚ ਹਨ। ਕੇਪਟਾਉਨ ਤੋਂ ਖਬਰ ਆ ਰਹੀ ਹੈ ਕਿ ਵਾਰਨਰ ਨੇ ਟੀਮ ਹੋਟਲ ਦੇ ਬਾਰ ਵਿਚ ਆਪਣੇ ਕੁਝ ਬਾਹਰੀ ਦੋਸਤਾਂ ਨਾਲ ਪਾਰਟੀ ਕੀਤੀ, ਜਿਸਦੇ ਬਾਅਦ ਟੀਮ ਦੇ ਸਾਰੇ ਖਿਡਾਰੀ ਉਨ੍ਹਾਂ ਨੂੰ ਹੋਟਲ ਤੋਂ ਬਾਹਰ ਕਰਨ ਦੀ ਜਿੱਦ ਉੱਤੇ ਅੜ ਗਏ ਹਨ।
ਖੁਦ ਨੂੰ ਟੀਮ ਦੇ ਵ੍ਹੱਟਸਐਪ ਗਰੁੱਪ ਤੋਂ ਵੀ ਹਟਾਇਆ
ਇੱਕ ਰਿਪੋਰਟ ਮੁਤਾਬਕ ਵਾਰਨਰ ਦੀ ਹਰਕਤ ਤੋਂ ਸਾਥੀ ਖਿਡਾਰੀ ਇੰਨੇ ਪਰੇਸ਼ਾਨ ਹਨ ਕਿ ਉਨ੍ਹਾਂ ਨੇ ਚਿਤਾਵਨੀ ਤੱਕ ਦੇ ਦਿੱਤੀ ਹੈ ਕਿ ਜੇਕਰ ਉਸਨੂੰ (ਵਾਰਨਰ) ਨਹੀਂ ਕੱਢਿਆ ਗਿਆ, ਤਾਂ ਉਹ ਖੁਦ ਉੱਤੇ ਕਾਬੂ ਨਹੀਂ ਰੱਖ ਪਾਉਣਗੇ। ਖਬਰ ਇਹ ਵੀ ਹੈ ਕਿ ਵਾਰਨਰ ਨੇ ਖੁਦ ਨੂੰ ਟੀਮ ਦੇ ਵ੍ਹੱਟਸਐਪ ਗਰੁੱਪ ਤੋਂ ਵੀ ਹਟਾ ਲਿਆ ਹੈ।
ਕ੍ਰਿਕਟ ਆਸਟਰੇਲੀਆ ਦੀ ਗੇਂਦ ਨਾਲ ਛੇੜਛਾੜ ਮਾਮਲੇ ਵਿਚ ਅੱਜ ਦੱਖਣ ਅਫ਼ਰੀਕਾ ਵਿਚ ਬੈਠਕ ਹੋਵੇਗੀ, ਜਿਸ ਵਿਚ ਕੋਚ ਡੇਰੇਨ ਲੇਹਮਨ ਅਤੇ ਕਪਤਾਨ ਸਟੀਵ ਸਮਿਥ ਦੇ ਭਵਿੱਖ ਦਾ ਫ਼ੈਸਲਾ ਕੀਤਾ ਜਾਵੇਗਾ। ਕ੍ਰਿਕਟ ਆਸਟਰੇਲੀਆ ਦੇ ਪ੍ਰਮੁਖ ਜੇਮਸ ਸਦਰਲੈਂਡ ਉੱਤੇ ਸਖਤ ਫ਼ੈਸਲਾ ਕਰਨ ਲਈ ਭਾਰੀ ਦਬਾਅ ਹੈ, ਕਿਉਂਕਿ ਆਸਟਰੇਲੀਆਈ ਮੀਡੀਆ ਨੇ ਟੀਮ ਸੰਸਕ੍ਰਿਤੀ ਨੂੰ ਬਦਹਾਲ ਕਰਾਰ ਦਿੱਤਾ ਹੈ। ਉਹ ਅੱਜ ਜੋਹਾਨਸਬਰਗ ਪਹੁੰਚਣਗੇ, ਜਿੱਥੇ ਉਹ ਇਸ ਸੰਸਥਾ ਦੀ ਅਚਾਰ ਸੰਹਿਤਾ ਸਬੰਧੀ ਕਮੇਟੀ ਦੇ ਪ੍ਰਮੁੱਖ ਇਯਾਨ ਰਾਏ ਨਾਲ ਮਿਲਣਗੇ।
12 ਮਹੀਨੇ ਦਾ ਲੱਗ ਸਕਦੈ ਬੈਨ
ਸਦਰਲੈਂਡ ਅਤੇ ਰਾਏ ਸਖਤ ਫ਼ੈਸਲੇ ਕਰ ਸਕਦੇ ਹਨ ਅਤੇ ਰਿਪੋਰਟਾਂ ਮੁਤਾਬਕ ਉਹ ਸਮਿਥ ਅਤੇ ਉਪ-ਕਪਤਾਨ ਡੇਵਿਡ ਵਾਰਨਰ ਉੱਤੇ 12 ਮਹੀਨੇ ਦਾ ਬੈਨ ਲਗਾ ਕੇ ਉਨ੍ਹਾਂ ਨੂੰ ਆਪਣੇ ਦੇਸ਼ ਭੇਜ ਸਕਦੇ ਹਨ। ਸਮਿਥ ਗੇਂਦ ਨਾਲ ਛੇੜਖਾਨੀ ਦੀ ਯੋਜਨਾ ਬਣਾਉਣ ਵਿਚ ਸ਼ਾਮਲ ਹੋਣ ਦੇ ਕਾਰਨ ਪਹਿਲਾਂ ਹੀ ਇੱਕ ਮੈਚ ਦਾ ਬੈਨ ਝਲ ਰਹੇ ਹਨ, ਜੋ ਉਨ੍ਹਾਂ ਉੱਤੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਲਗਾਇਆ ਹੈ। ਸਮਿਥ ਦੇ ਸਾਥੀ ਕਾਮਰਨ ਬੇਨਕਰਾਫ਼ਟ ਨੂੰ ਦੱਖਣ ਅਫ਼ਰੀਕਾ ਖਿਲਾਫ਼ ਤੀਸਰੇ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਕਰਦੇ ਹੋਏ ਪਾਇਆ ਗਿਆ ਸੀ।