ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਘ ਪਰਿਵਾਰ ਦੀਆਂ ਫਿਰਕੂ ਅਤੇ ਵੰਡਪਾਊ ਨੀਤੀਆਂ ਦੀ ਸਖਤ ਅਤਲੋਚਨਾ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਹਿੰਦੂ ਕੱਟੜਵਾਦ ਵਾਲੀ ਸੋਚ ਮੁਲਕ ਦੇ ਸਮਾਜਿਕ ਤਾਣੇਬਾਣੇ ਨੂੰ ਤਬਾਹ ਕਰ ਕੇ ਇਸ ਨੂੰ ਤਬਾਹੀ ਵੱਲ ਧਕੇਲ ਰਹੀ ਹੈ।ਉਹ ਸਿੱਖ ਐਜੂਕੇਸ਼ਨਲ ਸੁਸਾਇਟੀ ਵਲੋਂ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਘਾਦਗਾਰੀ ਪੁਰਸਕਾਰ ਦੇਣ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਬਾਜਵਾ ਨੇ ਕਿਹਾ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ ਸੰਘ ਪਰਿਵਾਰ ਦੀਆਂ ਸਾਹਮਣੇ ਆਈਆਂ ਨੀਤੀਆਂ ਭਾਰਤ ਅਤੇ ਹਿੰਦੋਸਤਾਨ ਦੇ ਸੰਕਲਪ ਨੂੰ ਬਹੁਤ ਵੱਡਾ ਖਤਰਾ ਹਨ।ਉਹਨਾਂ ਇਸ ਸੰਦਰਭ ਵਿਚ ਜਥੇਦਾਰ ਟੌਹੜਾ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਬਹੁਭਾਸ਼ੀ, ਬਹੁਧਰਮੀ ਅਤੇ ਬਹੁਸਭਿਆਚਾਰੀ ਮੁਲਕ ਦੀ ਬਹੁਤ ਡੂੰਘੀ ਸਮਝ ਸੀ ਅਤੇ ਉਹ ਇੱਕੋ ਇੱਕ ਅਜਿਹੇ ਅਕਾਲੀ ਆਗੂ ਸਨ ਜਿਨ੍ਹਾਂ ਨੂੰ ਇਹ ਪੂਰੀ ਤਰਾਂ ਸਪਸ਼ਟ ਸੀ ਕਿ ਇਸ ਬਹੁਭਾਂਤੀ ਮੁਲਕ ਦੀ ਅਨੇਕਤਾ ਨੂੰ ਬਰਕਰਾਰ ਰੱਖ ਕੇ ਹੀ ਇਸ ਦੀ ਏਕਤਾ ਕਾਇਮ ਰੱਖੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਿਆਸੀ ਵਿਚਾਰਧਾਰਾ ਮੁਲਕ ਦੇ ਅਜੋਕੇ ਸਿਆਸੀ ਹਾਲਾਤ ਵਿਚ ਪਹਿਲਾਂ ਨਾਲੋਂ ਵੀ ਵੱਧ ਪ੍ਰਸੰਗਕ ਹੋ ਗਈ ਹੈ ਕਿਉਂਕਿ ਅੱਜ ਮੁਲਕ ਭਾਜਪਾ ਤੇ ਸੰਘ ਪਰਿਵਾਰ ਦੀਆਂ ਫੁੱਟਪਾਊ ਨੀਤੀਆਂ ਨਾਲ ਲੜ ਰਿਹਾ ਹੈ।
ਸ਼੍ਰੀ ਬਾਜਵਾ ਨੇ ਸਮਾਗਮ ਵਿਚ ਮੌਜੂਦ ਬੁੱਧੀਜੀਵੀਆਂ, ਇਤਿਹਾਸਕਾਰਾਂ, ਅਧਿਆਪਕਾਂ ਅਤੇ ਚਿੰਤਕਾਂ ਨੂੰ ਅਪੀਲ ਕੀਤੀ ਕਿ ਲੋਕਾਂ ਖਾਸ ਕਰ ਕੇ ਨੌਜਵਾਨ ਪੀੜ੍ਹੀ ਤੇ ਵਿਦਿਆਰਥੀਆਂ ਨੂੰ ਮੁਲਕ ਦੀ ਅਨੇਕਤਾ ਨੂੰ ਕਾਇਮ ਰੱਖਣ ਲਈ ਸੁਚੇਤ ਕਰਨ।
ਉਹਨਾਂ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੱਕ ਇੱਕ ਅਜਿਹੇ ਆਗੂ ਹੋ ਗੁਜ਼ਰੇ ਹਨ ਜਿਨ੍ਹਾਂ ਨੇ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਵਿਦਿਅਕ ਖੇਤਰ ਵਿਚ ਲਾਮਿਸਾਲ ਯੋਗਦਾਨ ਪਾਇਆ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਾਸ਼ਨ ਦਿੰਦਿਆਂ, ਪ੍ਰਸਿੱਧ ਇਤਿਹਾਸਕਾਰ ਪ੍ਰੋ. ਇੰਦੂ ਬਾਂਗਾ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੱਕੋ ਇੱਕ ਅਜਿਹੇ ਸਿੱਖ ਆਗੂ ਹੋਏ ਹਨ ਜਿਨ੍ਹਾਂ ਦੀ ਪੂਰੀ ਦੀ ਪੂਰੀ ਵਚਨਬੱਧਤਾ ਸਿੱਖ ਪੰਥ ਨਾਲ ਸੀ।ਉਹਨਾਂ ਦੀ ਸਿਆਸਤ ਦਾ ਕੇਂਦਰੀ ਧੁਰਾ ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਤੇ ਵੱਖਰੀ ਪਛਾਣ ਬਰਕਰਾਰ ਰੱਖਣਾ ਸੀ।
ਉਹਨਾਂ ਕਿਹਾ ਕਿ ਜਥੇਦਾਰ ਟੌਹੜਾ ਇੱਕ ਗੰਭੀਰ ਚਿੰਤਕ ਸਨ ਜਿਨ੍ਹਾਂ ਨੂੰ ਸਿੱਖ ਪੰਥ ਤੇ ਅਕਾਲੀ ਦਲ ਦੇ ਇਤਿਹਾਸਕ ਰੋਲ ਦੀ ਡੂੰਘੀ ਸਮਝ ਸੀ।ਜਥੇਦਾਰ ਟੌਹੜਾ ਦਾ ਦ੍ਰਿੜ ਵਿਸ਼ਵਾਸ਼ ਸੀ ਕਿ ਸਿੱਖ ਭਾਈਚਾਰਾ ਆਪਣੀ ਵੱਖਰੀ ਹੋਂਦ ਅਤੇ ਹਿੱਤ ਕਾਇਮ ਰੱਖ ਕੇ ਹੀ ਤਰੱਕੀ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਅਤੇ ਕਰਨਲ ਜਸਮੇਰ ਸਿੰਘ ਬਾਲਾ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਦਸਦਿਆ ਕਿਹਾ ਕਿ ਸਮਾਜ ਦੇ ਪਛੜੇ ਅਤੇ ਲੋੜਵੰਦ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ ਨਾਲ ਸੁਸਾਇਟੀ ਧਾਰਮਿਕ, ਸਮਾਜਿਕ, ਸਾਹਤਿਕ ਅਤੇ ਖੇਡਾਂ ਦੇ ਖੇਤਰ ਵਿਚ ਵੀ ਉੱਘਾ ਯੋਗਦਾਨ ਪਾ ਰਹੀ ਹੈ।
ਇਸ ਮੌਕੇ ਪੱਟੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਆਪਣੀਆ ਯਾਦਾਂ ਸਾਂਝੀਆਂ ਕਰਦਿਆਂ ਉਹਨਾਂ ਨੂੰ ਪਰਿਵਾਰਵਾਰ ਤੇ ਨਿੱਜਪ੍ਰਸਤੀ ਦੀ ਥਾਂ ਪੰਥਪ੍ਰਸਤੀ ਨੂੰ ਪ੍ਰਣਾਏ ਹੋਏ ਆਗੂ ਦੱਸਿਆ।
ਸਿੱਖ ਐਜੂਕੇਸ਼ਨ ਸੁਸਾਇਟੀ ਨੇ ਇਸ ਮੌਕੇ ਡਾ. ਕੁਲਦੀਪ ਸਿੰਘ ਧੀਰ ਅਤੇ ਨਾਨਕ ਸਿੰਘ ਨਿਸ਼ਤਰ ਨੂੰ ਸਿੱਖੀ ਦੇ ਪ੍ਰਚਾਰ ਪਸਾਰ ਅਤੇ ਪੰਜਾਬੀ ਬੋਲੀ ਤੇ ਸਭਿਆਚਾਰ ਦੇ ਖੇਤਰਾਂ ਵਿਚ ਪਾਏ ਗਏ ਵਿਲੱਖਣ ਯੋਗਦਾਨ ਬਦਲੇ ਜਥੇਦਾਰ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਪੁਰਸਾਕਾਰਾਂ ਨਾਲ ਸਨਮਾਨਤ ਕੀਤਾ।