ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਬਾਰਾਮੂਲਾ ਇਲਾਕੇ ‘ਚ ਸੁਰੱਖਿਆ ਫੋਰਸ ਵਲੋਂ ਲਈ ਗਈ ਤਲਾਸ਼ੀ ‘ਚ 4 ਅੱਤਵਾਦੀ ਅਤੇ 7 ਓਵਰ ਗ੍ਰਾਊਂਡ ਵਰਕਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਰੱਖਿਆ ਕਰਮੀਆਂ ਨੇ ਇਨ੍ਹਾਂ ਦੇ ਕਬਜ਼ੇ ‘ਚ ਇਕ ਪਿਸਤੌਲ ਅਤੇ ਇਕ ਕਾਰ ਜ਼ਬਤ ਕੀਤੀ ਹੈ। ਸੁਰੱਖਿਆ ਏਜੰਸੀਆਂ ਕਾਬੂ ਕੀਤੇ ਗਏ ਲੋਕਾਂ ਤੋਂ ਪੁੱਛਗਿਛ ਕਰ ਰਹੀਆਂ ਹਨ। ਇਨ੍ਹਾਂ ਤੋਂ ਪਹਿਲਾਂ ਐਤਵਾਰ ਨੂੰ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਸੁਰੱਖਿਆ ਫੋਰਸ ਨੇ 5 ਅੱਤਵਾਦੀਆਂ ਨੂੰ ਢੇਰ ਕੀਤਾ ਸੀ।
ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਅੱਤਵਾਦੀਆਂ ‘ਚ ਹਿਜ਼ਬੁਲ ਮੁਜਾਹਿਦੀਨ ਦੇ ਕਈ ਸੀਨੀਅਰ ਕਮਾਂਡਰ ਵੀ ਸ਼ਾਮਲ ਸਨ। ਸੁਰੱਖਿਆ ਫੋਰਸ ਨੇ ਮੁਕਾਬਲੇ ‘ਚ ਹਿਜ਼ਬੁਲ ਕਮਾਂਡਰ ਸੱਦਾਮ ਪੱਦਾਰ ਅਤੇ ਉਸ ਦੇ ਸਾਥੀ ਬਿਲਾਲ ਮੌਲਵੀ ਅਤੇ ਆਦਿਲ ਸਮੇਤ 5 ਅੱਤਵਾਦੀਆਂ ਨੂੰ ਖਤਮ ਕੀਤਾ ਸੀ। ਸੱਦਾਮ ਪੱਦਾਰ ਹਿਜ਼ਬੁਲ ਦਾ ਸੀਨੀਅਰ ਕਮਾਡਰ ਸੀ ਅਤੇ ਉਹ ਬੁਰਹਾਨ ਵਾਨੀ ਬਿਗ੍ਰੇਡ ‘ਚ ਸ਼ਾਮਲ ਇਕੋ-ਇਕ ਜੀਵਤ ਹਿਜ਼ਬੁਲ ਕਮਾਂਡਰ ਸੀ।
ਮੁਕਾਬਲੇ ‘ਚ 5 ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਇਲਾਕੇ ‘ਚ ਸਥਾਨਕ ਨਾਗਰਿਕਾਂ ਅਤੇ ਸੁਰੱਖਿਆ ਫੋਰਸ ਦੇ ਵਿਚਕਾਰ ਸੰਘਰਸ਼ ਸ਼ੁਰੂ ਹੋ ਗਿਆ ਸੀ। ਹਿੰਸਾ ਦੀਆਂ ਇਹ ਵਾਰਦਾਤਾਂ ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਸ਼ੋਪੀਆਂ, ਪੁਲਵਾਮਾ ਅਤੇ ਹੋਰ ਇਲਾਕਿਆਂ ‘ਚ ਹੋਈਆਂ ਸਨ। ਜਿਸ ਦੌਰਾਨ ਵੱਖ-ਵੱਖ ਇਲਾਕਿਆਂ ‘ਚ 5 ਨਾਗਰਿਕਾਂ ਦੀ ਮੌਤ ਹੋ ਗਈ ਸੀ।