ਨੱਕੋ ਨੱਕ ਭਰੀ ਸੱਥ ‘ਚ ਤਾਸ਼ ਖੇਡਣ ਵਾਲਿਆਂ ਨੇ ਰੌਲੇ ਨਾਲ ਅਸਮਾਨ ਸਿਰ ‘ਤੇ ਚੁਕਿਆ ਹੋਇਆ ਸੀ। ਨਾਥੇ ਅਮਲੀ ਨੇ ਸੱਥ ‘ਚ ਆਉਂਦਿਆਂ ਹੀ ਥੜ੍ਹੇ ‘ਤੇ ਬੈਠੇ ਬਖਤੌਰੇ ਕੇ ਗਾਘੜ ਨੂੰ ਰੌਲੇ ਬਾਰੇ ਪੁੱਛਿਆ, ”ਇਹ ਹਾਂ-ਹਾਂ ਹੀਂ-ਹੀਂ ਕੀ ਕਰੀ ਜਾਂਦੇ ਐ ਗਾਘੜੂ ਓਏ?”
ਜਿਉਂ ਹੀ ਅਮਲੀ ਨੇ ਗਾਘੜ ਨੂੰ ਗਾਘੜੂ ਕਿਹਾ ਤਾਂ ਗਾਘੜ ਨਾਥੇ ਅਮਲੀ ਦੇ ਇਉਂ ਗਲ ਪੈ ਗਿਆ ਜਿਮੇਂ ਡੰਗ ਮਾਰਾਂ ਦਾ ਘੱਪੂ ਸ਼ਰਾਬ ਪੀਤੀ ‘ਚ ਗੁਰਦੁਆਰੇ ਆਲੇ ਤੇਜੂ ਗਰੰਥੀ ਨੂੰ ਘੇਰ ਕੇ ਖੜ੍ਹ ਗਿਆ ਸੀ ਬਈ ਤੂੰ ਸ਼ਰਾਬ ਪੀ ਕੇ ਭੋਗ ਪਾਉਨਾ ਹੁੰਨੈ।
ਗਾਘੜ ਨੂੰ ਅਮਲੀ ਦੇ ਗਲ ਪਿਆ ਵੇਖ ਕੇ ਬਾਬਾ ਸੁੱਚਾ ਸਿਉਂ ਨਾਥੇ ਅਮਲੀ ਨੂੰ ਘੂਰਦਾ ਹੋਇਆ ਬੋਲਿਆ, ”ਗੱਲ ਸੁਣ ਓਏ ਬਿੰਗੜਾ ਜਿਆ! ਤੂੰ ਹਰੇਕ ਦੀਓ ਈ ਵੱਢਮੀਂ ਗੱਲ ਨਾ ਕਰਿਆ ਕਰ, ਤੇਰਾ ਐਹੋ ਜਾ ਕੋਈ ਵਾਜਾ ਵਜਾਊ ਜਿਹੜਾ ਭੰਨੇ ਤੋਂ ਮਨ੍ਹੀ ਵੱਜਣੋਂ ਹਟਣਾ ਤੈਂ ਬੋਲਣੋਂ।”
ਸੀਤਾ ਮਰਾਸੀ ਅਮਲੀ ਦੀ ਗੱਲ ਕਰਦਾ ਬਾਬੇ ਸੁੱਚਾ ਸਿਉਂ ਨੂੰ ਅਮਲੀ ਵੱਲ ਇਸ਼ਾਰਾ ਕਰ ਕੇ ਕਹਿੰਦਾ, ”ਇਹ ਤੇ ਡੰਗ ਮਾਰਾਂ ਦਾ ਘੱਪੂ, ਗਰੰਥੀਆਂ ਨਾਲ ਬਹੁਤ ਲੜਦੇ ਐ ਬਾਬਾ। ਆਹ ਕਈ ਦਿਨ ਹੋ ਗੇ, ਇਹ ਓਧਰਲੇ ਗੁਰਦੁਆਰੇ ਦੇ ਘੀਰੇ ਗਰੰਥੀ ਦੇ ਤੜਕੋ ਤੜਕੀ ਗਲ ਪਿਆ ਖੜ੍ਹਾ ਜਦੋਂ ਉਹ ਬਾਬੇ ਭਜਨੇ ਕੇ ਪਾਠ ਕਰਨ ਇਹਦੇ ਬਾਰ ਮੂਹਰਦੀ ਨੰਘਣ ਲੱਗਿਆ।”
