ਪੋਹ ਮਾਘ ਦੀਆਂ ਰਾਤਾਂ ਦੀ ਕੋਰੇ ਵਾਲੀ ਠੰਢ ‘ਚ ਲੋਕਾਂ ਨੂੰ ਸੁੰਗੜ ਕੇ ਇਉਂ ਹੋਏ ਪਏ ਸਨ ਜਿਵੇਂ ਮੀਂਹ ‘ਚ ਭਿੱਜੀ ਵੜੇਵਿਆਂ ਵਾਲੀ ਖ਼ਾਲੀ ਬੋਰੀ ਨਚੋੜ ਕੇ ਕੁੱਕੜਾਂ ਵਾਲੇ ਖੁੱਡੇ ‘ਤੇ ਰੱਖੀ ਹੋਵੇ। ਕੜਾਕੇ ਦੀ ਪੈਂਦੀ ਠੰਢ ਦੇ ਭੰਨੇ ਲੋਕ, ਸੱਥ ਵੱਲ ਨੂੰ ਇਉਂ ਹੋਲੀ ਹੌਲੀ ਆ ਰਹੇ ਸਨ ਜਿਮੇਂ ਪੈਸੇ ਲੈਣ ਗਏ ਆੜ•ਤੀਏ ਨੂੰ ਜੱਟ ਨੇ ਗਾਲ•ਾਂ ਕੱਢ ਕੇ ਘਰੋਂ ਮੋੜਿਆ ਹੋਵੇ। ਦੁਪਹਿਰ ਵਾਲੀ ਚਾਹ ਵੇਲੇ ਨੂੰ ਜਦੋਂ ਨਾਥਾ ਅਮਲੀ ਸੱਥ ‘ਚ ਆਇਆ ਤਾਂ ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, “ਹੁਣ ਦਪਹਿਰ ਆਲਾ ਚਾਹਟਾ ਵੀ ਛਕ ਈ ਆਉਣਾ ਸੀ ਫ਼ੇਰ ਮੁੜਦਾ ਫ਼ਿਰੇਂਗਾ ਘਰ ਨੂੰ? ”
ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਸੀਤਾ ਮਰਾਸੀ ਅਮਲੀ ਵਿੱਚਦੀ ਗੱਲ ਕੱਢ ਕੇ ਟਿੱਚਰ ‘ਚ ਕਹਿੰਦਾ, “ਮੈਨੂੰ ਤਾਂ ਇਉਂ ਲੱਗਦਾ ਜਿਮੇਂ ਨਾਥਾ ਸਿਉਂ ਨੂੰ ਅਜੇ ਪਹਿਲੀ ਬਿਸਤਰੇ ਆਲੀਓ ਈ ਚਾਹ ਨ•ੀ ਮਿਲੀ ਹੁੰਦੀ ਜੀਹਦਾ ਕਰ ਕੇ ਸੱਥ ਵੱਲ ਨੂੰ ਇਉਂ ਅੜ•ਕ ਅੜ•ਕ ਕੇ ਜੇ ਤੁਰਦਾ ਆਉਂਦਾ ਜਿਮੇਂ ਕੁੱਕੜ ਕੰਡਿਆਂ ਵਾਲੀਆਂ ਮੋੜ•ੀਆਂ ‘ਤੇ ਚੜ•ਦਾ ਹੁੰਦਾ। ਨਾਲੇ ਅੱਜ ਤਾਂ ਸੁੱਥੂ ਵੀ ਪਰਾਣਾ ਈ ਪਾਈ ਫ਼ਿਰਦੈ। ਕਿਉਂ ਨਾਥਾ ਸਿਆਂ! ਠੀਕ ਐ ਕੁ ਨਹੀਂ? ”
ਮਾਹਲਾ ਨੰਬਰਦਾਰ ਕਹਿੰਦਾ, “ਅੱਜ ਨ•ੀ ਨਾਥਾ ਸਿਉਂ ਬੋਲਦਾ ਜੋ ਕੁਸ ਮਰਜੀ ਕਹੀ ਜਾਓ। ”
