ਨਵੀਂ ਦਿੱਲੀ— ਚੀਫ ਜਸਟਿਸ ਦੇ ਖਿਲਾਫ ਮਹਾਦੋਸ਼ ਲਿਆਉਣ ਦੇ ਪ੍ਰਸਤਾਵ ਦਰਮਿਆਨ ਸੱਤਾਧਾਰੀ ਦਲ ਅਤੇ ਵਿਰੋਧੀ ਪਾਰਟੀ ਦੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਇਸ ਪੂਰੇ ਮਾਮਲੇ ‘ਤੇ ਭਾਜਪਾ ਨੇ ਕਾਂਗਰਸ ‘ਤੇ ਸੰਵਿਧਾਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਭਾਜਪਾ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਅਦਾਲਤ ਨੂੰ ਲੈ ਕੇ ਲਗਾਤਾਰ ਰਾਜਨੀਤੀ ਹੋ ਰਹੀ ਹੈ। ਵਿਰੋਧੀ ਧਿਰ ਕੋਰਟ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਹੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਵਿਰੋਧੀ ਧਿਰ ‘ਤੇ ਦੋਸ਼ ਲਗਾਇਆ ਹੈ ਕਿ ਉਹ ਮਹਾਦੋਸ਼ ਨੂੰ ਹਥਿਆਰ ਬਣਾ ਕੇ ਜੱਜਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਫੇਸਬੁੱਕ ‘ਤੇ ਇਕ ਪੋਸਟ ਲਿਖ ਕੇ ਜੱਜਾਂ ਦੇ ਮਹਾਦੋਸ਼ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ। ਜੇਤਲੀ ਨੇ ਮਹਾਦੋਸ਼ ‘ਬਦਲੇ ਦੀ ਪਟੀਸ਼ਨ’ ਦੱਸਦੇ ਹੋਏ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਹਲਕੇ ‘ਚ ਲੈਣਾ ਖਤਰਨਾਕ ਹੋ ਸਕਦਾ ਹੈ। ਇਹ ਮਾਮਲਾ ਪੂਰੀ ਅਦਾਤ ਦੀ ਆਜ਼ਾਦੀ ਲਈ ਖਤਰਾ ਹੈ। ਜੇਤਲੀ ਨੇ ਆਪਣੀ ਪੋਸਟ ‘ਚ ਜੱਜ ਲੋਇਆ ਦੀ ਮੌਤ ਨੂੰ ਲੈ ਕੇ ਵੀਰਵਾਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਬਾਰੇ ਲਿਖਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ 114 ਪੇਜ ਦੇ ਇਸ ਫੈਸਲੇ ਨੂੰ ਪੜ੍ਹਿਆ, ਜਿਸ ਨੂੰ ਜਸਟਿਸ ਡੀ.