ਸੀਤੇ ਮਰਾਸੀ ਦੀ ਗੱਲ ਸੁਣ ਕੇ ਅਮਲੀ ਮਰਾਸੀ ਨੂੰ ਫੂਸ ਦੀ ਅੱਗ ਵਾਂਗ ਚਿੰਬੜ ਗਿਆ ਜਿਵੇਂ ਅੱਗ ਸੁੱਕੇ ਫੂਸ ਨੂੰ ਦੂਰੋਂ ਹੀ ਉੱਡ ਕੇ ਪੈ ਜਾਂਦੀ ਹੈ।
ਬਾਬੇ ਸੁੱਚਾ ਸਿਉਂ ਨੇ ਅਮਲੀ ਨੂੰ ਪੁੱਛਿਆ, ”ਕਿਉਂ ਅਮਲੀਆ ਓਏ! ਉਹਦੇ ਘੀਰੇ ਦੇ ਕਾਹਤੋਂ ਗਲ ਪਿਆ ਸੀ। ਉਹ ਤਾਂ ਯਾਰ ਪਾਠ ਵੀ ਬੜਾ ਸ਼ੁੱਧ ਪੜ੍ਹਦਾ ਨਾਲੇ ਐਨਾ ਸ਼ਰੀਫ਼ ਐ ਬੰਦਾ।”
ਨਾਥਾ ਅਮਲੀ ਬਾਬੇ ਸੁੱਚਾ ਸਿਉਂ ਤੋਂ ਘੀਰੇ ਦੀ ਸ਼ਰਾਫ਼ਤ ਬਾਰੇ ਗੱਲ ਸੁਣ ਕੇ ਪੁੱਠ ਕੰਡੇ ਵਾਂਗ ਬਾਬੇ ਦੇ ਗਲ ਪੈ ਗਿਆ, ”ਐਡਾ ਸ਼ਰੀਫ਼ ਕਿਧਰੋਂ ਭਾਲ ਲਿਆ ਬਾਬਾ ਤੂੰ ਬਲਾਚੌਰੀਆ ਭਾਂਬੜ। ਇਹਦੀਆਂ ਘੀਰੇ ਦੀਆਂ ਸ਼ਕਾਇਤਾਂ ਬਹੁਤ ਐ।”
ਬਾਬਾ ਅਮਲੀ ਨੂੰ ਕਹਿੰਦਾ, ”ਕੁਸ ਦੱਸੇਂਗਾ ਵੀ ਕੁ ਕੌਡੀ ਆਲਿਆਂ ਆਂਗੂੰ ਪਾਲਾ ਈ ਵਗਲੀ ਜਾਏਗਾ?”
ਅਮਲੀ ਕਹਿੰਦਾ, ”ਪਹਿਲੀ ਗੱਲ ਤਾਂ ਬਾਬਾ ਇਹ ਐ ਬਈ ਇਹ ਆਪਣੇ ਗੁਆੜ ‘ਚ ਤਾਂ ਕਿਸੇ ਨਾਲ ਲੜਦਾ ਬੋਲਦਾ ਨ੍ਹੀ ਬਈ ਕੋਈ ਗਲ਼ ਫੜ੍ਹਕੇ ਉਂਡ ‘ਤੇ ਨਾ ਕਰਦੇ। ਓਧਰਲੇ ਭਾਈ ਕੇ ਗੁਆੜ ਜਾ ਕੇ ਇਉਂ ਬੋਲੂ ਜਿਮੇਂ ਇਹ ਤੋਂ ਸਿਆਣਾ ਕੋਈ ਜੰਮਿਆਂ ਈ ਨ੍ਹੀ ਹੁੰਦਾ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਉਹ ਕਿਵੇਂ ਅਮਲੀਆ ਓਏ?”
