ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਦਸੰਬਰ 2012 ਦੇ ਸਨਸਨੀਖੇਜ ਸਮੂਹਕ ਬਲਾਤਕਾਰ ਅਤੇ ਕਤਲਕਾਂਡ ‘ਚ ਮੌਤ ਦੀ ਸਜ਼ਾ ਪਾਏ ਦੋਸ਼ੀਆਂ ‘ਚੋਂ 2 ਦੋਸ਼ੀਆਂ ਦੀ ਮੁੜ ਵਿਚਾਰ ਪਟੀਸ਼ਨਾਂ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਪੂਰੀ ਕਰ ਲਈ। ਅਦਾਲਤ ਇਨ੍ਹਾਂ ‘ਤੇ ਆਪਣਾ ਫੈਸਲਾ ਬਾਅਦ ‘ਚ ਸੁਣਾਏਗੀ। ਇਸ ਮਾਮਲੇ ‘ਚ ਦੋਸ਼ੀ ਵਿਨੇ ਸ਼ਰਮਾ ਅਤੇ ਪਵਨ ਗੁਪਤਾ ਨੇ ਅਦਾਲਤ ਤੋਂ ਉਨ੍ਹਾਂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖਣ ਸੰਬੰਧੀ ਮਈ 2017 ਦੇ ਫੈਸਲੇ ‘ਤੇ ਮੁੜ ਵਿਚਾਰ ਦੀ ਅਪੀਲ ਕੀਤੀ ਹੈ।
ਦੋਸ਼ੀਆਂ ਨੂੰ ਸੁਣਾਈ ਗਈ ਸੀ ਮੌਤ ਦੀ ਸਜ਼ਾ
ਸੁਪਰੀਮ ਕੋਰਟ ਨੇ ਆਪਣੇ ਫੈਸਲੇ ‘ਚ 23 ਸਾਲਾ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਕਰਨ ਅਤੇ ਉਸ ਦੇ ਕਤਲ ਦੇ ਜ਼ੁਰਮ ‘ਚ 4 ਦੋਸ਼ੀਆਂ- ਮੁਕੇਸ਼, ਪਵਨ, ਵਿਨੇ ਸ਼ਰਮਾ ਅਤੇ ਅਕਸ਼ੈ ਕੁਮਾਰ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਉਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਇਨ੍ਹਾਂ ਦੋਸ਼ੀਆਂ ਨੂੰ ਹੇਠਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਅਤੇ ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ ‘ਚ ਇਸ ਦੀ ਪੁਸ਼ਟੀ ਕੀਤੀ ਸੀ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਆਰ. ਭਾਨੂੰਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਤਿੰਨ ਮੈਂਬਰੀ ਬੈਂਚ ਨੇ ਮਾਮਲੇ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ ‘ਚੋਂ ਪਵਨ ਅਤੇ ਵਿਨੇ ਵੱਲੋਂ ਪੇਸ਼ ਦਲੀਲਾਂ ਸੁਣੀਆਂ। ਬੈਂਚ ਨੇ ਦਿੱਲੀ ਪੁਲਸ ਵੱਲੋਂ ਸੀਨੀਅਰ ਐਡਵੋਕੇਟ ਸਿਧਾਰਥ ਲੂਥਰਾ ਅਤੇ 2 ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਨੂੰ ਕਿਹਾ ਕਿ ਉਹ ਅਗਲੇ ਮੰਗਲਵਾਰ ਤੱਕ ਆਪਣੀਆਂ ਲਿਖਤੀਆਂ ਦਲੀਲਾਂ ਦਾਖਲ ਕਰਨ। ਬੈਂਚ ਨੇ ਇਸ ਤੋਂ ਪਹਿਲਾਂ ਇਕ ਹੋਰ ਦੋਸ਼ੀ ਮੁਕੇਸ਼ ਦੀ ਮੁੜ ਵਿਚਾਰ ਪਟੀਸ਼ਨ ‘ਤੇ ਸੁਣਵਾਈ ਪੂਰੀ ਕਰ ਲਈ ਸੀ, ਜਦੋਂ ਕਿ ਅਕਸ਼ੈ ਵੱਲੋਂ ਮੁੜ ਵਿਚਾਰ ਪਟੀਸ਼ਨ ਅਜੇ ਦਾਇਰ ਹੋਣੀ ਹੈ।
ਜ਼ਿਕਰਯੋਗ ਹੈ ਕਿ ਦੱਖਣੀ ਦਿੱਲੀ ‘ਚ ਇਕ ਚੱਲਦੀ ਬੱਸ ‘ਚ 16-17 ਦਸੰਬਰ 2012 ਦੀ ਰਾਤ 23 ਸਾਲਾ ਵਿਦਿਆਰਥਣ ਨਾਲ ਸਮੂਹਕ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਉਸ ਨੂੰ ਨੰਗੀ ਹਾਲਤ ‘ਚ ਬੱਸ ਤੋਂ ਬਾਹਰ ਸੁੱਟਣ ਦੀ ਘਟਨਾ ਹੋਈ ਸੀ। ਇਸ ਲੜਕੀ ਦਾ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇਕ ਹਸਪਤਾਲ ‘ਚ ਦਿਹਾਂਤ ਹੋ ਗਿਆ ਸੀ। ਇਸ ਅਪਰਾਧ ‘ਚ ਸ਼ਾਮਲ ਇਕ ਹੋਰ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ ‘ਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ‘ਚ ਇਕ ਹੋਰ ਦੋਸ਼ੀ ਨਾਬਾਲਗ ਸੀ, ਜੋ ਤਿੰਨ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਸੁਧਾਰ ਗ੍ਰਹਿ ਤੋਂ ਬਾਹਰ ਆ ਗਿਆ ਹੈ।