ਨਵੀਂ ਦਿੱਲੀ – ਦਿੱਗਜ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਕਿਹਾ ਕਿ ਉਹ ਅਗਲੇ ਸਾਲ ਇੰਗਲੈਂਡ ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਅਦ ਆਪਣੇ ਕਰੀਅਰ ਬਾਰੇ ਕੋਈ ਫ਼ੈਸਲਾ ਕਰੇਗਾ। ਯੁਵਰਾਜ ਨੇ ਆਪਣਾ ਪਿਛਲਾ ਅੰਤਰਰਾਸ਼ਟਰੀ ਮੈਚ ਜੂਨ 2017 ‘ਚ ਖੇਡਿਆ ਸੀ। ਯੁਵਰਾਜ ਨੇ ਕਿਹਾ, ”ਮੈਂ 2019 ਤਕ ਖੇਡਣ ‘ਤੇ ਵਿਚਾਰ ਕਰ ਰਿਹਾ ਹਾਂ, ਫ਼ਿਰ ਚਾਹੇ ਮੈਨੂੰ ਕਿਸੇ ਵੀ ਤਰ੍ਹਾਂ ਦਾ ਕ੍ਰਿਕਟ ਖੇਡਣ ਦਾ ਮੌਕਾ ਮਿਲੇ। ਮੈਂ ਉਹ ਸਾਲ ਖ਼ਤਮ ਹੋਣ ਦੇ ਬਾਅਦ ਆਪਣੇ ਕਰੀਅਰ ‘ਤੇ ਵਿਚਾਰ ਕਰੂਗਾਂ।
36 ਸਾਲਾ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਕਿਹਾ ਕਿ ਉਹ ਕਰੀਬ ਦੋ ਸਾਲ ਤੋਂ ਭਾਰਤ ਦੇ ਲਈ ਖੇਡ ਰਿਹੈ ਅਤੇ ਉਸ ਨੇ ਕਿਸੇ ਨਾ ਕਿਸੇ ਦਿਨ ਤਾਂ ਰਿਟਾਇਰ ਹੋਣਾ ਹੀ ਹੈ।
”ਹਰ ਕਿਸੇ ਨੂੰ ਕਦੀ ਨਾ ਕਦੀ ਇਹ ਫ਼ੈਸਲਾ ਲੈਣਾ ਹੀ ਹੁੰਦਾ ਹੈ। ਮੈਂ ਸਾਲ 2000 ਤੋਂ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਿਹਾ ਹਾਂ, ਕਰੀਬ 17-18 ਸਾਲ ਹੋ ਗਏ। ਹੁਣ ਮੈਂ 2019 ਤੋਂ ਬਾਅਦ ਜ਼ਰੂਰ ਕੋਈ ਫ਼ੈਸਲਾ ਲਵਾਂਗਾ,” ਸਿੰਘ ਨੇ ਇੰਡੀਅਨ ਪ੍ਰੀਮੀਅਰ ਲੀਗ ਬਾਰੇ ‘ਚ ਗੱਲ ਕਰਦੇ ਹੋਏ ਕਿਹਾ ਕਿ ਉਸ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦਾ ਪਹਿਲਾਂ ਟੀਚਾ ਸੈਮੀਫ਼ਾਈਨਲ ਲਈ ਕੁਆਲੀਫ਼ਾਈ ਕਰਨਾ ਹੈ।
ਯੁਵਰਾਜ ਨੇ ਕਿਹਾ, ”ਅਸੀਂ ਸਭ ਤੋਂ ਪਹਿਲਾਂ ਆਖ਼ਰੀ ਚਾਰ ‘ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਮੇਰੇ ਵਿਚਾਰ ਨਾਲ ਇਸ ਵਾਰ ਸਾਡੇ ਕੋਲ ਇੱਕ ਸ਼ਾਨਦਾਰ ਟੀਮ ਹੈ।” ਉਸ ਨੇ ਕਿਹਾ, ”ਸਾਡੇ ਕੋਲ ਮਜ਼ਬੂਤ ਬੱਲੇਬਾਜ਼ੀ ਕ੍ਰਮ ਹੈ ਅਤੇ ਗੇਂਦਬਾਜ਼ੀ ਵੀ ਬਹੁਤ ਚੰਗੀ ਹੈ। ਅਸੀਂ ਪਹਿਲਾਂ ਸੈਮੀਫ਼ਾਈਨਲ ‘ਚ ਪਹੁੰਚਣ ਦੀ ਕੋਸ਼ਿਸ਼ ਕਰਾਂਗੇ, ਅਤੇ ਫ਼ਿਰ ਦੇਖਾਂਗੇ ਕਿ ਅਸੀਂ ਫ਼ਾਈਨਲ ਜਿੱਤ ਪਾਉਂਦੇ ਹਾਂ ਜਾਂ ਨਹੀਂ।”