ਅਮਲੀ ਕਹਿੰਦਾ, ”ਕਿਮੇਂ ਕਾਹਦੀ! ਇਹਦੀ ਤਾਂ ਬਾਹਰਲੇ ਡੱਬੂ ਕੁੱਤੇ ਆਲੀ ਗੱਲ ਐ। ਕਹਿੰਦੇ ਕੇਰਾਂ ਕੋਈ ਡੱਬ-ਖੜੱਬਾ ਕੁੱਤਾ ਬਾਹਰਲੇ ਮੁਲਕਾਂ ਦੇ ਗੇੜੇ ਗੂੜੇ ਕੱਢਦਾ ਕਢਾਉਂਦਾ ਆਪਣੇ ਮੁਲਖ ‘ਚ ਆ ਗਿਆ। ਜਦੋਂ ਐਥੋਂ ਆਲੇ ਕੁੱਤਿਆਂ ਨੂੰ ਪਤਾ ਲੱਗਿਆ ਬਈ ਇਹ ਕੁੱਤਾ ਬਾਹਰਲੇ ਮੁਲਖ ‘ਚੋਂ ਆਇਐ, ਇਹਨੂੰ ਪੁੱਛੀਏ ਤਾਂ ਸਹੀ ਬਈ ਤੂੰ ਐਨੇ ਵਧੀਆ ਤੇ ਸਾਫ਼ ਸੁਥਰੇ ਮੁਲਖ ‘ਚੋਂ ਆ ਕੇ ਐਥੇ ਰਹਿਣ ਬਾਰੇ ਆ ਗਿਐਂ, ਏਥੇ ਨਾ ਤਾਂ ਕੋਈ ਸੁੱਖ ਸਹੂਲਤ ਐ, ਨਾ ਹੀ ਮੌਸਮ ਵਧੀਆ। ਸੁੱਕੀਆਂ ਰੋਟੀਆਂ ਖਾਣ ਨੂੰ ਐ। ਤੂੰ ਕਿਉਂ ਏਥੇ ਆ ਕੇ ਫ਼ਸ ਗਿਐਂ ਬਈ। ਅਕੇ ਉਹ ਬਾਹਰਲੇ ਮੁੱਲਖ ਆਲਾ ਕੁੱਤਾ ਕਹਿੰਦਾ ‘ਓਧਰਲੇ ਬਾਹਰਲੇ ਮੁਲਖਾਂ ‘ਚ ਖਾਣਾ ਪੀਣਾ ਵੀ ਬਹੁਤ ਵਧੀਆ। ਸੌਣ ਵਾਸਤੇ ਪੋਲੇ ਪੋਲੇ ਗੱਦੇ ਮਿਲਦੇ ਐ। ਸਾਫ਼ ਸੁੱਥਰੀ ਤਾਜੀ ਹਵਾ ਫ਼ੱਕੀਦੀ ਸੀ। ਲਿਟਣ ਨੂੰ ਮਖਮਲ ਵਰਗੇ ਘਾਹ ਓੱਥੇ’। ਆਪਣੇ ਆਲਾ ਇੱਕ ਕੁੱਤਾ ਹਰਖ ਕੇ ਫ਼ੇਰ ਬੋਲ ਪਿਆ ‘ਫ਼ੇਰ ਏਥੇ ਕੀ ਧੱਕੇ ਖਾਣ ਆਇਐਂ’। ਅਕੇ ਉਹ ਬਾਹਰੋਂ ਆਇਆ ਡੱਬ-ਖੜੱਬਾ ਕੁੱਤਾ ਕਹਿੰਦਾ ‘ਬਾਕੀ ਤਾਂ ਓੱਥੇ ਸਭ ਕੁਝ ਐਥੋਂ ਨਾਲੋਂ ਬਹੁਤ ਵਧੀਆ, ਪਰ ਭੌਂਕਣ ‘ਤੇ ਪਾਬੰਦੀ ਐ ਓੱਥੇ। ਐਥੇ ਮੈਂ ਤਾਂ ਕਰ ਕੇ ਆ ਗਿਆਂ ਬਈ ਜਿਹੜੇ ਚਾਰ ਵਰ੍ਹੇ ਉਮਰ ਐ, ਚੱਲ ਇੰਡੀਆ ਜਾ ਕੇ ਭੌਂਕ ਭੂੰਕ ਆਉਣੇ ਆਂ। ਆਹ ਗੱਲ ਐ ਮਿੱਤਰੋ’। ਹੁਣ ਉਹੀ ਗੱਲ ਘੀਰੇ ਦੀ ਐ। ਓਧਰਲੇ ਗੁਆੜ ‘ਚ ਬੋਲਣ ਜਾਂਦੈ ਇਹੇ। ਏਥੇ ਆਪਣੇ ਗੁਆੜ ‘ਚ ਤਾਂ ਇਹਨੂੰ ਕੋਈ ਬੋਲਣ ਨ੍ਹੀ ਦਿੰਦਾ। ਹਰੇਕ ਈ ਇਹਦੇ ਗਲ ਪੈ ਜਾਂਦਾ।”
ਬੁੱਘਰ ਦਖਾਣ ਕਹਿੰਦਾ, ”ਇਹਦਾ ਮਤਲਬ ਤਾਂ ਅਮਲੀਆ ਇਹੀ ਹੋਇਆ ਬਈ ਇਹ ਡੱਬੂ ਕੁੱਤੇ ਆਂਗੂੰ ਓਧਰਲੇ ਗੁਆੜ ਭੌਂਕਣ ਜਾਂਦੈ ਹੈਂਅ?”
ਅਮਲੀ ਬੁੱਘਰ ਦਖਾਣ ਦੀ ਗੱਲ ਸੁਣ ਕੇ ਕਹਿੰਦਾ, ”ਮੈਂ ਭੌਂਕਣ ਭਕਾਉਣ ਆਲੀ ਗੱਲ ਨ੍ਹੀ ਕਰਦਾ, ਮੈਂ ਤਾਂ ਊਂ ਦੱਸਿਆ ਕੁੱਤੇ ਦੀ ਕਹਾਣੀ ਪਾ ਕੇ।”
ਸੁਰਜਨ ਬੁੜ੍ਹਾ ਕਹਿੰਦਾ, ”ਇੱਕ ਦਿਨ ਗੇਲੇ ਰਾਗੀ ਦੇ ਗਲ਼ ਪਿਆ ਖੜ੍ਹਾ ਸੀ ਘੱਪੂ। ਉਹ ਕੀ ਗੱਲ ਸੀ ਅਮਲੀਆ ਓਏ?”
ਅਮਲੀ ਕਹਿੰਦਾ, ”ਘੱਪੂ ਕਾਹਨੂੰ ਗੇਲੇ ਰਾਗੀ ਦੇ ਗਲ਼ ਪਿਆ ਸੀ, ਗੇਲਾ ਰਾਗੀ ਪਿਆ ਸੀ ਘੱਪੂ ਦੇ ਗਲ।”
ਬਾਬੇ ਸੁੱਚਾ ਸਿਉਂ ਨੇ ਪੁੱਛਿਆ, ”ਕਿਉਂ! ਰਾਗੀ ਨੇ ਕੀ ਘੱਪੂ ਦੇ ਮੋਠ ਮਿੱਧ ‘ਤੇ।”
ਅਮਲੀ ਕਹਿੰਦਾ, ”ਮੋਠਾਂ ਅਰਗੇ ਮੋਠ ਬਾਬਾ। ਜਿੱਦੇ ਸ਼ਰਾਬੀਆਂ ਦਾ ਬੁੜ੍ਹਾ ਮਰਿਆ, ਇਹਨੇ ਕਿਤੇ ਗੇਲੇ ਰਾਗੀ ਨੇ ਸ਼ਰਾਬੀਆਂ ਦੇ ਬੁੜ੍ਹੇ ਦਾ ਭੋਗ ਪਾਇਆ ਸੀ। ਓਹਤੋਂ ਵੀਹ ਕੁ ਦਿਨ ਪਹਿਲਾਂ ਮਕੰਦੇ ਨਸ਼ਈ ਦਾ ਭੋਗ ਪਾਇਆ ਸੀ ਗੇਲੇ ਰਾਗੀ ਨੇ। ਇਹਨੂੰ ਰਾਗੀ ਨੂੰ ਗਲੇ ਦੀ ਕੋਈ ਬਮਾਰੀ ਐ। ਇਹ ਤਾਹੀਂ ਗੁਣਗਣਾ ਕੇ ਜੇ ਬੋਲਦਾ ਜਿਮੇਂ ਦਾਰੂ ਪੀਤੀ ਆਲੇ ਬੋਲਦੇ ਹੁੰਦੇ ਐ। ਇਹ ਘੱਪੂ ਕਿਤੇ ਮੱਦੀ ਪੰਡਤ ਕੋਲੇ ਕਹਿ ਬੈਠਾ ਬਈ ਗੇਲਾ ਰਾਗੀ ਸ਼ਰਾਬ ਪੀ ਕੇ ਭੋਗ ਪਾਉਂਦਾ ਲੋਕਾਂ ਦੇ ਮਰਗ ‘ਤੇ। ਅਕੇ ਗੇਲਾ ਕਹੂ ‘ਮੈਂ ਤਾਂ ਕਰ ਕੇ ਸ਼ਰਾਬ ਪੀ ਕੇ ਭੋਗ ਪਾਉਂਦਾ ਹੁੰਨਾਂ ਬਈ ਇਹ ਜੀਹਦਾ ਭੋਗ ਪਾਇਆ ਇਹ ਸ਼ਰਾਬ ਪੀਂਦਾ ਹੁੰਦਾ ਸੀ। ਇਹ ਗੱਲ ਕਿਤੇ ਬਾਬਾ ਕਿਸੇ ਨੇ ਗੇਲੇ ਰਾਗੀ ਨੂੰ ਦੱਸ ‘ਤੀ ਬਈ ਘੱਪੂ ਇਉਂ ਕਹਿੰਦਾ। ਇਹ ਗੇਲਾ ਤਾਂ ਕਰ ਕੇ ਘੱਪੂ ਨਾਲ ਲੜਦਾ ਸੀ।”
ਬਾਬਾ ਸੁੱਚਾ ਸਿਉਂ ਕਹਿੰਦਾ, ”ਮਾੜੀ ਗੱਲ ਐ ਘੱਪੂ ਵਾਸਤੇ ਬਈ ਐਮੇਂ ਕਿਸੇ ‘ਤੇ ਤੋਹਮਤ ਲਾਉਣੀ। ਇਹ ਘੱਪੂ ਕਾ ਪਹਿਲਾ ਲਾਣਾ ਵੀ ਇਹੋ ਜਾ ਕੁਸ ਕਰਦਾ ਹੁੰਦਾ ਸੀ। ਜੇ ਕਿਸੇ ਹੱਟ ਤੋਂ ਸੌਦਾ ਲਿਆਂਦਾ ਤਾਂ ਉਹਦੇ ਪੈਂਸੇ ਨਾ ਦੇਣੇ। ਫ਼ਸਲ ਸਿੱਟਣ ਵੇਲੇ ਆੜ੍ਹਤੀਏ ਨਾਲ ਵਾਧੂ ਗੱਲ ਤੋਂ ਜੁੱਤੋ ਜੁਤੀ ਹੋਈ ਜਾਣਾ। ਉਧਾਰ ਦੇਣ ਦੇ ਮਾਰੇ ਨੇ ਐਮੇਂ ਪਾਖੰਡ ਕਰੀ ਜਾਣੇ ਬਈ ਬਾਣੀਆਂ ਪੈਂਸੇ ਨਾ ਮੰਗੇ।”
ਮਾਹਲਾ ਨੰਬਰਦਾਰ ਬਾਬੇ ਸੁੱਚਾ ਸਿਉਂ ਨੂੰ ਕਹਿੰਦਾ, ”ਕਿਉਂ ਸੁੱਚਾ ਸਿਆਂ! ਉਹ ਗੱਲ ਕਿਮੇਂ ਸੀ ਘੱਪੂ ਦੇ ਦਾਦੇ ਦੀ। ਦਸਦੇ ਹੁੰਦੇ ਐ ਅਕੇ ਜਦੋਂ ਆਪਣੇ ਪਿੰਡ ਆਲਾ ਸੰਸਾਰੀ ਬਾਣੀਆਂ ਘੱਪੂ ਦੇ ਦਾਦੇ ਬਸੰਤੇ ਤੋਂ ਪੈਂਸੇ ਲੈਣ ਗਿਆ ਸੀ ਅਕੇ ਬਸੰਤਾ ਬਾਣੀਏ ਨੂੰ ਡਰਾਉਣ ਦਾ ਮਾਰਾ ਰੱਸਾ ਚੱਕੀ ਫ਼ਿਰੇ ਫ਼ਾਹਾ ਲੈਣ ਨੂੰ। ਏਮੇਂ ਈ ਸੀ ਗੱਲ?”
