ਪੰਚਕੂਲਾ— ਪੱਤਰਕਾਰ ਰਾਮਚੰਦਰ ਛੱਤਰਪਤੀ ਹੱਤਿਆ ਮਾਮਲਾ ‘ਚ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ ਕੋਰਟ ‘ਚ ਖਾਸ ਗਵਾਹ ਅਤੇ ਰਾਮ ਰਹੀਮ ਦਾ ਸਾਬਕਾ ਡਰਾਈਵਰ ਖੱਟਾ ਸਿੰਘ ਦੀ ਗਵਾਹੀ ਹੋਈ। ਡੇਰਾ ਮੁਖੀ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀ ਕੋਰਟ ‘ਚ ਪੇਸ਼ ਹੋਏ। ਮਾਮਲੇ ਦੀ ਅਗਲੀ ਸੁਣਵਾਈ 8 ਮਈ ਨੂੰ ਹੋਵੇਗੀ। ਉਸ ਦਿਨ ਮਾਮਲੇ ‘ਚ ਖੱਟਾ ਸਿੰਘ ਦੀ ਗਵਾਹੀ ‘ਤੇ ਕ੍ਰਾਸ ਐਗਜ਼ਾਮਿਨ ਹੋਵੇਗਾ। ਮਾਮਲਾ ‘ਚ ਫਾਈਨਲ ਬਹਿਸ ਦੀ ਪ੍ਰਕਿਰਿਆ ਪੂਰੀ ਹੁੰਦੇ ਹੀ ਫੈਸਲਾ ਸੁਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਸਾਧਵੀ ਯੌਨ ਸ਼ੋਸ਼ਨ ਮਾਮਲੇ ‘ਚ ਸੁਨਾਰਿਆ ਜੇਲ੍ਹ ‘ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਇਸ ਕੇਸ ਦੇ ਕਾਰਨ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਡੇਰਾ ਮੁਖੀ ਨਾਲ ਜੁੜੇ ਕੇਸ ‘ਤੇ ਪੂਰੇ ਦੇਸ਼ ਦੀ ਨਜ਼ਰ ਹੈ। ਮਾਮਲੇ ‘ਚ ਜਿਸ ਤਰ੍ਹਾਂ ਤੇਜੀ ਨਾਲ ਅਦਾਲਤੀ ਪ੍ਰਕਿਰਿਆ ਚਲ ਰਹੀ ਹੈ, ਉਸ ‘ਚ ਸਾਰਿਆਂ ਨੂੰ ਫੈਸਲਾ ਆਉਣ ਦੀ ਜਲਦੀ ਉਮੀਦ ਹੈ। ਗੁਰਮੀਤ ਰਾਮ ਰਹੀਮ ‘ਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦਾ ਦੋਸ਼ ਹੈ। ਛੱਤਰਪਤੀ ਆਪਣੇ ਅਖ਼ਬਰ ‘ਪੂਰਾ ਸੱਚ’ ‘ਚ ਹਮੇਸ਼ਾ ਡੇਰਾ ਸੱਚਾ ਸੌਦਾ ‘ਚ ਹੋ ਰਹੇ ਅਨਿਆਂ ਅਤੇ ਅੱਤਿਆਚਾਰ ਬਾਰੇ ‘ਚ ਲਿਖਦੇ ਰਹਿੰਦੇ ਸਨ। ‘ਪੂਰਾ ਸੱਚ’ ਅਖ਼ਬਾਰ ਨੇ ਸਾਧਵੀ ਦਾ ਉਹ ਖੱਤ ਵੀ ਛਾਪਿਆ ਸੀ, ਜਿਸ ‘ਚ ਸਿਰਸਾ ਸਥਿਤ ਡੇਰਾ ਮੁੱਖ ਦਫ਼ਤਰ ‘ਚ ਮਹਿਲਾਵਾਂ ਦਾ ਯੌਨ ਉਤਪੀੜਨ ਬਾਰੇ ਲਿਖਿਆ ਗਿਆ ਸੀ। ਛੱਤਰਪਤੀ ਨੂੰ ਅਕਤੂਬਰ 2002 ‘ਚ ਗੋਲੀ ਮਾਰ ਦਿੱਤੀ ਗਈ ਸੀ। ਇਸ ਹੱਤਿਆ ਦੇ ਪਿੱਛੇ ਰਾਮ ਰਹੀਮ ਦਾ ਹੱਥ ਦੱਸਿਆ ਗਿਆ। ਇਸ ਮਾਮਲੇ ‘ਚ ਗੁਰਮੀਤ ਰਾਮ ਰਹੀਮ ਨੂੰ ਮੁੱਖ ਸਾਜਿਸ਼ਕਰਤਾ ਦੇ ਤੌਰ ‘ਤੇ ਸੀ.ਬੀ.ਆਈ. ਨੇ ਨਾਮਜ਼ਦ ਕੀਤਾ ਹੈ।