ਨਵੀਂ ਦਿੱਲੀ — ਦਿੱਲੀ ਦੀ ਰੋਹਿਣੀ ਕੋਰਟ ਨੇ ਆਮ ਆਦਮੀ ਪਾਰਟੀ ਦੇ ਨੇਤਾ ਆਸ਼ੁਤੋਸ਼ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਆਸ਼ੁਤੋਸ਼ ਨੇ ਆਪਣੇ ਇਕ ਬਿਆਨ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਪੰਡਤ ਜਵਾਹਰ ਲਾਲ ਨਹਿਰੂ ਵਿਰੁੱਧ ਭੜਕਾਊ ਗੱਲਾਂ ਕਹੀਆਂ ਸਨ। ਆਸ਼ੁਤੋਸ ਨੇ ਦੋਹਾਂ ਦੇ ਚਰਿੱਤਰ ‘ਤੇ ਉਂਗਲੀ ਉਠਾਈ ਅਤੇ ਨਾਲ ਹੀ ਆਪਣੇ ਮੰਤਰੀ ਦਾ ਬਚਾਅ ਕੀਤਾ। ਦੱਸਣਯੋਗ ਹੈ ਕਿ ਅਸ਼ਲੀਲ ਸੀ. ਡੀ. ਕਾਂਡ ਵਿਚ ਫਸੇ ਦਿੱਲੀ ਸਰਕਾਰ ਦੇ ਸਾਬਕਾ ਮਹਿਲਾ ਅਤੇ ਬਾਲ ਕਲਿਆਣ ਮੰਤਰੀ ਸੰਦੀਪ ਕੁਮਾਰ ਦੇ ਬਚਾਅ ਵਿਚ ਆਮ ਆਦਮੀ ਪਾਰਟੀ ਦੇ ਬੁਲਾਰੇ ਆਸ਼ੁਤੋਸ਼ ਸਾਹਮਣੇ ਆਏ ਸਨ। ਪਾਰਟੀ ਦੇ ਮੁਖੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਫੈਸਲੇ ਤੋਂ ਇਕਦਮ ਉਲਟ ਜਾਂਦੇ ਹੋਏ ਆਸ਼ੁਤੋਸ਼ ਨੇ ਸੰਦੀਪ ਕੁਮਾਰ ਦਾ ਬਚਾਅ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ। ਆਸ਼ਤੋਸ਼ ਇੰਨਾ ਕਹਿ ਕੇ ਚੁੱਪ ਨਹੀਂ ਹੋਏ ਬਲਕਿ ਉਨ੍ਹਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਜੌਰਜ ਫਰਨਾਡੀਸ ਦੇ ਬਾਰੇ ਵਿਚ ਕਿਹਾ ਸੀ ਕਿ ਇਨ੍ਹਾਂ ਦੇ ਵੀ ਦੂਜੀਆਂ ਔਰਤਾਂ ਨਾਲ ਸੰਬੰਧ ਰਹੇ ਹਨ।