ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਅਤੇ ਮਸ਼ਹੂਰ ਮਨੁੱਖੀ ਅਧਿਕਾਰ ਵਰਕਰ ਰਾਜਿੰਦਰ ਸੱਚਰ ਦਾ ਅੱਜ ਯਾਨੀ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। 22 ਦਸੰਬਰ 1923 ਨੂੰ ਜਨਮੇ ਜਸਟਿਸ ਸੱਚਰ ਦੀ ਭਾਰਤ ‘ਚ ਮੁਸਲਮਾਨਾਂ ਦੀ ਸਥਿਤੀ ‘ਤੇ ਬਣਾਈ ਗਈ ਕਮੇਟੀ ਕਾਫੀ ਸੁਰਖੀਆਂ ‘ਚ ਰਹੀ ਸੀ। 94 ਸਾਲਾ ਸੱਚਰ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸਨ ਅਤੇ ਉਨ੍ਹਾਂ ਨੂੰ ਹਾਲ ਹੀ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਸਟਿਸ ਸੱਚਰ ਨੇ ਮਨੁੱਖੀ ਅਧਿਕਾਰ ਨੂੰ ਲੈਕੇ ਕਾਫੀ ਕੰਮ ਕੀਤਾ ਸੀ।
1972 ਨੂੰ ਬਣੇ ਦਿੱਲੀ ਹਾਈ ਕੋਰਟ ਦੇ ਜੱਜ
ਜਸਟਿਸ ਰਾਜਿੰਦਰ ਸੱਚਰ ਨੇ 1952 ‘ਚ ਵਕਾਲਤ ਦੀ ਸ਼ੁਰੂਆਤ ਕੀਤੀ ਸੀ। 8 ਦਸੰਬਰ 1960 ‘ਚ ਉਨ੍ਹਾਂ ਨੇ ਸੁਪਰੀਮ ਕੋਰਟ ‘ਚ ਵਕਾਲਤ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ 12 ਫਰਵਰੀ 1970 ਨੂੰ ਉਹ 2 ਸਾਲ ਲਈ ਦਿੱਲੀ ਹਾਈ ਕੋਰਟ ਦੇ ਐਡੀਸ਼ਨਲ ਜੱਜ ਬਣੇ। ਫਿਰ 5 ਜੁਲਾਈ 1972 ਨੂੰ ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਦਾ ਜੱਜ ਬਣਾਇਆ ਗਿਆ। ਜਸਟਿਸ ਸੱਚਰ ਦਿੱਲੀ ਹਾਈ ਕੋਰਟ ਤੋਂ ਇਲਾਵਾ ਸਿੱਕਮ, ਰਾਜਸਥਾਨ ਹਾਈ ਕੋਰਟ ਦੇ ਕਾਰਜਵਾਹਕ ਚੀਫ ਜਸਟਿਸ ਰਹਿ ਚੁਕੇ ਹਨ।
ਮੁਸਲਮਾਨਾਂ ਦੀ ਸਥਿਤੀ ‘ਤੇ ਬਣਾਈ ਕਮੇਟੀ
ਭਾਰਤ ਸਰਕਾਰ ਨੇ 9 ਮਾਰਚ 2005 ਨੂੰ ਮੁਸਲਮਾਨਾਂ ਦੇ ਸਮਾਜਿਕ, ਆਰਥਿਕ ਅਤੇ ਸਿੱਖਿਆ ਪਿਛੜੇਪਨ ਨਾਲਜੁੜੇ ਮੁੱਦਿਆਂ ਦੀ ਜਾਂਚ ਲਈ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਨੂੰ ਮੁਸਲਮਾਨਾਂ ਦੀ ਸਿੱਖਿਆ, ਸਿਹਤ ਸੇਵਾਵਾਂ ਦਾ ਪੱਧਰ, ਬੈਂਕਾਂ ਤੋਂ ਮਿਲਣ ਵਾਲੀ ਆਰਥਿਕ ਮਦਦ ਆਦਿ ਦੀ ਜਾਂਚ ਲਈ ਬਣਾਇਆ ਗਿਆ ਸੀ। ਇਸ ਕਮੇਟੀ ਨੂੰ ਸੱਚਰ ਕਮੇਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।