ਜੱਗਾ ਕਾਮਰੇਡ ਕਹਿੰਦਾ, “ਕਿਉਂ ਅੱਜ ਕੀ ਮੁਸ਼ਕ ਕਪੂਰ ਸੰਘਾ’ ਤਾ ਬਲਬੀਰ ਕੁਰ ਨੇ ਬਈ ਸੱਥ ‘ਚ ਜਾ ਕੇ ਤੂੰ ਬੋਲਣਾ ਈ ਨ•ੀ। ”
ਅਮਲੀ ਨੂੰ ਚੁੱਪ ਗੜੁੱਪ ਵੇਖ ਕੇ ਸੁਰਜਨ ਬੁੜ•ਾ ਕਹਿੰਦਾ, “ਨਾਥਾ ਸਿਆਂ ਭਤੀਜ! ਮਾੜਾ ਮੋਟਾ ਫ਼ੁੱਟ ਮੂੰਹੋਂ ਯਾਰ, ਨਹੀਂ ਤਾਂ ਆਤਮੇ ਕੇ ਘੀਰੇ ਆਲੀ ਕਰਨਗੇ ਤੇਰੇ ਨਾਲ। ਫ਼ੇਰ ਵੇਖ ਲਾ ਪੰਜਾਹਾਂ ਆਲੀ ਪੰਜਾਂ ਨੂੰ ਮਨ•ੀ ਵਿਕਣੀ। ”
ਪ੍ਰਤਾਪੇ ਭਾਊ ਨੇ ਸੁਰਜਨ ਬੁੜ•ੇ ਨੂੰ ਪੁੱਛਿਆ, “ਕਿਉਂ ਤਾਊ! ਆਹ ਪੰਜਾਂ ਪੰਜਾਹਾਂ ਆਲੀ ਕੀ ਗੱਲ ਜੇ? ”
ਸੀਤਾ ਮਰਾਸੀ ਪ੍ਰਤਾਪੇ ਭਾਊ ਨੂੰ ਕਹਿੰਦਾ, “ਕਿੱਥੇ ਰਹਿਨੈਂ ਯਾਰ ਭਾਊ ਤੂੰ। ਬੁੜ•ੇ ਦਾ ਮਤਲਬ ਐ ਬਈ ਜੇ ਅਮਲੀ ਮੂੰਹੋਂ ਕੁਸ ਨਾ ਬੋਲਿਆ ਤਾਂ ਸੰਘਰੀਏ ਦੇ ਮੇਲੇ ‘ਚ ਖਰਬੂਜੇ ਵੇਚਣ ਆਲੇ ਆਲੀ ਹੋਊ। ”
ਬਾਬੇ ਕਾਹਨ ਸਿਉਂ ਨੇ ਮਰਾਸੀ ਨੂੰ ਪੁੱਛਿਆ, “ਉਹ ਕਿਮੇਂ ਮੀਰ? ”
ਸੀਤਾ ਮਰਾਸੀ ਕਹਿੰਦਾ, “ਕਹਿੰਦੇ ਕੇਰਾਂ ਕਿਸੇ ਜੱਟ ਨੇ ਖਰਬੂਜੇ ਬੀਜ ਲੇ। ਖਰਬੂਜੇ ਲੱਗੇ ਵੀ ਬਹੁਤ। ਜੱਟ ਖਰਬੂਜਿਆਂ ਨਾਲ ਭਰ ਕੇ ਉੱਠ ਗੱਡੀ ਸੰਘਰੀਏ ਦੇ ਮੇਲੇ ‘ਚ ਵੇਚਣ ਉਠ ਗਿਆ। ਤਿੰਨ ਦਿਨ ਲਗਦੇ ਮੇਲੇ ‘ਚ ਜੱਟ ਦੋ ਦਿਨ ਤਾਂ ਖਰਬੂਜੇ ਵੇਚਣ ਨੂੰ ਰਪੀਏ ਦਾ ਖਰਬੂਜਾ ਕਹਿ ਕੇ ਭਾਅ ਦਾ ਹੋਕਾ ਦੇਈ ਗਿਆ। ਜਦੋਂ ਭਾਅ ਮਹਿੰਗਾ ਵੇਖ ਕੇ ਕਿਸੇ ਨੇ ਲਏ ਨਾ, ਫ਼ੇਰ ਪਤੰਦਰ ਨੇ ਮੇਲੇ ਦੇ ਅਖੀਰਲੇ ਦਿਨ ਆਨੇ ਨੂੰ ਦਸ ਦਸ ਕਰ ‘ਤੇ ਬਈ ਕਿਤੇ ਖਰਾਬ ਨਾ ਹੋ ਜਾਣ, ਹੋਰ ਨਾ ਸ਼ੇਰ ਸਿਉਂ ਕੇ ਭੂਰੇ ਦੇ ਆਲੂਆਂ ਆਲੀ ਹੋਵੇ। ਜਿਮੇਂ ਵਿਕਦੇ ਐ ਵੇਚ ਦਿਆਂ। ਫ਼ੇਰ ਵੀ ਕਿਸੇ ਨੇ ਲਏ ਨਾ। ਅਖੀਰ ਘਰ ਨੂੰ ਮੁੜਿਆ ਆਉਂਦੇ ਰਾਹ ‘ਚ ਖਤਾਨਾਂ ਚੀ ਢੇਰੀ ਕਰਿਆਇਆ, ਖਹਿੜਾ ਛਡਾ ਲਿਆ। ”
ਬਾਬੇ ਕਾਹਨ ਸਿਉਂ ਨੇ ਸੀਤੇ ਮਰਾਸੀ ਨੂੰ ਪੁੱਛਿਆ, “ਏਨੇ ਸਸਤੇ ਵੀ ਕਿਸੇ ਨੇ ਕਿਉਂ ਨਾ ਲਏ ਮੀਰ? ”
ਮਰਾਸੀ ਕਹਿੰਦਾ, “ਮੇਲੇ ਦੇ ਅਖੀਰਲਾ ਦਿਨ ਵੀ ਤਾਂ ਬਾਬਾ ਛਿਪਿਆ ਪਿਆ ਸੀ, ਰਾਤ ਨੂੰ ਕਿਸੇ ਨੇ ਕੀ ਸਿਰ ‘ਚ ਮਾਰਨੇ ਸੀ। ਏਹੋ ਜੇ ਸੌਦੇ ਵੀ ਬਾਬਾ ਜੀ ਮਕੱਦਰਾਂ ਨਾਲ ਈ ਪੁੱਗਦੇ ਐ। ”
ਸੁਰਜਨ ਬੁੜ•ਾ ਸੀਤੇ ਮਰਾਸੀ ਨੂੰ ਕਹਿੰਦਾ, “ਹੁਣ ਭੂਰੇ ਦੇ ਆਲੂਆਂ ਆਲੀ ਵੀ ਮੀਰ ਸਣਾ ਈ ਦੇ ਕਥਾ। ”
ਸੀਤਾ ਮਰਾਸੀ ਹੱਸ ਕੇ ਕਹਿੰਦਾ, “ਆਪਣੇ ਪਿੰਡ ਦੇ ਜੱਟਾਂ ‘ਚੋਂ ਕਿਸੇ ਨੂੰ ਆਲੂਆਂ ਨੇ ਮਾਰ ਲਿਆ। ਕਿਸੇ ਨੂੰ ਖਰਬੂਜੇ ਥੁੱਕ ਲਾ ਗੇ। ਕਿਸੇ ਨੂੰ ਅਮਲ ਖਾਈ ਜਾਂਦੈ। ਸਾਰੇ ਪਿੰਡ ਦੀ ਫ਼ਕਰ ਫ਼ਲੰਡੀ ਫ਼ੂੰ ਹੋਈ ਪਈ ਐ। ”
ਬੁੱਘਰ ਦਖਾਣ ਮਰਾਸੀ ਨੂੰ ਕਹਿੰਦਾ, “ਸੀਤਾ ਸਿਆਂ ਤਾਏ ਸੁਰਜਨ ਨੇ ਤੈਥੋਂ ਭੂਰੇ ਦੇ ਆਲੂਆਂ ਆਲੀ ਗੱਲ ਪੁੱਛੀ ਸੀ, ਉਹ ਤੂੰ ਗੱਲੀਂਬਾਤੀਂ ਟਾਲ ਗਿਐਂ। ”
ਤੇਜਾ ਮੂਛੀ ਮਰਾਸੀ ਨੂੰ ਕਹਿੰਦਾ, “ਪਹਿਲਾਂ ਆਲੂਆਂ ਆਲੀ ਸਣਾ ਦੇ ਫ਼ੇਰ ਜਿਹੜੀ ਅਮਲ ਆਲੀ ਗੱਲ ਕਹੀ ਐ ਉਹ ਵੀ ਸਣਾ ਕੇ ਜਾਈਂ। ”