ਬਾਬਾ ਸੁੱਚਾ ਸਿਉਂ ਕਹਿੰਦਾ, ”ਇਉਂ ਕਾਹਨੂੰ ਸੀ ਉਹ ਗੱਲ। ਗੱਲ ਤਾਂ ਇਉਂ ਸੀ ਕਿ ਬਸੰਤੇ ਨੇ ਕਿਤੇ ਸੰਸਾਰੀ ਬਾਣੀਏ ਤੋਂ ਕੁੜੀ ਦੇ ਵਿਆਹ ਵਾਸਤੇ ਸੌਦਾ ਉਧਾਰ ਚੱਕ ਲਿਆ ਬਈ ਪੈਂਸੇ ਵਿਆਹ ਤੋਂ ਪਿੱਛੋਂ ਦੇ ਦਿਆਂਗੇ। ਵਿਆਹ ਤੋਂ ਪਿੱਛੋਂ ਸੰਸਾਰੀ ਨੇ ਕਈ ਗੇੜੇ ਮਾਰੇ। ਬਸੰਤਾ ਅੱਜ ਭਲਕ, ਅੱਜ ਭਲਕ ਕਹਿ ਛੱਡਿਆ ਕਰੇ। ਕੁਦਰਤੀ ਕਿਤੇ ਮੀਂਹ ਪੈਂਦੇ ‘ਚ ਬਸੰਤੇ ਦਾ ਡਿੱਗ ਕੇ ਧੌਣ ਦਾ ਮਣਕਾ ਹਿੱਲ ਗਿਆ। ਉਹ ਮਲੇਰ ਕੋਟਲੇ ਆਲੇ ਸਿਆਣੇ ਕੋਲੋਂ ਦੁਆਈ ਬੂਟੀ ਕਰਾਉਂਦਾ ਰਿਹਾ। ਪਿੰਡੋਂ ਮਲੇਰਕੋਟਲੇ ਨਿੱਤ ਜਾਣਾ ਆਉਣਾ ਔਖਾ ਸੀ। ਉਹ ਸਿਆਣਾ ਬਸੰਤੇ ਨੂੰ ਕਹਿੰਦਾ ‘ਤੈਨੂੰ ਮੈਂ ਧੌਣ ਦਾ ‘ਲਾਜ ਦੱਸ ਦਿੰਨਾਂ, ਤੂੰ ਘਰੇ ਬਹਿ ਕੇ ਈਂ ਧੌਣ ਨੂੰ ਘੈਂਟਾ ਕੁ ਖਿੱਚ ਪਾ ਕੇ ਰੱਖ ਲਿਆ ਕਰ। ਦਸ ਪੰਦਰਾਂ ਦਿਨਾਂ ‘ਚ ਠੀਕ ਹੋ ਜੇਂਗਾ। ਬਸੰਤੇ ਨੇ ਕੀ ਕੀਤਾ, ਘਰੇ ਆ ਕੇ ਅਗਲੇ ਦਿਨ ਤੜਕੇ ਈ ਛੱਤ ਦੀ ਕੜੀ ਨਾਲ ਰੱਸ ਬੰਨ੍ਹ ਕੇ ਧੌਣ ਨੂੰ ਪਾ ਕੇ ਚੌਂਕੜੀ ਮਾਰ ਕੇ ਬਹਿ ਗਿਆ ਬਈ ਜਿੰਨੀ ਕੁ ਲੋੜ ਹੋਊ, ਧੌਣ ਨੂੰ ਕਸ ਪਾ ਲਿਆ ਕਰੂੰ। ਬਸੰਤੇ ਦੇ ਇਹ ਕੰਮ ਚਲਦੇ ਨੂੰ ਚਾਰ ਪੰਜ ਦਿਨ ਹੋ ਗੇ ਸੀ। ਤੜਕੇ ਈ ਛੱਤ ਦੀ ਕੜੀ ਨਾਲ ਬੰਨ੍ਹੇ ਰੱਸੇ ਨੂੰ ਧੌਣ ‘ਚ ਪਾ ਕੇ ਦੋ ਦੋ ਘੈਂਟੇ ਬੈਠਾ ਰਿਹਾ ਕਰੇ। ਓਧਰੋਂ ਤਾਂ ਕਿਤੇ ਬਸੰਤਾ ਗਲ ‘ਚ ਰੱਸਾ ਪਾ ਕੇ ਬਹਿ ਗਿਆ, ਓਧਰੋਂ ਸੰਸਾਰੀ ਬਾਣੀਆਂ ਘਰੇ ਆ ਵੜਿਆ ਪੈਂਸੇ ਲੈਣ। ਬਸੰਤਾ ਤਾਂ ਧੌਣ ਦੇ ‘ਲਾਜ ਲਈ ਰੱਸੇ ਨਾਲ ਧੌਣ ਨੂੰ ਖਿੱਚ ਪਾਈ ਬੈਠਾ ਸੀ, ਜਦੋਂ ਸੰਸਾਰੀ ਬਾਣੀਏ ਨੇ ਵੇਖਿਆ ਬਈ ਬਸੰਤਾ ਤਾਂ ਫ਼ਾਹਾ ਲਈ ਬੈਠਾ। ਬਾਣੀਆਂ ਤਾਂ ਰਾਮ ਰਾਮ, ਭੋਲੇ ਭੰਡਾਰੀ ਭੋਲੇ ਭੰਡਾਰੀ ਕਰਦਾ ਰੋਹੀਏਂ ਚੜ੍ਹ ਗਿਆ ਬਈ ਬਸੰਤ ਸਿਉਂ ਤਾਂ ਮਰ ਗਿਆ। ਬਾਣੀਏ ਨੇ ਪਿੰਡ ਰੌਲਾ ਪਾ ‘ਤਾ ਬਈ ਬਸੰਤਾ ਫ਼ਾਹਾ ਲੈ ਕੇ ਮਰ ਗਿਆ। ਲੋਕ ਬਸੰਤੇ ਦੇ ਪਤੇ ਨੂੰ ਉਨ੍ਹਾਂ ਦੇ ਘਰੇ ‘ਕੱਠੇ ਹੋ ਗੇ। ਜਦੋਂ ਲੋਕਾਂ ਨੇ ਵੇਖਿਆ ਬਈ ਬਸੰਤਾ ਤਾਂ ਠੀਕ ਐ, ਲੋਕਾਂ ਨੇ ਭਾਈ ਸੰਸਾਰੀ ਬਾਣੀਆ ਜਾ ਢਾਹਿਆ ਜਿਮੇਂ ਸੂਰ ਨੂੰ ਢਾਹ ਕੇ ਟਰੈਲੀ ‘ਚ ਲੱਦ ਦੇ ਹੋਣ। ਬਾਣੀਆਂ ਤਾਂ ਭਾਈ ਕੁੱਟ ਖਾ ਕੇ ਅਖੀਰ ਪਿੰਡ ਈ ਛੱਡ ਗਿਆ। ਬਸੰਤੇ ਨੇ ਇਉਂ ਕਰ ਕੇ ਪੈਂਸੇ ਨ੍ਹੀ ਦਿੱਤੇ। ਇਉਂ ਘੱਪੂ ਦੇ ਦਾਦੇ ਬਸੰਤੇ ਨੇ ਸੰਸਾਰੀ ਬਾਣੀਏ ਦੇ ਧੱਫ਼ੜ ਪੁਆ ‘ਤੇ ਸੀ।”
ਰਤਨ ਸਿਉਂ ਸੂਬੇਦਾਰ ਕਹਿੰਦਾ, ”ਫ਼ੇਰ ਤਾਂ ਸੁੱਚਾ ਸਿਆਂ ਪਹਿਲਾਂ ਤੋਂ ਝੰਡੇ ਝੂਲਦੇ ਐ ਇਨ੍ਹਾਂ ਦੇ ਹੈਂ?”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਮਦਨ ਪੰਡਤ ਨੇ ਸੱਥ ‘ਚ ਆ ਕੇ ਬਾਬੇ ਸੁੱਚਾ ਸਿਉਂ ਨੂੰ ਪੁੱਛਿਆ, ”ਕਿਉਂ ਬਾਬਾ ਜੀ! ਤੁਸੀਂ ਝੋਟੀ ਵੇਚਣੀ ਸੀ ਵੇਚ ‘ਤੀ ਕੁ ਖੜ੍ਹੀ ਐ ਹਜੇ?”
