ਬਿਲਡਿੰਗ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਸੀ, ਨਾ ਹੀ ਡਿਜ਼ਾਇਨ ਸਟਰਕਚਰਲ ਇੰਜਨੀਅਰ ਕੋਲੋਂ ਸਰਟੀਫਾਈ ਕਰਵਾਇਆ ਗਿਆ
ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਜ਼ੀਰਕਪੁਰ ਥਾਣਾ ਵਿਖੇ ਪਹੁੰਚ ਕੇ ਐਸ.ਐਸ.ਪੀ. ਨੂੰ ਐਫ.ਆਈ.ਆਰ. ‘ਚ ਸਾਰੇ ਕਾਰਨ ਦਰਜ ਕਰਨ ਨੂੰ ਕਿਹਾ
ਬਿਨਾਂ ਪ੍ਰਵਾਨਗੀ ਤੋਂ ਬਣਾਏ ਗਏ ਸਨ ਫਲੈਟ
ਪੀਰ ਮੁਛੱਲਾ ਵਿਖੇ ਬਿਲਡਿੰਗ ਡਿੱਗਣ ਵਾਲੀ ਜਗਾ ਦਾ ਵੀ ਕੀਤਾ ਮੁਆਇਨਾ
ਡਾਇਰੈਕਟਰ ਦੀ ਅਗਵਾਈ ‘ਚ ਚਾਰ ਮੈਂਬਰੀ ਕਮੇਟੀ ਬਣਾ ਕੇ ਸੱਤ ਦਿਨਾਂ ਅੰਦਰ ਰਿਪੋਰਟ ਮੰਗੀ
ਸਾਰੇ ਪੰਜਾਬ ਦਾ ਦੌਰਾ ਕਰ ਕੇ ਬਿਲਡਿੰਗਾਂ ਦਾ ਕੀਤਾ ਜਾਵੇਗਾ ਨਿਰੀਖਣ: ਸਿੱਧੂ
ਜ਼ੀਰਕਪੁਰ/ਚੰਡੀਗੜ- ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿੱਚ ਨਿਰਮਾਣ ਅਧੀਨ ਬਿਲਡਿੰਗ ਡਿੱਗਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਖੁਦ ਜ਼ੀਰਕਪੁਰ ਥਾਣੇ ਜਾ ਕੇ ਗੈਰ ਕਾਨੂੰਨੀ ਬਿਲਡਿੰਗ ਦੇ ਨਿਰਮਾਣ ਲਈ ਜ਼ਿੰਮੇਵਾਰ ਬਿਲਡਰਾਂ ਦੇ ਖਿਲਾਫ ਕੇਸ ਦਰਜ ਕਰਵਾਇਆ। ਸ. ਸਿੱਧੂ ਨੇ ਮੌਕੇ ‘ਤੇ ਹਾਜ਼ਰ ਮੁਹਾਲੀ ਦੇ ਐਸ.ਐਸ.ਪੀ. ਸ੍ਰੀ ਕੁਲਦੀਪ ਚਾਹਲ ਨੂੰ ਬਿਲਡਿੰਗ ਸਬੰਧੀ ਸਾਰੇ ਕਾਗਜ਼ ਸੌਂਪੇ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਸਿੱਧੂ ਨੇ ਮੌਕੇ ‘ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਦੇ ਰਿਕਾਰਡ ਮੁਤਾਬਕ ਜਿਹੜੀਆਂ ਛੇ ਬਿਲਡਿੰਗਾਂ (139 ਤੋਂ 144 ਨੰਬਰ) ਡਿੱਗੀਆਂ ਹਨ, ਉਨਾਂ ਵਿੱਚੋਂ ਪੰਜ ਬਿਲਡਿੰਗਾਂ ਦੇ ਲਾਇਸੈਂਸ ਦੀ ਮਿਆਦ ਅਕਤੂਬਰ 2017 ਅਤੇ ਇਕ ਬਿਲਡਿੰਗ ਦੇ ਲਾਇਸੈਂਸ ਦੀ ਮਿਆਦ 31 ਮਾਰਚ 2018 ਨੂੰ ਪੁੱਗ ਚੁੱਕੀ ਸੀ ਜਿਸ ਕਾਰਨ ਬਿਲਡਰਾਂ ਨੇ ਬਿਨਾਂ ਪ੍ਰਮਾਣਿਕ ਲਾਇਸੈਂਸ ਦੇ ਇਹ ਬਿਲਡਿੰਗਾਂ ਬਣਾਈਆਂ ਸਨ। ਉਨਾਂ ਐਸ.ਐਸ.ਪੀ. ਨੂੰ ਇਨਾਂ ਬਿਲਡਿੰਗਾਂ ਬਣਾਉਣ ਵਾਲੇ ਬਿਲਡਰ ਪੁਸ਼ਪ ਇੰਪਾਇਰ ਖਿਲਾਫ ਕੇਸ ਦਰਜ ਕਰਨ ਲਈ ਕਿਹਾ। ਉਨਾਂ ਇਹ ਵੀ ਦੱਸਿਆ ਕਿ ਬਿਲਡਰ ਨੂੰ ਸੈਕਸਨਡ ਪਲਾਨ ਦੇ ਮੁਤਾਬਕ ਬਿਲਡਿੰਗ ਦਾ ਡਿਜ਼ਾਇਨ ਸਟਰਕਚਰਲ ਇੰਜਨੀਅਰ ਕੋਲ ਸਰਟੀਫਾਈ ਕਰਵਾਉਣਾ ਹੁੰਦਾ ਹੈ ਜੋ ਕਿ ਕੰਪਲੀਸ਼ਨ ਦੇ ਨਾਲ ਉਸ ਨੇ ਜਮਾ ਕਰਵਾਉਣਾ ਹੁੰਦਾ ਹੈ ਜੋ ਕਿ ਕੁਝ ਨਹੀਂ ਹੋਇਆ। ਉਨ•ਾਂ ਕਿਹਾ ਕਿ ਬਿਲਡਰ ਵੱਲੋਂ ਫਲੈਟ ਵੀ ਬਿਨਾਂ ਪ੍ਰਵਾਨਗੀ ਤੋਂ ਬਣਾਏ ਜਾ ਰਹੇ ਸਨ ਕਿਉਂਕਿ ਪ੍ਰਵਾਨਗੀ ਸਿਰਫ ਘਰਾਂ ਦੀ ਸੀ ਨਾ ਕਿ ਫਲੈਟਾਂ ਦੀ।
ਸ. ਸਿੱਧੂ ਨੇ ਕਿਹਾ ਕਿ ਬਿਲਡਰਾਂ ਦੇ ਖਿਲਾਫ ਪੰਜਾਬ ਮਿਉਂਸਪਲ ਐਕਟ 2011, ਬਿਲਡਿੰਗ ਬਾਏ ਲਾਅਜ਼ ਦੀ ਉਲੰਘਣਾ ਕਰਨ ਲਈ ਆਈ.ਪੀ.ਸੀ. ਦੀਆਂ ਧਾਰਾਵਾਂ ਅੰਦਰ ਕੇਸ ਦਰਜ ਕਰਨ ਲਈ ਕਿਹਾ ਹੈ। ਉਨਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਭਾਗ ਦੇ ਡਾਇਰੈਕਟਰ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਬਣਾ ਕੇ ਸੱਤ ਦਿਨਾਂ ਅੰਦਰ ਮੁਕੰਮਲ ਰਿਪੋਰਟ ਮੰਗੀ ਗਈ ਹੈ। ਇਸ ਕਮੇਟੀ ਵਿੱਚ ਚੀਫ ਇੰਜਨੀਅਰ, ਟਾਊਨ ਪਲਾਨਰ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜ ਸਾਧਕ ਅਧਿਕਾਰੀ ਸ਼ਾਮਲ ਹਨ। ਉਨਾਂ ਕਿਹਾ ਕਿ ਇਸ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾ ਕਿਹਾ ਕਿ ਜ਼ੀਰਕਪੁਰ ਦੀ ਘਟਨਾ ਸਾਡੇ ਲਈ ਸਬਕ ਹੈ ਅਤੇ ਹੁਣ ਉਨਾ ਫੈਸਲਾ ਕੀਤਾ ਹੈ ਕਿ ਆਉਂਦੇ ਦਿਨਾਂ ਵਿੱਚ ਸਾਰੇ ਪੰਜਾਬ ਦਾ ਦੌਰਾ ਕਰ ਕੇ ਸਾਰੀਆਂ ਬਿਲਡਿੰਗਾਂ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਬਿਲਡਿੰਗ ਬਿਨਾਂ ਪ੍ਰਵਾਨਗੀ ਅਤੇ ਲਾਇਸੈਂਸ ਦੇ ਨਾ ਬਣ ਰਹੀ ਹੋਵੇ।
ਸ. ਸਿੱਧੂ ਨੇ ਅੱਜ ਜ਼ੀਰਕਪੁਰ ਪੁਲਿਸ ਥਾਣੇ ਤੋਂ ਬਾਅਦ ਪੀਰ ਮੁਛੱਲਾ ਵਿਖੇ ਬਿਲਡਿੰਗ ਡਿੱਗਣ ਵਾਲੀ ਜਗਾ ਦਾ ਦੌਰਾ ਵੀ ਕੀਤਾ। ਇਸ ਮੌਕੇ ਉਨਾ ਦੇ ਨਾਲ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ, ਐਸ.ਐਸ.ਪੀ. ਸ੍ਰੀ ਕੁਲਦੀਪ ਚਾਹਲ, ਡੇਰਾਬਸੀ ਦੇ ਐਸ.ਡੀ.ਐਮ. ਪਰਮਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਸ੍ਰੀ ਦੀਪਇੰਦਰ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸ੍ਰੀ ਮਨਬੀਰ ਸਿੰਘ ਵੀ ਹਾਜ਼ਰ ਸਨ।