ਜਦੋਂ ਤੇਜੇ ਨੇ ਅਮਲ ਵਾਲੀ ਗੱਲ ਕਹੀ ਤਾਂ ਨਾਥਾ ਅਮਲੀ ਤੇਜੇ ਮੂਛੀ ਵੱਲ ਇਉਂ ਝਾਕਿਆ ਜਿਮੇਂ ਦਿਵਾਲੀ ਵੇਲੇ ਮਾਰਨਖੰਡੀ ਬੱਕਰੀ ਪਟਾਕਿਆਂ ਤੋਂ ਡਰਦੀ ਮੱਝ ਦੇ ਢਾਹੇ ਤੰਦੂਰ ਨਾਲ ਲੱਗੀ ਬੈਠੀ ਪਟਾਕੇ ਚੱਲਦੇ ਵੇਖੀ ਜਾਂਦੀ ਹੋਵੇ।
ਬਾਬਾ ਕਾਹਨ ਸਿਉਂ ਮਰਾਸੀ ਨੂੰ ਕਹਿੰਦਾ, “ਬੋਲਦੇ ਫ਼ਿਰ ਸੀਤਾ ਸਿਆਂ ਵਾਹਿਗੁਰੂ ਹੁਣ। ਕੀਹਨੂੰ’ ਡੀਕਦੈਂ। ਨਾਥਾ ਸਿਉਂ ਤਾਂ ਨ•ੀ ਤੈਨੂੰ ਕੁਸ ਕਹਿੰਦਾ। ਤੂੰ ਤਾਂ ਭੂਰੇ ਦੇ ਆਲੂਆਂ ਦੀ ਸਣਾਉਣੀ ਐ। ”
ਮਰਾਸੀ ਕਹਿੰਦਾ, “ਆਲੂਆਂ ਦੀ ਕੀ ਗੱਲ ਹੋਣੀ ਸੀ ਬਾਬਾ। ਇਹ ਤਾਂ ਬਾਹਲੇ ਚਿਰ ਦੀ ਗੱਲ ਐ। ਬਾਬੇ ਸ਼ੇਰ ਸਿਉਂ ਕੇ ਭੂਰੇ ਨੇ ਕਿਤੇ ਗਿੱਲਾਂ ਆਲੇ ਪਰਾਹੁਣੇ ਦੇ ਕਹੇ ਆਲੂ ਬੀਜ ਲੇ। ਓਹ ਸਾਲ ਆਲੂ ਹੋਏ ਵੀ ਬਹੁਤ। ਸਾਰੇ ਮੁਲਖ ‘ਚ ਆਲੂ ਏਨੇ ਹੋ ਗੇ ਕਿ ਗਧਿਆਂ ਨੇ ਵੀ ਨ•ੀ ਸਿਆਣੇ, ਵਿਕਣੇ ਤਾਂ ਕਾਹਦੇ ਸੀ। ਭੁਰਾ ਘੁੱਗੀ ਆਥਣੇ ਜੇ ਸੀਰੀ ਸਾਂਝੀਆਂ ਤੋਂ ਟਰੈਲੀ ਆਲੂਆਂ ਨਾਲ ਭਰਾ ਲਿਆ ਕਰੇ, ਜਦੋਂ ਰਾਤ ਨੂੰ ਆਵਾਜਾਵੀ ਘਟ ਜਿਆ ਕਰੇ, ਗਿੱਲਾਂ ਆਲੀ ਨਹਿਰ ‘ਤੇ ਜਾ ਕੇ ਟਰੈਲੀ ਢਲਾਣ ਜੀ ‘ਤੇ ਬੈਕ ਕਰ ਕੇ ਖੜ•ਾਇਆ ਕਰੇ ਤੇ ਡਾਲਾ ਖੋਲ• ਕੇ ਆਲੂ ਨਹਿਰ’ ਚ। ”
ਮਰਾਸੀ ਦੀ ਗੱਲ ਵਿੱਚੋਂ ਟੋਕ ਕੇ ਰਤਨੇ ਕਾ ਲੱਛੂ ਕਹਿੰਦਾ, “ਭੂਰੇ ਨੂੰ ਭੂਰਾ ਘੁੱਗੀ ਕਿਉਂ ਕਹਿੰਦੇ ਐ ਮੀਰ? ”
ਬਾਬਾ ਕਾਹਨ ਸਿਉਂ ਲੱਛੂ ਨੂੰ ਘੂਰਦਾ ਬੋਲਿਆ, “ਕਿਉਂ ਯਾਰ ਚੱਲਦੀ ਗੱਲ ‘ਚ ਅੜਿੱਕਾ ਪਾਉਣੇ ਹੁੰਨੇ ਐਂ। ਪਹਿਲਾਂ ਇੱਕ ਗੱਲ ਤਾਂ ਪੂਰੀ ਹੋ ਲੈਣ ਦਿਆ ਕਰੋ, ਫ਼ੇਰ ਅਗਲੀ ਪੁੱਛ ਲਿਆ ਕਰੋ। ਤੁਸੀਂ ਤਾਂ ਪਤੰਦਰੋ ਪਹਿਲੀ ਗੱਲ ਮੁੱਕਣ ਨ•ੀ ਦਿੰਦੇ, ਦੂਜੀ ਨੂੰ ਫ਼ੜ ਕੇ ਬਹਿ ਜਾਨੇਂ ਐਂ। ਪਤੰਗੀ ਨੂੰ ਪੂੰਝਾ ਬੰਨ•ਣ ਆਲੀ ਗੱਲ ਨਾ ਛੱਡਿਆ ਕਰੋ। ”
ਮਾਹਲਾ ਨੰਬਰਦਾਰ ਮਰਾਸੀ ਨੂੰ ਕਹਿੰਦਾ, “ਗਾਹਾਂ ਦੱਸ ਫ਼ਿਰ ਕਿਮੇਂ ਹੋਈ? ”
ਸੀਤਾ ਮਰਾਸੀ ਲੱਛੂ ਦੀ ਗੱਲ ਸੁਣ ਕੇ ਨੰਬਰਦਾਰ ਨੂੰ ਕਤਾੜ ਕੇ ਪੈ ਗਿਆ, “ਰਹਿਣ ਦੇ ਨੰਬਰਦਾਰ ਤੂੰ ਗੱਲ ਕਰਨ ਨੂੰ। ਮੈਂ ਨ•ੀ ਸਣਾਉਂਦਾ। ”
ਸੀਤੇ ਮਰਾਸੀ ਨੂੰ ਹਰਖਿਆ ਵੇਖ ਕੇ ਨਾਥਾ ਅਮਲੀ ਮਰਾਸੀ ਨੂੰ ਇਉਂ ਭੱਜ ਕੇ ਪੈ ਗਿਆ ਜਿਵੇਂ ਪੰਸਾਰੀ ਵਾਲੀ ਹੱਟ ‘ਚੋਂ ਸਰੋਂ ਦੇ ਤੇਲ ਦੀ ਬੋਤਲ ਚੋਰੀ ਚੁਕਦੇ ਚੋਰ ਨੂੰ ਬਾਣੀਆ ਪੈ ਗਿਆ ਹੋਵੇ। ਸੀਤੇ ਮਰਾਸੀ ਨੂੰ ਨਾਥਾ ਅਮਲੀ ਕਹਿੰਦਾ, “ਅਮਲ ਦੀ ਕੀ ਗੱਲ ਕਰੇਂਗਾ ਓਏ ਮੰਗ ਖਾਣੀਏ ਜਾਤੇ। ਕੋਈ ਖਾਵੇ ਚਾਹੇ ਨਾ ਖਾਵੇ, ਤੇਰੇ ਕੀ ਕਾਲਜੇ ‘ਚ ਸੂਲ ਹੁੰਦੈ। ”
ਅਮਲੀ ਨੂੰ ਕੱਪੜਿਆਂ ਤੋਂ ਬਾਹਰ ਹੋਇਆ ਵੇਖ ਕੇ ਬਾਬਾ ਕਾਹਨ ਸਿਉਂ ਵਾਹਿਗੁਰੂ ਵਾਹਿਗੁਰੂ ਕਰਦਾ ਮਾਹਲੇ ਨੰਬਰਦਾਰ ਨੂੰ ਕਹਿੰਦਾ, “ਭੱਠੀਆਂ ਗਰਮ ਹੋ ਗੀਆਂ ਮਾਹਲਾ ਸਿਆਂ। ਇਹ ਤਾਂ ਅੱਗੇ ਇੱਕ ਨ•ੀ ਮਾਣ ਸੀ ਹੁਣ ਤਾਂ ਦੋ ਨੇ ਚੱਕ’ ਤਾ ਘੜੇ ਤੋਂ ਕੌਲਾ। ਇੱਕ ਨੂੰ ਤਾਂ ਯਾਰ ਠੰਢਾ ਕਰੋ। ”
ਬੁੱਘਰ ਦਖਾਣ ਕਹਿੰਦਾ, “ਕੱਢ ਈ ਲੈਣ ਦਿਉ ਅੱਜ ਗੁੱਭ ਗਭਾਟ ਦੋਹਾਂ ਨੂੰ, ਨਹੀਂ ਕੱਲ• ਨੂੰ ਫ਼ੇਰ ਮਸਤੀ ਬੋਤੇ ਆਂਗੂੰ ਮੱਕੜਾ ਮਾਰਨਗੇ। ”