ਰਤਨ ਸਿਉਂ ਸੂਬੇਦਾਰ ਮਦਨ ਨੂੰ ਕਹਿੰਦਾ, ”ਤੂੰ ਝੋਟੀ ਕੀ ਕਰਨੀ ਓਏ। ਨਾਲੇ ਤੂੰ ਗਾਈਆਂ ਰੱਖੀ ਬੈਠੈਂ। ਪਹਿਲਾਂ ਉਨ੍ਹਾਂ ਨੂੰ ਤਾਂ ਸਾਂਭ ਲੈ ਫ਼ੇਰ ਝੋਟੀ ਲੈ ਲੀਂ।”
ਬਾਬਾ ਸੁੱਚਾ ਸਿਉਂ ਕਹਿੰਦਾ, ”ਅਸੀਂ ਤਾਂ ਭਾਈ ਮੰਡੀ ‘ਤੇ ਵੇਚ ਆਏ ਆਂ, ਜੇ ਤੂੰ ਝੋਟੀ ਲੈਣੀ ਆਂ ਤਾਂ ਸੱਸਰੀਕਾਲ ਆਲਿਆਂ ਦੇ ਸੱਜਰ ਸੂਈ ਝੋਟੀ ਖੜ੍ਹੀ ਐ। ਕੁੰਢੇ ਸਿੰਗ ਐ, ਕਾਲੀ ਸ਼ਾਹ ਰੰਗ ਦੀ ਐ।”
ਮਦਨ ਨੇ ਪੁੱਛਿਆ, ”ਤੇ ਪੂਛ?”
ਨਾਥਾ ਅਮਲੀ ਟਿੱਚਰ ‘ਚ ਕਹਿੰਦਾ, ”ਪੂਛ ਵੀ ਨਾਲ ਈ ਦੇ ਦੇਣਗੇ।”
ਸੀਤਾ ਮਰਾਸੀ ਕਹਿੰਦਾ, ”ਪੂਛ ਨੂੰ ਤਾਂ ਨਾਲੇ ਕਹਿੰਦੇ ਬਾਹਮਣੀ ਲੱਗੀ ਵੀ ਐ। ਊਂ ਤਾਂ ਚੰਗਾ ਬਾਹਮਣਾਂ ਦੇ ਘਰੇ ਈ ਜਾ ਵੜੂ ਬਾਹਮਣੀ।”
ਮਰਾਸੀ ਦੀ ਗੱਲ ਸੁਣ ਕੇ ਮਦਨ ਪੰਡਤ ਮਰਾਸੀ ਨੂੰ ਅਵਾ ਤਵਾ ਬੋਲਣ ਲੱਗ ਪਿਆ। ਪੰਡਤ ਨੂੰ ਗੁੱਸੇ ‘ਚ ਆਇਆ ਵੇਖ ਕੇ ਬਾਬਾ ਸੁੱਚਾ ਸਿਉਂ ਕਹਿੰਦਾ, ”ਚੱਲੋ ਓਏ ਉੱਠੋ ਘਰਾਂ ਨੂੰ ਚੱਲੋ ਐਵੇਂ ਲੜ ਪੋਂਗੇ ਹੁਣ।”
ਬਾਬੇ ਦਾ ਹੁਕਮ ਮੰਨ ਕੇ ਸਾਰੀ ਸੱਥ ਵਾਲੇ ਮਦਨ ਪੰਡਤ ਤੇ ਸੀਤੇ ਮਰਾਸੀ ਨੂੰ ਲੜਣੋਂ ਹਟਾ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ।