ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨੂੰ ਝਟਕਾ ਦਿੱਤਾ ਹੈ। ਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਦਾਊਦ ਦੀਆਂ ਸੰਪਤੀਆਂ ਸੀਜ ਕਰ ਦਿੱਤੀਆਂ ਜਾਣ। ਦਾਊਦ ਦੀ ਭੈਣ ਹਸੀਨਾ ਪਾਰਕਰ ਅਤੇ ਮਾਂ ਅਮੀਨਾ ਨੇ ਪਟੀਸ਼ਨ ਦਿੱਤੀ ਸੀ ਕਿ ਮੁੰਬਈ ‘ਚ ਸੰਪਤੀਆਂ ਨੂੰ ਸੀਜ ਨਾ ਕੀਤਾ ਜਾਵੇ। ਜਸਟਿਸ ਆਰ.ਕੇ. ਅਗਰਵਾਲ ਨੇ ਦਾਊਦ ਦੇ ਪਰਿਵਾਰ ਦੀ ਇਸ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਸਰਕਾਰ ਨੂੰ ਸੰਪਤੀਆਂ ਨੂੰ ਜ਼ਬਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਦਾਊਦ ਦੇ ਪਰਿਵਾਰ ਦਾ ਤਰਕ ਸੀ ਕਿ ਉਨ੍ਹਾਂ ਨੂੰ ਜ਼ਬਤੀ ਦਾ ਨੋਟਿਸ ਠੀਕ ਤਰ੍ਹਾਂ ਨਹੀਂ ਦਿੱਤਾ ਗਿਆ, ਇਸ ਲਈ ਉਹ ਇਸ ਦੇ ਖਿਲਾਫ ਅਪੀਲ ਨਹੀਂ ਕਰ ਸਕੇ। ਦਾਊਦ ਦੀ ਭੈਣ ਅਤੇ ਮਾਂ ਨੇ ਨੋਟਿਸ ਨੂੰ ਚੁਣੌਤੀ ਦੇਣ ਲਈ ਸਮੇਂ ਦੀ ਮੰਗ ਕੀਤੀ ਸੀ ਪਰ ਜਸਟਿਸ ਆਰ.ਕੇ. ਅਗਰਵਾਲ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਬੈਂਚ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਸਰਕਾਰ ਨੂੰ ਜ਼ਬਤੀ ਦੇ ਨਿਰਦੇਸ਼ ਦੇ ਦਿੱਤੇ।
1998 ‘ਚ ਦਿੱਲੀ ਹਾਈ ਕੋਰਟ ਨੇ ਵੀ ਹਸੀਨਾ ਪਾਰਕਰ ਅਤੇ ਉਨ੍ਹਾਂ ਦੀ ਮਾਂ ਦੀਆਂ ਸੰਪਤੀਆਂ ਨੂੰ ਜ਼ਬਤ ਕਰਨ ਦਾ ਫੈਸਲਾ ਸਹੀ ਠਹਿਰਾਇਆ ਸੀ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਦਾਊਦ ਦੇ ਪਰਿਵਾਰ ਕੋਲ ਇਹ ਸੰਪਤੀ ਤਸਕਰੀ ਰਾਹੀਂ ਜਮ੍ਹਾ ਕੀਤੀ ਗਈ ਹੈ। ਕੇਂਦਰ ਅਨੁਸਾਰ ਇਹ ਦੋਵੇਂ ਸਪੱਸ਼ਟ ਨਹੀਂ ਕਰ ਪਾਈਆਂ ਕਿ ਉਨ੍ਹਾਂ ਕੋਲ ਇਹ ਸੰਪਤੀ ਕਿੱਥੋਂ ਆਈ।