ਬੁੱਘਰ ਦੀ ਮਚਾਈ ਤੀਲੀ ਨੂੰ ਵੇਖ ਕੇ ਨਾਥਾ ਅਮਲੀ ਬੁੱਘਰ ਵੱਲ ਨੂੰ ਸਿੱਧਾ ਈ ਹੋ ਗਿਆ, “ਤੂੰ ਲੜਾ ਕੇ ਈ ਖੁਸ਼ ਐਂ ਓਏ। ਸੋਡਾ ਬੁੜ•ਾ ਤਾਂ ਮਰਨ ਤੱਕ ਲੋਕਾਂ ਨਾਲ ਲੜਦਾ ਰਿਹੈ। ਓਸੇ ਲੱਛਣਾਂ ‘ਤੇ ਹੁਣ ਤੂੰ ਹੋ ਗਿਐਂ। ਗੱਲਾਂ ਤੂੰ ਸਾਡੀਆਂ ਕਰਦੈਂ। ਬੈਠਾ ਰਹਿ ਚੁੱਪ ਕਰ ਕੇ। ”
ਬੁੱਘਰ ਕਹਿੰਦਾ, “ਔਖਾ ਤਾਂ ਤੂੰ ਸੀਤੇ ‘ਤੇ ਹੋਇਆਂ ਓਏ, ਗਲ ਮੇਰੇ ਪੈਨੈਂ। ਮਰਾਸੀ ਨਾਲ ਲੈ ਖਾਂ ਪੰਗਾ ਬਣਾਵੇ ਤੇਰੀ ਕੱਤਣੀ। ”
ਅਮਲੀ ਬੁੱਘਰ ਨੂੰ ਛੱਡ ਕੇ ਸੀਤੇ ਮਰਾਸੀ ‘ਤੇ ਜਾ ਚੜਿ•ਆ, “ਇਹ ਮਰਾਸੀ ਤੂੰ ਕਿੱਧਰੋਂ ਭਾਲ ਲਿਆ ਤੂੰ ਗਾਜੀਆਣੇ ਆਲਾ ਕੁੰਢਾ। ਜਦੋਂ ਦੀ ਮੇਰੀ ਸੁਰਤ ਸੰਭਲੀ ਐ, ਮੈਂ ਤਾਂ ਇਨ•ਾਂ ਦੇ ਘਰੇ ਕਦੇ ਰੋਟੀ ਨ•ੀ ਵੇਖੀ ਪੱਕਦੀ। ਲੋਕਾਂ ਦਿਉਂ ਈਂ ਮੰਗ ਮੰਗ ਕੇ ਖਾਂਦਾ ਸਾਰਾ ਟੱਬਰ। ”
ਅਮਲੀ ਨੂੰ ਮਰਾਸੀ ‘ਤੇ ਗੁੱਸੇ ਹੋਏ ਨੂੰ ਵੇਖ ਕੇ ਬਾਬਾ ਕਾਹਨ ਸਿਉਂ ਮਾਹਲੇ ਨੰਬਰਦਾਰ ਨੂੰ ਕਹਿੰਦਾ, “ਇਨ•ਾਂ ਦੋਹਾਂ ‘ਚੋਂ ਇੱਕ ਜਾਣੇ ਨੂੰ ਘਰੇ ਤੋਰੋ ਮਾਹਲਾ ਸਿਆਂ, ਨਹੀਂ ਏਥੇ ਸੱਥ ‘ਚ ਐਹੋ ਜਾ ਖਰੂਦ ਪਊ, ਨਿੱਕਲਣਾ ਨ•ੀ। ”
ਮਾਹਲਾ ਨੰਬਰਦਾਰ ਅਮਲੀ ਨੂੰ ਪਲੋਸਦਾ ਬੋਲਿਆ, “ਆ ਨਾਥਾ ਸਿਆਂ ਆਪਾਂ ਘਰ ਨੂੰ ਚੱਲੀਏ ਯਾਰ। ਤੂੰ ਤਾਂ ਸਿਆਣਾ ਬੰਦੈਂ। ਇਨ•ਾਂ ਦਾ ਕੀ ਮੇਲ ਐ ਤੇਰੇ ਨਾਲ। ਆ ਉੱਠ ਚੱਲੀਏ। ”
