ਸ਼ੁਰੂਆਤ ਤੋਂ ਹੀ ਵਿਵਾਦਾਂ ‘ਚ ਰਹੀ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ‘ਤੇ ਇੱਕ ਬਾਰ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਕ ਲੱਗਾ ਦਿੱਤੀ ਹੈ। ਫ਼ਿਲਮ ਵਿੱਚ ਮੌਜੂਦ ਕੁਝ ਤੱਥਾਂ ‘ਤੇ ਸਿੱਖ ਸੰਗਤ ਨੂੰ ਇਤਰਾਜ਼ ਸੀ, ਜਿਸ ਕਰ ਕੇ ਐਸਜੀਪੀਸੀ ਨੇ ਫ਼ਿਲਮ ਦੀ ਰਿਲੀਜ਼ ਉੱਤੇ ਰੋਕ ਲੱਗਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਜਦੋਂ ਤੱਕ ਫ਼ਿਲਮ ਚੋਂ ਇਤਰਾਜ਼ਯੋਗ ਤੱਥਾਂ ਨੂੰ ਹਟਾਇਆ ਨਹੀਂ ਜਾਂਦਾ ਫ਼ਿਲਮ ‘ਤੇ ਰੋਕ ਜਾਰੀ ਰਹੇਗੀ।

ਐਸਜੀਪੀਸੀ ਨੇ ਫ਼ਿਲਮ ਦੀ ਸਮੀਖਿਆ ਲਈ ਇੱਕ ਹੋਰ ਕਮੇਟੀ ਦਾ ਗਠਨ ਕੀਤਾ ਹੈ। ਜਦੋਂ ਕਿ ਐਸਜੀਪੀਸੀ ਨੇ ਇਸ ਕਮੇਟੀ ਨੂੰ ਰਿਪੋਰਟ ਸੌਂਪਣ ਲਈ ਕੋਈ ਸਮਾਂ ਸੀਮਾ ਨਹੀਂ ਦਿੱਤੀ। ਦੱਸ ਦਈਏ ਪਹਿਲਾਂ ਐਸਜੀਪੀਸੀ ਨੇ ਫ਼ਿਲਮ ਨੂੰ ਨਾ ਸਿਰਫ ਪ੍ਰਵਾਨਗੀ ਦਿੱਤੀ ਸੀ ਸਗੋਂ ਗੁਰਦੁਆਰਾ ਪ੍ਰਬੰਧਕਾਂ ਅਤੇ ਉਨ੍ਹਾਂ ਵੱਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾਂ ਨੂੰ ਵੀ ਪੱਤਰ ਲਿਖ ਕੇ ਫ਼ਿਲਮ ਨੂੰ ਪ੍ਰਮੋਟ ਕਰਨ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ। ਇਹ ਚਿੱਠੀਆਂ ਸੋਸ਼ਲ ਮੀਡਿਆ ‘ਤੇ ਵੀ ਵਾਇਰਲ ਹੋ ਚੁੱਕੀਆਂ ਨੇ।

ਐਸਜੀਪੀਸੀ ਨੇ ਹਾਲ ਹੀ ‘ਚ ਹੋਈ ਕਮੇਟੀ ਦੀ ਮੀਟਿੰਗ ‘ਚ ਫ਼ਿਲਮ ਦੇ ਪ੍ਰੋਡਿਊਸਰ ਹਰਿੰਦਰ ਸਿੰਘ ਸਿੱਕਾ ਨੂੰ ਵੀ ਬੁਲਾਇਆ ਸੀ। ਪਰ ਸਿੱਕਾ ਮੀਟਿੰਗ ‘ਚ ਨਹੀਂ ਆਏ ਅਤੇ ਹੁਣ ਸਿੱਖ ਸਰਕਲ ਵੱਲੋਂ ਫ਼ਿਲਮ ਦਾ ਵੱਧ ਰਿਹਾ ਵਿਰੋਧ ਦੇਖ ਹੁਣ ਮੁੜ ਤੋਂ ਇਸ ਫ਼ਿਲਮ ਉੱਤੇ ਪਾਬੰਦੀ ਲੱਗਾ ਦਿੱਤੀ ਹੈ। ਸਿੱਕਾ ਨੂੰ ਇਕ ਤਾਜ਼ਾ ਚਿੱਠੀ ਲਿਖਦੇ ਹੋਏ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਨਿਰਦੇਸ਼ ਦਿੱਤਾ ਕਿ ਜਦੋਂ ਤੱਕ ਉਪ-ਕਮੇਟੀ ਆਪਣੀ ਰਿਪੋਰਟ ਨਹੀਂ ਦੇ ਦਿੰਦੀ, ਪ੍ਰੋਡਿਊਸਰ ਇਸ ਫਿਲਮ ਨੂੰ ਰਿਲੀਜ਼ ਨਾ ਕਰਨ। ਦੱਸ ਦੇਈਏ ਕਿ ਫ਼ਿਲਮ 13 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ।