ਐਸ.ਏ.ਐਸ.ਨਗਰ – ਸੂਬੇ ਵਿਚ ਮਈ ਦਿਵਸ ਤੇ ਖਸਰਾ ਅਤੇ ਰੁਬੇਲਾ ਖਿਲਾਫ ਟੀਕਾਕਰਨ ਮੁੰਿਹਮ ਸ਼ੁਰੂ ਕੀਤੀ ਗਈ ਹੈ ਤਾਂ ਰਾਜ ਵਿਚ ਇਸ ਬਿਮਾਰੀ ਦਾ ਖਾਤਮਾ ਸਕੇ ਅਤੇ ਸੂਬਾ ਸਰਕਾਰ ਨੇ ਰਾਜ ਦੇ ਲੋਕਾਂ ਨੂੰ ਬਿਮਾਰੀਆਂ ਰਹਿਤ ਕਰਨ ਦਾ ਮੁੱਢ ਬੰਨਿਆ ਹੈ ਅਤੇ ਰਾਜ ਵਿਚ ਬਿਹਤਰ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ , ਸ੍ਰ: ਬਲਬੀਰ ਸਿੰਘ ਸਿੱਧੂ ਨੇ ਐਸ.ਏ.ਐਸ ਨਗਰ ਸਥਿਤ ਸੁਵਾਮੀ ਰਾਮ ਤੀਰਥ ਸਮਾਰਟ ਸਕੂਲ,ਮੁਹਾਲੀ ਤੋਂ ਜ਼ਿਲ੍ਹੇ ਵਿਚ ਖਸਰਾ ਅਤੇ ਰੁਬੇਲਾ ਟੀਕਾਕਰਨ ਦੀ ਸ਼ੁਰੂਆਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਿੱਤੀ।
ਸ੍ਰ: ਸਿੱਧੂ ਨੇ ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਸਰਾ ਅਤੇ ਰੁਬੇਲਾ ਖਿਲਾਫ ਵਿੰਢੀ ਮੁਹਿੰਮ ਦੌਰਾਨ 09 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਐਮ.ਆਰ.ਟੀਕਾ ਲਗਾਇਆ ਜਾਵੇਗਾ ਜਿਸ ਨਾਲ ਬੱਚਿਆਂ ਨੂੰ ਖਸਰੇ ਅਤੇ ਰੁਬੇਲਾ ਬਿਮਾਰੀ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਕਿਸੇ ਵੀ ਕਿਸਮ ਦੀ ਅਫਵਾਵਾਂ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕੁੱਝ ਭੈੜੀ ਮਾਨਸਿਕਤਾ ਵਾਲੇ ਲੋਕ ਸਰਕਾਰ ਵੱਲੋਂ ਵਿੰਢੀ ਖਸਰਾ ਅਤੇ ਰੁਬੇਲਾ ਖਿਲਾਫ ਮੁਹਿੰਮ ਵਿਰੁੱਧ ਸ਼ੋਸ਼ਨ ਮੀਡੀਏ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਹਨ। ਜਿਨ੍ਹਾਂ ਵਿਚ ਰੱਤੀ ਭਰ ਵੀ ਸੱਚਾਈ ਨਹੀਂ ਹੈ। ਲੋਕਾਂ ਨੂੰ ਅਜਿਹੀਆਂ ਅਫਵਾਵਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਅਤੇ ਬੱਚਿਆਂ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝ ਕੇ ਉਨ੍ਹਾਂ ਦਾ ਟੀਕਾਕਰਨ ਕਰਾਉਣਾ ਜਰੂਰੀ ਹੈ। ਉਨ੍ਹਾਂ ਇਸ ਮੌਕੇ ਦ੍ਰਿੜਤਾ ਨਾਲ ਟੀਕਾਕਰਨ ਕਰਾ ਰਹੇ ਬੱਚਿਆਂ ਨੂੰ ਸ਼ਾਬਾਸ਼ ਦਿੱਤੀ ਅਤੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਉਨ੍ਹਾਂ ਇਸ ਮੌਕੇ ਸਿਵਲ ਸਰਜਨ ਡਾ: ਰੀਟਾ ਭਾਰਦਵਾਜ ਨੂੰ ਜ਼ਿਲ੍ਹੇ ਦੇ ਸਲੱਮ ਖੇਤਰ ਵਿਚ ਖਸਰਾ ਅਤੇ ਰੁਬੇਲਾ ਦੇ ਖਾਤਮੇ ਲਈ ਟੀਕਾਕਰਨ ਲਈ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਇਸ ਟੀਕਾਕਰਨ ਸਬੰਧੀ ਜਾਗਰੂਕ ਵੀ ਕੀਤਾ ਜਾਵੇ।