ਜਿਉਂ ਹੀ ਮਾਹਲਾ ਨੰਬਰਦਾਰ ਅਮਲੀ ਨੂੰ ਸੱਥ ‘ਚੋਂ ਉਠਾ ਕੇ ਲੈ ਗਿਆ ਤਾਂ ਸੀਤੇ ਮਰਾਸੀ ਨੇ ਅਮਲੀ ‘ਤੇ ਤਵਾ ਧਰ ਲਿਆ। ਬਾਬੇ ਕਾਹਨ ਸਿਉਂ ਨੂੰ ਕਹਿੰਦਾ, “ਜੇ ਕਿਤੇ ਬਾਬਾ ਤੂੰ ਇਹ ਬਿੰਗੜ ਜੇ ਨੂੰ ਸੱਥ ‘ਚੋਂ ਨਾ’ ਠਾਉਂਦਾ ਤਾਂ ਅੱਜ ਇਹਦੇ ਆਲੇ ਤਾਂ ਮੈਂ ਘੀਸ ਵਲ਼ ਕੱਢ ਦੇਣੇ ਸੀ। ਇਹਨੂੰ ਬੰਦਾ ਬਣਾ ਕੇ ਤੋਰਦਾ। ਹਰੇਕ ਗੱਲ ਪਿੱਛੇ ਸਾਨੂੰ ਮੰਗ ਖਾਣੀ ਜਾਤ ਈ ਦੱਸਦਾ। ਇਨ•ਾਂ ਦੇ ਆਵਦੇ ਬੁੜ•ੇ ਦੀ ਕਰਤੂਤ ਸੁਣ ਲਾ। ਦਾਦਾ ਇਹਦਾ, ਉਹ ਵੀ ਪਿੰਡ ‘ਚੋਂ ਸਿਰੇ ਦਾ ਅਮਲੀ ਸੀ ਸੰਤਾ ਅਮਲੀ। ਊਂ ਉਹਨੂੰ ਸੰਤਾ ਸਿਧਰਾ ਵੀ ਕਹਿੰਦੇ ਸੀ ਤੈਨੂੰ ਤਾਂ ਪਤੈ। ਉਹ ਬਾਹਰ ਨਿਆਈਂਆਂ ‘ਚ ਜਦੋਂ ਜੰਗਲ ਪਾਣੀ ਜਾਇਆ ਕਰੇ, ਬੋਤਲ ‘ਚ ਪਾਣੀ ਲੈ ਕੇ ਜਾਂਦਾ ਹੁੰਦਾ ਸੀ। ਇੱਕ ਦਿਨ ਕਿਤੇ ਬੋਤਲ ਫ਼ੁੱਟ ਗੀ। ਓਦੂੰ ਬਾਅਦ ਆਹ ਮਰੱਬੇ ਆਲਾ ਡੱਬਾ ਜਾ ਲੈ ਕੇ ਜਾਣ ਲੱਗ ਪਿਆ। ਡੱਬਾ ਸੀ ਕਿਤੇ ਮਾੜਾ ਮੋਟਾ ਟੁੱਟਿਆ ਵਿਆ। ਜਦੋਂ ਘਰੋਂ ਪਾਣੀ ਦਾ ਭਰ ਕੇ ਤੁਰਿਆ ਕਰੇ, ਅੱਧਾ ਪਾਣੀ ਤਾਂ ਜਾਂਦਾ ਈ ਚੋਅ ਜਿਆ ਕਰੇ। ਬਾਕੀ ਰਹਿੰਦਾ ਖੂੰਦਾ ਜੰਗਲ ਪਾਣੀ ਬੈਠੇ ਤੋਂ ਚੋਅ ਜਿਆ ਕਰੇ। ਪਾਣੀ ਦੀ ਵਰਤੋਂ ਵੇਲੇ ਨੂੰ ਡੱਬਾ ਖਾਲੀ ਹੋ ਜਿਆ ਕਰੇ। ਕੰਜਰ ਦੇ ਕਮਲੇ ਨੂੰ ਸਮਝ ਨਾ ਆਈ ਬਈ ਡੱਬੇ ‘ਚੋਂ ਪਾਣੀ ਤਾਂ ਚੋਅ ਜਾਂਦੈ, ਮੈਂ ਕੋਈ ਹੋਰ ਬੋਤਲ ਡੱਬਾ ਲੈ ਲਵਾਂ। ਦੋ ਕੁ ਦਿਨ ਤਾਂ ਇਉਂ ਕੰਮ ਚੱਲਿਆ। ਜੰਗਲ ਪਾਣੀ ਬਾਹਰ ਜਾ ਕੇ ਪਾਣੀ ਘਰੇ ਆ ਕੇ ਵਰਤਿਆ ਕਰੇ। ਤੀਜੇ ਕੁ ਦਿਨ ਮਾਂ ਦਾ ਪੁੱਤ ਘਰੋਂ ਤਾਂ ਡੱਬਾ ਪਾਣੀ ਨਾਲ ਭਰ ਕੇ ਲੈ ਗਿਆ, ਓੱਥੇ ਜਾ ਕੇ ਜੰਗਲ ਪਾਣੀ ਜਾਣ ਤੋਂ ਪਹਿਲਾਂ ਈ ਪਾਣੀ ਵਰਤ ਕੇ ਕਹਿੰਦਾ ‘ਲੈ ਹੁਣ ਚੋਅ ਕੇ ਵਖਾ। ਮੈਂ ਤੈਨੂੰ ਪਹਿਲਾਂ ਈ ਵਰਤ ਲਿਆ। ਉਹ ਤਾਂ ਪਾਣੀ ਇਉਂ ਡੋਲ• ਲਿਆ। ਮਗਰੋਂ ਜੰਗਲ ਪਾਣੀ ਜਾ ਕੇ ਪਾਣੀ ਫ਼ੇਰ ਘਰੇ ਆ ਕੇ ਵਰਤਿਆ ਕਿਉਂਕਿ ਨਾਲ ਲੈ ਕੇ ਗਿਆ ਪਾਣੀ ਤਾਂ ਸਿਧਰੇ ਨੇ ਪਹਿਲਾਂ ਈ ਪਾਣੀ ਨਾਲ ਲੜ ਕੇ ਡੋਲ• ਲਿਆ ਸੀ। ਫ਼ੇਰ ਤਾਂ ਘਰੇ ਆ ਕੇ ਈ ਵਰਤਨਾ ਸੀ। ਆਹ ਨਾਥੇ ਕੇ ਬੁੜ•ੇ ਦੀ ਗੱਲ ਐ। ਮੰਗ ਖਾਣੀ ਜਾਤ ਸਾਲਾ ਪਿਚਕਿਆ ਜਾ ਮੈਨੂੰ ਦੱਸੂ। ”
ਮਰਾਸੀ ਦੀ ਗੱਲ ਸੁਣ ਕੇ ਬਾਬਾ ਕਾਹਨ ਸਿਉਂ ਕਹਿੰਦਾ, “ਯਾਰ ਜੇ ਸੱਥ ‘ਚ ਆਉਣੇ ਹੁੰਨੇ ਆਂ ਤਾਂ ਗਾਹਾਂ ਬੁੜ•ੇ ਬੁੜ•ੀਆਂ ਤਕ ਨਾ ਅੱਪੜਿਆ ਕਰੋ। ਮਾੜਾ ਮੋਟਾ ਹਾਸੇ ਭਾਣੇ ‘ਚ ਬੋਲ ਬਾਲਾ ਤਾਂ ਆਵਦੇ ‘ਚ ਹੁੰਦੈ, ਸਿਵਾ ਗਾਹਾਂ ਮਰਿਆਂ ਵਿਆਂ ਦਾ ਫ਼ਰੋਲਣ ਬਹਿ ਜਾਨੇ ਐਂ। ਹੁਣ ਨਾ ਗਾਹਾਂ ਨੂੰ ਕੋਈ ਐਹੋ ਜੀ ਬਾਤ ਪਾਇਓ। ਚੱਲੋ ਉੱਠੋ ਹੁਣ ਘਰ ਨੂੰ ਚੱਲੀਏ। ਜਿਉਂ ਜਿਉਂ ਮੂਹਰੇ ਰਾਤ ਆਉਂਦੀ ਜਾਂਦੀ ਐ, ਪਾਲਾ ਬਹੁਤਾ ਪੈਣਾ ਸ਼ੁਰੂ ਹੋ ਗਿਆ, ਐਵੇਂ ਠੰਢ ਲੁਆ ਕੇ ਨਮੂਨੀਆਂ ਕਰਾਉਂਗੇ। ਚੱਲੋ ਉੱਠੋ ਚੱਲੀਏ। ”
ਬਾਬੇ ਕਾਹਨ ਸਿਉਂ ਦਾ ਕਹਿਣਾ ਮੰਨ ਕੇ ਸਾਰੇ ਸੱਥ ਵਾਲੇ ਠੰਢ ਤੋਂ ਡਰਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।