ਮਲਸੀਆਂ — ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜਨ ਵਾਲੇ ਉਮੀਦਵਾਰ ਦੇ ਅਕਾਲੀ ਦਲ ਬਾਦਲ ‘ਚ ਸ਼ਾਮਲ ਹੋਣ ਨਾਲ ਇਹ ਗੱਲ ਸਾਫ ਹੋ ਗਈ ਹੈ ਕਿ ਆਮ ਆਦਮੀ ਪਾਰਟੀ, ਅਕਾਲੀ ਦਲ-ਭਾਜਪਾ ਦੀ ਬੀ-ਟੀਮ ਸੀ ਅਤੇ ਹੁਣ ਹੌਲੀ-ਹੌਲੀ ਬੀ-ਟੀਮ ਦਾ ਰਲੇਵਾਂ ਏ-ਟੀਮ ‘ਚ ਹੋ ਰਿਹਾ ਹੈ।
ਇਸ ਗੱਲ ਦਾ ਪ੍ਰਗਟਾਵਾ ਇਨ੍ਹਾਂ ਕਾਰਵਾਈਆਂ ਤੋਂ ਲੱਗਦਾ ਹੈ ਕਿ ਪਹਿਲਾਂ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕੇਸ ਕੀਤਾ ਤੇ ਹੁਣ ਕੇਜਰੀਵਾਲ ਨੇ ਮਾਫੀ ਮੰਗ ਲਈ ਤੇ ਮਜੀਠੀਆ ਨੇ ਕੇਸ ਵਾਪਸ ਲੈ ਲਿਆ। ਉਕਤ ਵਿਚਾਰਾਂ ਦਾ ਪ੍ਰਗਟਾਵਾ ਬੁੱਧਵਾਰ ਇਥੇ ਆਪਣੇ ਗ੍ਿਰਹ ਵਿਖੇ ਕਰਦਿਆਂ ਪੰਜਾਬ ਕਾਂਗਰਸ ਦੇ ਮੁੱਖ ਸਕੱਤਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕੀਤਾ।
ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਆਪਣੀ ਹਾਰ ਨੂੰ ਸਪੱਸ਼ਟ ਦੇਖਦਿਆਂ ਪੰਜਾਬ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਇਕ-ਦੂਜੇ ਵਿਰੁੱਧ ਚੋਣਾਂ ਲੜੀਆਂ ਸਨ ਪਰ ਪੰਜਾਬ ਦੇ ਵੋਟਰਾਂ ਨੇ ਉਕਤ ਪਾਰਟੀਆਂ ਦੀ ਇਸ ਕੋਝੀ ਚਾਲ ਨੂੰ ਭਾਂਪਦੇ ਹੋਏ ਇਨ੍ਹਾਂ ਦੋਵਾਂ ਪਾਰਟੀਆਂ ਪੂਰੀ ਤਰ੍ਹਾਂ ਨਾਕਾਰ ਦਿੱਤਾ। ਲੋਕ ਹੁਣ ਇਨ੍ਹਾਂ ਮੌਕਾਪ੍ਰਸਤ ਪਾਰਟੀਆਂ ਨੂੰ ਮੂੰਹ ਨਹੀਂ ਲਾਉਣਗੇ ਅਤੇ ਆਉਣ ਵਾਲੀ ਸ਼ਾਹਕੋਟ ਦੀ ਜ਼ਿਮਨੀ ਚੋਣ ‘ਚ ਇਨ੍ਹਾਂ ਨੂੰ ਸਬਕ ਸਿਖਾਉਣਗੇ। ਉਨ੍ਹਾਂ ਹੋਰ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਦਾ ਹੁਣ ਪੰਜਾਬ ‘ਚ ਵਜੂਦ ਖਤਮ ਹੋਣ ਕਿਨਾਰੇ ਪਹੁੰਚ ਚੁੱਕਾ ਹੈ।
ਇਸ ਮੌਕੇ ਅਸ਼ਵਿੰਦਰ ਪਾਲ ਸਿੰਘ ਖਹਿਰਾ, ਸੰਦੀਪ ਸਿੰਘ ਖਹਿਰਾ ਸਰਪੰਚ, ਅਜਮੇਰ ਸਿੰਘ ਖਾਲਸਾ, ਗੁਰਮੁਖ ਸਿੰਘ ਬਹੁਗੁਣ, ਮਾ. ਗੁਰਮੇਜ ਸਿੰਘ, ਸੰਤੋਖ ਸਿੰਘ ਖਾਲਸਾ, ਗੁਰਿੰਦਰ ਸਿੰਘ ਬਹੁਗੁਣ ਯੂਥ ਆਗੂ, ਹਰਜਿੰਦਰ ਸਿੰਘ ਢਿੱਲੋਂ, ਬਲਦੇਵ ਸਿੰਘ ਸਰਪੰਚ, ਕਮਲ ਨਾਹਰ ਐੱਮ. ਸੀ., ਬਿਕਰਮਜੀਤ ਸਿੰਘ ਬਜਾਜ, ਪ੍ਰਵੀਨ ਗਰੋਵਰ, ਟਿੰਪੀ ਕੁਮਰਾ, ਬਲਦੇਵ ਸਿੰਘ ਸੰਧਾ ਪੰਚ, ਬਲਰਾਜ ਸਿੰਘ ਜੰਮੂ ਪੰਚ ਆਦਿ ਵੀ ਉਨ੍ਹਾਂ ਦੇ ਨਾਲ ਸਨ।