ਜਲੰਧਰ : 28 ਮਈ ਨੂੰ ਹੋਣ ਜਾ ਰਹੀ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਨੇ ਜਿਥੇ ਮਰਹੂਮ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਬੇਟੇ ਨਾਇਬ ਸਿੰਘ ਕੋਹਾੜ ਨੂੰ ਪਾਰਟੀ ਟਿਕਟ ਦੇ ਕੇ ਚੋਣ ਮੈਦਾਨ ‘ਚ ਉਤਾਰ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਅਜੇ ਤੱਕ ਇਹ ਫੈਸਲਾ ਨਹੀਂ ਕਰ ਸਕੀ ਕਿ ਉਹ ਨਾਇਬ ਦੇ ਮੁਕਾਬਲੇ ‘ਚ ਆਪਣਾ ਕਿਹੜਾ ਸੂਰਮਾ ਚੋਣ ਮੈਦਾਨ ‘ਚ ਉਤਾਰੇ। ਕਾਂਗਰਸ ਅਜੇ ਤੱਕ ਟਿਕਟ ਨੂੰ ਲੈ ਕੇ ਅੰਦਰਖਾਤੇ ਚੱਲ ਰਹੀ ਧੜੇਬੰਦੀ ਨਾਲ ਹੀ ਨਜਿੱਠਣ ‘ਚ ਲੱਗੀ ਹੋਈ ਹੈ। ਹਾਲਾਂਕਿ ਸ਼ਾਹਕੋਟ ਤੋਂ ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ ਨੂੰ ਟਿਕਟ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਹਾਲ ਹੀ ਵਾਇਰਲ ਹੋਈ ਲਾਡੀ ਦੀ ਮਾਈਨਿੰਗ ਦੀ ਸੈਟਿੰਗ ਵਾਲੀ ਵੀਡੀਓ ਨੇ ਲਾਡੀ ਦੇ ਰਾਹ ‘ਚ ਕੰਡੇ ਵਿਛਾ ਦਿੱਤੇ ਹਨ।
ਲਾਡੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਰਟੀ ਦੇ ਹੀ ਆਗੂ ਡਾ. ਨਵੋਜਤ ਦਹੀਆ, ਬ੍ਰਿਜ ਭੁਪਿੰਦਰ ਸਿੰਘ, ਕੈਪਟਨ ਹਰਮਿੰਦਰ ਸਿੰਘ ਅਤੇ ਕਿਸਾਨ ਸੈੱਲ ਦੇ ਪ੍ਰਧਾਨ ਪੂਰਨ ਸਿੰਘ ਥਿੰਦ ਉਸ ਦੇ ਵਿਰੋਧ ‘ਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ ਅਤੇ ਖੁਦ ਨੂੰ ਟਿਕਟ ਦੇ ਦਾਅਵੇਦਾਰ ਦੱਸ ਰਹੇ ਹਨ। ਲਾਡੀ ਨੂੰ ਕਾਂਗਰਸ ਲਈ ਨੁਕਸਾਨਦੇਹ ਦੱਸਦੇ ਹੋਏ ਇਹ ਆਗੂ ਆਪਣੇ ਪੰਜਾਂ ‘ਚੋਂ ਕਿਸੇ ਨੂੰ ਵੀ ਟਿਕਟ ਦਿੱਤੇ ਜਾਣ ਲਈ ਹਾਈਕਮਾਨ ‘ਤੇ ਦਬਾਅ ਪਾ ਰਹੇ ਹਨ।
ਹਾਲਾਂਕਿ ਜਿਸ ਵੀਡੀਓ ਨੂੰ ਲੈ ਕੇ ਲਾਡੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ, ਉਸਨੂੰ ਲਾਡੀ ਵਲੋਂ ਗਲਤ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਲਾਡੀ ਨੇ ਵੀਡੀਓ ਬਣਾਉਣ ਵਾਲੇ ਨੂੰ ਆਮ ਆਦਮੀ ਪਾਰਟੀ ਦੀ ਬੰਦਾ ਦੱਸਿਆ ਹੈ। ਬਹਿਰਹਾਲ, ਇਲੈਕਸ਼ਨ ‘ਚ ਅਜੇ ਲਗਭਗ 27 ਦਿਨ ਦਾ ਸਮਾਂ ਹੈ, ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰਨਾ ਹੈ।
ਜੇਕਰ ਸ਼ਾਹਕੋਟ ਸੀਟ ਦੇ ਇਤਿਹਾਸ ‘ਤੇ ਨਜ਼ਰ ਮਾਰੀ ਜਾਵੇ ਤਾਂ 1962 ਤੋਂ ਲੈ ਕੇ 2017 ਤਕ ਹੋਈਆਂ 10 ਵਿਧਾਨ ਸਭਾ ਚੋਣਾਂ ਵਿਚ ਸਿਰਫ ਇਕ ਵਾਰ ਹੀ ਕਾਂਗਰਸ ਜਿੱਤ ਦਰਜ ਕਰ ਸਕੀ ਹੈ ਜਦਕਿ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਸੀਟ ‘ਤੇ ਅਕਾਲੀ ਦਲ ਜਿੱਤ ਦਰਜ ਕਰਦਾ ਆ ਰਿਹਾ ਹੈ ਜਾਂ ਫਿਰ ਇੰਝ ਕਹਿ ਲਿਆ ਜਾਵੇ ਕਿ ਇਸ ਹਲਕੇ ‘ਚ ਮਰਹੂਮ ਅਜੀਤ ਸਿੰਘ ਕੋਹਾੜ ਦਾ ਹੀ ਜਾਦੂ ਬਰਕਰਾਰ ਰਿਹਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਾਹਕੋਟ ਦੀ ਜਨਤਾ ਮਰਹੂਮ ਅਜੀਤ ਸਿੰਘ ਦੇ ਪੁੱਤਰ ਦੇ ਹੱਕ ਵਿਚ ਨਿੱਤਰਦੀ ਹੈ ਜਾਂ ਫਿਰ ਕਿਸੇ ਹੋਰ ਪਾਰਟੀ ਦੀ ਚੋਣ ਕਰਦੀ ਹੈ।