ਵਾਈ. ਚੰਦਰਚੂੜ ਨੇ ਲਿਖਿਆ ਹੈ। ਵਿੱਤ ਮੰਤਰੀ ਨੇ ਸੋਹਰਾਬੁਦੀਨ ਦੇ ਐਨਕਾਊਂਟਰ ਤੋਂ ਲੈ ਕੇ ਅਮਿਤ ਸ਼ਾਹ ਅਤੇ ਜੱਜ ਲੋਇਆ ਦੀ ਮੌਤ ਦਾ ਵਿਸਥਾਰ ਤੋਂ ਵੇਰਵਾ ਦਿੱਤਾ ਹੈ। ਆਪਣੀ ਪੋਸਟ ‘ਚ ਅਰੁਣ ਜੇਤਲੀ ਨੇ ਜੱਜ ਲੋਇਆ ਦੀ ਮੌਤ ਨੂੰ ਲੈ ਕੇ ਕਾਰਵਾਂ ਮੈਗਜ਼ੀਨ ‘ਚ ਛਪੇ ਲੇਖ ਨੂੰ ਫੇਕ ਨਿਊਜ਼ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਪੂਰਾ ਮਾਮਲਾ ਇਸ ਸਰਕਾਰ ਅਤੇ ਭਾਜਪਾ ਪ੍ਰਧਾਨ ਦੀ ਅਕਸ ਨੂੰ ਧੂਮਿਲ ਕਰਨ ਲਈ ਚੁੱਕਿਆ ਗਿਆ। ਉਨ੍ਹਾਂ ਨੇ ਚੀਫ ਜਸਟਿਸ ਦੇ ਮਹਾਦੋਸ਼ ਦੀ ਗੱਲ ਨੂੰ ਗੰਭੀਰ ਮਾਮਲਾ ਦੱਸਦੇ ਹੋਏ ਲਿਖਿਆ ਕਿ ਇਸ ਮਾਮਲੇ ਨੂੰ ਹਲਕੇ ‘ਚ ਲੈਣਾ ਖਤਰਨਾਕ ਹੋ ਸਕਦਾ ਹੈ। ਸਾਰੇ ਸਿਆਸੀ ਦਲਾਂ ਨੂੰ ਇਸ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ।
ਅਰੁਣ ਜੇਤਲੀ ਨੇ 4 ਜੱਜਾਂ ਦੀ ਪ੍ਰੈੱਸ ਕਾਨਫਰੰਸ ਦੇ ਮੁੱਦੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਸਵਾਲ ਚੁੱਕਿਆ ਕਿ ਚਾਰੇ ਜੱਜਾਂ ਨੇ ਜੱਜ ਲੋਇਆ ਦੇ ਮਾਮਲੇ ਦੇ ਤੱਤਾਂ ਦੀ ਪੂਰੀ ਪੜਤਾਲ ਕੀਤੀ ਸੀ? ਉਨ੍ਹਾਂ ਨੇ ਸਿਰਫ ਸੁਣਵਾਈ ਲਈ ਲਿਸਟਿੰਗ ਨੂੰ ਮੁੱਦਾ ਬਣਾਇਆ। ਉਨ੍ਹਾਂ ਨੇ ਚੀਫ ਜਸਟਿਸ ਦੇ ਖਿਲਾਫ ਮਹਾਦੋਸ਼ ਨੂੰ ਲੈ ਕੇ ਵਿਰੋਧੀ ਦਲਾਂ ਦੀ ਭੂਮਿਕਾ ‘ਤੇ ਸਵਾਲ ਚੁੱਕਦੇ ਹੋਏ ਲਿਖਿਆ ਕਿ ਸਿਆਸੀ ਲੜਾਈਆਂ ‘ਚ ਅਦਾਲਤ ਨੂੰ ਮੋਹਰਾ ਬਣਾਉਣਾ ਉੱਚਿਤ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੀ ਅਗਵਾਈ ‘ਚ ਵਿਰੋਧੀ ਨੇਤਾਵਾਂ ਨੇ ਮਹਾਦੋਸ਼ ਪ੍ਰਸਤਾਵ ਦਾ ਨੋਟਿਸ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਸੌਂਪਿਆ ਹੈ। ਆਜ਼ਾਦ ਨੇ ਕਿਹਾ ਕਿ ਅਸੀਂ ਮੀਟਿੰਗ ਦੌਰਾਨ 5 ਆਧਾਰ ਦਿੰਦੇ ਹੋਏ ਮਹਾਦੋਸ਼ ਦੇ ਪ੍ਰਸਤਾਵ ਦੀ ਮਨਜ਼ੂਰੀ ਮੰਗੀ ਹੈ। ਕਾਂਗਰਸ ਦੀ ਅਗਵਾਈ ‘ਚ 7 ਵਿਰੋਧੀ ਦਲਾਂ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਸਪੀਕਰ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ ਅਤੇ ਚੀਫ ਜਸਟਿਸ ਦੀਪਕ ਮਿਸ਼ਰਾ ਨੂੰ ਅਹੁਦੇ ਤੋਂ ਹਟਾਉਣ ਲਈ ਮਹਾਦੋਸ਼ ਪ੍ਰਸਤਾਵ ਦਾ ਨੋਟਿਸ ਸੌਂਪ ਦਿੱਤਾ।