ਪੱਤਰਕਾਰਾਂ ਵੱਲੋਂ ਸ਼ਹਿਰ ਵਿਚ ਉਨ੍ਹਾਂ ਦੀ ਸ਼ਾਨ ਵਿਚ ਲਗਾਏ ਗਏ ਪੋਸਟਰਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰੀ ਬਨਣ ਦਾ ਲੋਕਾਂ ਦੇ ਮਨਾਂ ਵਿਚ ਚਾਅ ਹੈ ਪ੍ਰੰਤੂ ਫਿਰ ਵੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਇਮਾਰਤਾਂ ਤੇ ਕੋਈ ਵੀ ਅਜਿਹਾ ਪੋਸਟਰ ਨਾ ਲਗਾਉਣ ਜਿਸ ਨਾਲ ‘ਦਾ ਪੰਜਾਬ ਪਰਵੈਨਸ਼ਨ ਆਫ ਡੀਫੇਸ਼ਮੈਂਟ ਆਫ ਪ੍ਰਾਪਰਟੀ ਐਕਟ’ ਦੀ ਉਲੰਘਣਾ ਹੁੰਦੀ ਹੋਵੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਵੀ ਜ਼ਿਲ੍ਹੇ ‘ਚ ਸ਼ੁਰੂ ਹੋਈ ਖਸਰਾ/ਰੁਬੇਲਾ ਖਿਲਾਫ ਵਿੰਢੀ ਟੀਕਾਕਰਨ ਮੁਹਿੰਮ ਦਾ ਜ਼ਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਤਕਰੀਬਨ 09 ਮਹੀਨੇ ਤੋਂ 15 ਸਾਲ ਤੱਕ 03 ਲੱਖ ਤੋਂ ਵੱਧ ਬੱਚਿਆਂ ਨੂੰ ਟੀਕੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਖਸਰਾ ਅਤੇ ਰੁਬੇਲਾ ਖਿਲਾਫ ਮੁਹਿੰਮ ਦਾ ਮੁੱਖ ਮੰਤਵ ਰਾਜ ਨੂੰ ਖਸਰਾ ਤੇ ਰੁਬੇਲਾ ਤੋਂ ਮੁਕਤ ਕਰਨਾ ਹੈ। ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਿੰਢੀ ਗਈ ਟੀਕਾਕਰਨ ਮੁਹਿੰਮ ਦੌਰਾਨ ਟੀਕਾ ਜਰੂਰ ਲਗਾਉਣ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸ਼ਲਾਂ ਤੰਦਰੁਸ਼ਤ ਰਹਿਣ। ਉਨ੍ਹਾਂ ਸ਼ੋਸਲ ਮੀਡੀਏ ਤੇ ਇਸ ਮੁਹਿੰਮ ਵਿਰੁੱਧ ਫੈਲਾਈਆਂ ਜਾ ਰਹੀਆਂ ਅਫਵਾਵਾਂ ਨੂੰ ਮੁੱਢੋਂ ਨਕਾਰਦਿਆਂ ਕੋਰਾ ਝੂਠ ਦੱਸਿਆ ਅਤੇ ਲੋਕਾਂ ਨੂੰ ਅਫਵਾਵਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਿਵਲ ਸਰਜਨ ਡਾ: ਰੀਟਾ ਭਾਰਦਵਾਜ ਨੇ ਦੱÎਸਿਆ ਕਿ ਇਹ ਟੀਕੇ ਸਾਰੇ ਸਕੂਲਾਂ, ਜਨਤਕ ਥਾਵਾਂ, ਆਂਗਣਵਾੜ੍ਹੀ ਸੈਂਟਰਾਂ ਅਤੇ ਸਰਕਾਰੀ ਸਿਹਤ ਸੈਂਟਰਾ ਵਿਚ ਲਗਾਏ ਜਾਣਗੇ। ਜੇਕਰ ਬੱਚੇ ਨੂੰ ਪਹਿਲਾਂ ਐਮ.ਆਰ./ਐਮ.ਐਮ.ਆਰ ਵੈਕਸੀਨ ਦਿੱਤੀ ਗਈ ਹੈ ਤਾਂ ਵੀ ਇਹ ਟੀਕਾ ਲਗਾਉਣਾ ਜਰੂਰੀ ਹੈ। ਇਸ ਟੀਕੇ ਦਾ ਕੋਈ ਮਾੜਾ ਪ੍ਰਭਾਵ ਨਹੀ। ਇਸ ਮੌਕੇ ਸ੍ਰ:ਸਿੱਧੂ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾਂ ਮੱਛਲਕਲਾਂ, ਗੁਰਚਰਨ ਸਿੰਘ ਭਮਰਾ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰੇਵਾਲ, ਵਿਸ਼ਵ ਸਿਹਤ ਸੰਗਠਨ ਤੋਂ ਡਾ. ਵਿਕਰਮ ਗੁਪਤਾ, ਡਾ. ਤੇਜਵੀਰ ਸਿੰਘ, ਡਾ. ਮਨੋਹਰ ਲਾਲ, ਸਵਾਮੀ ਰਾਮ ਤੀਰਥ ਸਮਾਰਟ ਸਕੂਲ ਦੇ ਡਾਇਰੈਕਟਰ ਸੁਜਾਤਾ ਸ਼ਰਮਾ, ਪ੍ਰਿੰਸੀਪਲ ਰਜਨੀ ਕਪਿਲਾ ਆਦਿ ਮੌਜੂਦ ਸਨ।