ਸ਼੍ਰੀਨਗਰ : ਜੰਮੂ-ਕਸ਼ਮੀਰ ਕ੍ਰਾਈਮ ਬ੍ਰਾਂਚ ਵਲੋਂ ਅਦਾਲਤ ਵਿਚ ਦਾਖਲ ਕੀਤੀ ਗਈ ਚਾਰਜਸ਼ੀਟ ‘ਤੇ ਲਗਾਤਾਰ ਉਠਦੇ ਸਵਾਲਾਂ ਦਰਮਿਆਨ ਕਠੂਆ ਜਬਰ-ਜ਼ਨਾਹ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਹੋਰ ਜ਼ੋਰ ਫੜਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਫੈਕਟ ਫਾਈਂਡਿੰਗ ਟੀਮ ਨੇ ਪ੍ਰਧਾਨ ਮੰਤਰੀ ਦਫਤਰ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੂੰ ਸੌਂਪੀ ਆਪਣੀ ਜਾਂਚ ਰਿਪੋਰਟ ਵਿਚ ਇਸ ਦੀ ਵਕਾਲਤ ਕੀਤੀ ਹੈ। ਇਸ ਟੀਮ ਨੇ ਕਠੂਆ ਜ਼ਿਲੇ ਵਿਚ ਘਟਨਾ ਨਾਲ ਸਬੰਧਤ ਥਾਵਾਂ ਦਾ ਦੌਰਾ ਕੀਤਾ। ਡਾ. ਜਤਿੰਦਰ ਸਿੰਘ ਨੇ ਟੀਮ ਨੂੰ ਇਹ ਰਿਪੋਰਟ ਅਦਾਲਤ ਨੂੰ ਪੇਸ਼ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਇਸ ਕੇਸ ਨਾਲ ਸਬੰਧਤ ਮੁਲਜ਼ਮਾਂ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ।
ਆਪਣੀ ਰਿਪੋਰਟ ਬਾਰੇ ਫੈਕਟ ਫਾਈਂਡਿੰਗ ਟੀਮ ਦੀ ਮੈਂਬਰ ਤੇ ਸੁਪਰੀਮ ਕੋਰਟ ਦੀ ਬੁਲਾਰਨ ਮੋਨਿਕਾ ਅਰੋੜਾ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਜਾਂਚ ‘ਚ ਕਈ ਕਮੀਆਂ ਹਨ। ਉਨ੍ਹਾਂ ਨੇ ਪੀੜਤ ਦੇ ਪਰਿਵਾਰਕ ਮੈਂਬਰਾਂ, ਮੁਲਜ਼ਮਾਂ, ਪੁਲਸ ਅਧਿਕਾਰੀਆਂ, ਸਰਕਾਰ ਦੇ ਆਗੂਆਂ ਤੇ ਕਠੂਆ ਦੇ ਲੋਕਾਂ ਨਾਲ ਗੱਲਬਾਤ ਕੀਤੀ, ਜਿਸ ਵਿਚ ਉਨ੍ਹਾਂ ਲਿਖਿਆ ਕਿ ਜੋ ਜ਼ਮੀਨੀ ਹਕੀਕਤ ਹੈ, ਉਸ ਨੂੰ ਕ੍ਰਾਈਮ ਬ੍ਰਾਂਚ ਦੀ ਚਾਰਜਸ਼ੀਟ ‘ਚ ਕੋਈ ਸਥਾਨ ਨਹੀਂ ਮਿਲਿਆ ਹੈ, ਜਿਸ ਵਿਚ ਕਈ ਕਮੀਆਂ ਹਨ।