ਖੇਡ ਮੰਤਰੀ ਵੱਲੋਂ ਕੋਚਾਂ ਲਈ ਨਗਦ ਇਨਾਮ ਅਤੇ ਐਵਾਰਡ ਸ਼ੁਰੂ ਕਰਨ ਦਾ ਐਲਾਨ
ਮੁਹਾਲੀ ਦੇ ਦੋ ਖੇਡ ਸਟੇਡੀਅਮਾਂ ਦਾ ਦੌਰਾ ਕਰ ਕੇ ਅਧਿਕਾਰੀਆਂ ਨੂੰ ਤਰੁੱਟੀਆਂ ਦੂਰ ਕਰਨ ਲਈ ਕਿਹਾ
ਜ਼ਿਲਾ ਖੇਡ ਅਧਿਕਾਰੀਆਂ ਨੂੰ ਕੋਚਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਹਰ ਮਹੀਨੇ ਦੇਣ ਲਈ ਕਿਹਾ
ਓਲੰਪਿਕ/ਏਸ਼ਿਆਈ/ਰਾਸ਼ਟਰਮੰਡਲ ਖੇਡਾਂ ਵਿੱਚ ਬਿਹਤਰ ਨਤੀਜੇ ਲਿਆਉਣ ਲਈ ਕੋਚ ਹੋਰ ਮਿਹਨਤ ਕਰਵਾਉਣ: ਰਾਣਾ ਸੋਢੀ
ਬਿਹਤਰ ਨਤੀਜਿਆਂ ਅਤੇ ਖਿਡਾਰੀਆਂ ਦੇ ਮਾਣ-ਸਨਮਾਨ ਲਈ ਖੇਡ ਬਜਟ ਵਧਾਇਆ ਜਾਵੇਗਾ
ਖੇਡ ਮੰਤਰੀ ਨੇ ‘ਖੋਲੋ ਪੰਜਾਬ.. ਨਸ਼ਿਆਂ ਨੂੰ ਨਾਂਹ ਤੇ ਖੇਡਾਂ ਨੂੰ ਹਾਂ’ ਦਾ ਨਾਅਰਾ ਬੁਲੰਦ ਕਰਨ ਲਈ ਕਿਹਾ
ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ)- ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇਥੋਂ ਦੇ ਸੈਕਟਰ 78 ਤੇ 63 ਸਥਿਤ ਦੋ ਖੇਡ ਸਟੇਡੀਅਮਾਂ ਅਤੇ ਪੰਜਾਬ ਇੰਸਟੀਚਿਊਟ ਦਾ ਦੌਰਾ ਕਰ ਕੇ ਖੇਡ ਸਹੂਲਤਾਂ ਦਾ ਜ਼ਮੀਨੀ ਪੱਧਰ ‘ਤੇ ਖੁਦ ਜਾਇਜ਼ਾ ਲਿਆ। ਇਸ ਦੌਰਾਨ ਉਨ•ਾਂ ਸੈਕਟਰ 78 ਸਥਿਤ ਖੇਡ ਵਿਭਾਗ ਦੇ ਸਮੂਹ ਜ਼ਿਲਾ ਖੇਡ ਅਧਿਕਾਰੀਆਂ ਅਤੇ ਕੋਚਾਂ ਨਾਲ ਜਾਣ-ਪਛਾਣ ਕਰਨ ਉਪਰੰਤ ਸੰਬੋਧਨ ਵੀ ਕੀਤਾ। ਉਨ•ਾਂ ਇਹ ਵੀ ਕਿਹਾ ਕਿ ਬਿਹਤਰ ਨਤੀਜਿਆਂ ਲਈ ਖੇਡਾਂ ਲਈ ਉਸਾਰੂ ਮਾਹੌਲ ਸਿਰਜਣ ਅਤੇ ਖਿਡਾਰੀਆਂ ਦਾ ਮਾਣ-ਸਨਮਾਨ ਕਰਨ ਲਈ ਪੰਜਾਬ ਦਾ ਖੇਡ ਬਜਟ ਵਧਾਇਆ ਜਾਵੇਗਾ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਪਹਿਲੀ ਪਹਿਲ ਖੇਡਾਂ ਹਨ ਅਤੇ ਇਸੇ ਲਈ ਪਟਿਆਲਾ ਵਿਖੇ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕੀਤਾ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੇ ਖੇਡ ਵਿਭਾਗ ਦੇ ਅਧਿਕਾਰੀਆਂ ਤੇ ਕੋਚਾਂ ਨੂੰ ਸੰਬੋਧਨ ਕਰਦਿਆ ਕਿਹਾ, ”ਅੱਜ ਮੈਂ ਤੁਹਾਡੇ ਨਾਲ ਖੇਡ ਮੰਤਰੀ ਦੇ ਤੌਰ ‘ਤੇ ਨਹੀਂ ਬਲਕਿ ਇਕ ਸਾਬਕਾ ਖਿਡਾਰੀ ਵਜੋਂ ਗੱਲ ਕਰ ਰਿਹਾ ਹੈ, ਇਸ ਕਰਕੇ ਮੈਨੂੰ ਤੁਹਾਡੀ ਬਹੁਤ ਕਦਰ ਹੈ ਅਤੇ ਤੁਹਾਡੇ ਤੋਂ ਉਮੀਦਾਂ ਵੀ ਬਹੁਤ ਹਨ ਕਿਉਂਕਿ ਮੈਂ ਪੰਜਾਬ ਨੂੰ ਮੁੜ ਖੇਡਾਂ ਵਿੱਚ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦਾ ਤਹੱਈਆ ਕੀਤਾ ਹੈ।” ਖੇਡ ਮੰਤਰੀ ਨੇ ਕੋਚਾਂ ਨੂੰ ਪ੍ਰੇਰਦਿਆਂ ਕਿਹਾ ਕਿ ਉਹ ਖੇਡ ਮੈਦਾਨਾਂ ਵੱਲ ਆਪਣਾ ਰੁਖ ਕਰਨ ਅਤੇ ਬਿਹਤਰ ਨਤੀਜੇ ਲੈ ਕੇ ਆਉਣ। ਉਨ•ਾਂ ਇਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਕੋਚਾਂ ਨੂੰ ਖਿਡਾਰੀਆਂ ਦੀ ਤਰਜ਼ ‘ਤੇ ਨਗਦ ਇਨਾਮ ਅਤੇ ਕੌਮੀ ਪੱਧਰ ‘ਤੇ ਦਿੱਤੇ ਜਾਂਦੇ ਦਰੋਣਾਚਾਰੀਆ ਐਵਾਰਡ ਦੀ ਤਰਜ਼ ‘ਤੇ ਪੰਜਾਬ ਸਰਕਾਰ ਵੱਲੋਂ ਕੋਚਾਂ ਲਈ ਵਿਸ਼ੇਸ਼ ਐਵਾਰਡ ਵੀ ਸ਼ੁਰੂ ਕੀਤਾ ਜਾਵੇਗਾ। ਉਨ•ਾਂ ਇਹ ਵੀ ਐਲਾਨ ਕੀਤਾ ਕਿ ਕੋਚਾਂ ਨੂੰ ਵਿਦੇਸ਼ਾਂ ਵਿੱਚ ਬਿਹਤਰ ਤਕਨੀਕ ਅਤੇ ਕੋਚਿੰਗ ਦੇ ਨਵੇਂ ਨੁਕਤੇ ਸਿੱਖਣ ਲਈ ਭੇਜਿਆ ਜਾਵੇਗਾ।
ਰਾਣਾ ਸੋਢੀ ਨੇ ਜ਼ਿਲਾ ਖੇਡ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਕੋਚਾਂ ਦੀ ਹਰ ਮਹੀਨੇ ਕਾਰਗੁਜ਼ਾਰੀ ਰਿਪੋਰਟ ਬਣਾ ਕੇ ਉਨ•ਾਂ ਲਿਖਤੀ ਭੇਜਣ। ਉਨ•ਾਂ ਕਿਹਾ ਕਿ ਕੋਚ ਆਪਣੇ ਅਧੀਨ ਖਿਡਾਰੀਆਂ ਵਿੱਚੋਂ ਵਧੀਆ ਖਿਡਾਰੀਆਂ ਦੀ ਸ਼ਨਾਖਤ ਕਰਨ ਜਿਨ•ਾਂ ਨੂੰ ਅਗਾਂਹ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇ। ਉਨ•ਾਂ ਕਿਹਾ ਕਿ ਸਾਡੇ ਕੋਚਾਂ ਦੀ ਪਹਿਲੀ ਪਰਖ ਇਸੇ ਸਾਲ ਆਉਂਦੇ ਸਮੇਂ ਵਿੱਚ ਗੋਆ ਵਿਖੇ ਹੋਣ ਵਾਲੀਆਂ ਕੌਮੀ ਖੇਡਾਂ ਅਤੇ ਜਕਾਰਤਾ ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਹੋਵੇਗੀ ਜਿੱਥੇ ਉਨ•ਾਂ ਤੋਂ ਉਮੀਦਾਂ ਰੱਖੀਆਂ ਜਾਣਗੀਆਂ ਕਿ ਪੰਜਾਬ ਦੇ ਵੱਧ ਤੋਂ ਵੱਧ ਖਿਡਾਰੀ ਤਮਗੇ ਜਿੱਤ ਕੇ ਲਿਆਉਣ। ਉਨ•ਾਂ ਕੋਚਾਂ ਨੂੰ ਪ੍ਰੇਰਦਿਆਂ ਕਿਹਾ ਕਿ ਓਲੰਪਿਕ, ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਵੱਧ ਤੋਂ ਵੱਧ ਤਮਗੇ ਜਿੱਤਣ ਲਈ ਉਹ ਹੋਰ ਮਿਹਨਤ ਕਰਵਾਉਣ। ਉਨ•ਾਂ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਨੂੰ ਤਾੜਦਿਆਂ ਕਿਹਾ ਕਿ ਮਾੜਾ ਪ੍ਰਦਰਸ਼ਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਨੂੰ ਕੋਈ ਸਹੂਲਤ ਦੀ ਲੋੜ ਹੈ ਤਾਂ ਉਹ ਕਿਸੇ ਵੇਲੇ ਵੀ ਉਨ•ਾਂ ਕੋਲ ਆ ਸਕਦੇ ਹਨ।
ਖੇਡ ਮੰਤਰੀ ਨੇ ਇਸ ਤੋਂ ਬਾਅਦ ਦੋਵੇਂ ਖੇਡ ਸਟੇਡੀਅਮਾਂ ਦਾ ਦੌਰਾ ਕਰ ਕੇ ਉਥੇ ਮੌਜੂਦ ਸਾਰੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ•ਾਂ ਜਿਮਨਾਸਟਕ, ਟੇਬਲ ਟੈਨਿਸ, ਤੈਰਾਕੀ, ਬਾਸਕਟਬਾਲ, ਕੁਸ਼ਤੀ, ਜੂਡੋ, ਹਾਕੀ ਦੇ ਮੈਦਾਨ ਦੇਖ। ਸਟੇਡੀਅਮ ਦੀ ਉਸਾਰੀ ਵਿੱਚ ਪਾਈਆਂ ਤਰੁੱਟੀਆਂ ਅਤੇ ਖੇਡਾਂ ਦੇ ਜਿਮਨੇਜ਼ੀਅਮ ਹਾਲ ਅਤੇ ਬਾਥਰੂਮਾਂ ਦੇ ਮਾੜੇ ਹਾਲ ਦਾ ਗੰਭੀਰ ਨੋਟਿਸ ਲੈਂਦਿਆਂ ਰਾਣਾ ਸੋਢੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਨ•ਾਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ। ਉਨ•ਾਂ ਤੈਰਾਕੀ ਪੂਲ ਦੇ ਮਾੜੇ ਹਾਲ ਤੇ ਦੀਵਾਰਾਂ ‘ਤੇ ਲੱਗੀਆਂ ਟਾਈਲਾਂ ਦੇ ਟੁੱਟਣ ਦੇ ਮਾਮਲੇ ਨੂੰ ਵੀ ਗੰਭੀਰਤਾ ਨਾਲ ਲਿਆ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਸਟੇਡੀਅਮ ਅੰਦਰ ਮੌਜੂਦ ਖੇਡ ਢਾਂਚੇ ਨੂੰ ਖਿਡਾਰੀਆਂ ਲਈ ਬਿਹਤਰ ਬਣਾਇਆ ਜਾਵੇਗਾ ਕਿ ਚੰਗੇ ਨਤੀਜੇ ਵਧੀਆ ਸਾਧਨਾਂ ਨਾਲ ਹੀ ਆਉਂਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ•ਾਂ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਇਨ•ਾਂ ਖੇਡ ਸਟੇਡੀਅਮਾਂ ਨੂੰ ਬਣਾਉਣ ਵਾਲੇ ਤਕਨੀਕੀ ਮਾਹਿਰਾਂ ਦੀ ਰਾਏ ਨਹੀਂ ਲਈ ਗਈ ਅਤੇ ਹੁਣ ਉਨ•ਾਂ ਦੀ ਸਰਕਾਰ ਮਾਹਿਰਾਂ ਦੇ ਸੁਝਾਅ ਨਾਲ ਇਨ•ਾਂ ਕਮੀਆਂ ਨੂੰ ਦਰੁੱਸਤ ਕਰ ਕੇ ਖੇਡਾਂ ਲਈ ਵਧੀਆ ਢਾਂਚਾ ਮੁਹੱਈਆ ਕਰੇਗੀ। ਛੋਟੀ ਉਮਰ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਜਲਦ ਹੀ ਸਿੱਖਿਆ ਮੰਤਰੀ ਨਾਲ ਮੀਟਿੰਗ ਕਰ ਕੇ ਖੇਡ ਤੇ ਸਿੱਖਿਆ ਵਿਭਾਗ ਵਿਚਾਲੇ ਤਾਲਮੇਲ ਸਥਾਪਤ ਕੀਤਾ ਜਾਵੇਗਾ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਵਿਭਾਗ ਵੱਲੋਂ ਕੋਚਿੰਗ ਅਤੇ ਮੁਹਾਰਤ ਦੇ ਕੇ ਉਨ•ਾਂ ਦੀ ਸੁਚੱਜੀ ਵਰਤੋਂ ਕੀਤੀ ਜਾਵੇਗੀ।
ਰਾਣਾ ਸੋਢੀ ਨੇ ਹਾਕੀ ਐਸਟੋਟਰਫ ਮੈਦਾਨ ਦਾ ਦੌਰਾ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦਰਸ਼ਕਾਂ ਦੇ ਬੈਠਣ ਲਈ ਬਣੀਆਂ ਕੁਰਸੀਆਂ ਦੀ ਸਾਂਭ ਸੰਭਾਲ ਕੀਤੀ ਜਾਵੇ। ਉਨ•ਾਂ ਬਾਕੀ ਖੇਡ ਮੈਦਾਨਾਂ ਦਾ ਦੌਰਾ ਕਰਦਿਆਂ ਵੀ ਮੌਕੇ ‘ਤੇ ਹਾਜ਼ਰ ਸਬੰਧਤ ਖੇਡਾਂ ਦੇ ਕੋਚਾਂ ਤੋਂ ਖੇਡ ਸਾਧਨਾਂ ਬਾਰੇ ਜਾਣਕਾਰੀ ਲਈ। ਉਨ•ਾਂ ਕਿਹਾ ਕਿ ਚੰਗੇ ਖਿਡਾਰੀ ਪੈਦਾ ਕਰਨ ਲਈ ਪੰਜਾਬ ਸਰਕਾਰ ਖਿਡਾਰੀਆਂ ਲਈ ਖੇਡ ਸਾਧਨ, ਕੋਚ ਅਤੇ ਖੁਰਾਕ ਦਾ ਪ੍ਰਬੰਧ ਆਪਣੇ ਕੋਲੋਂ ਕਰੇਗਾ ਅਤੇ ਕੋਈ ਵੀ ਪ੍ਰਤਿਭਾਵਾਨ ਖਿਡਾਰੀ ਦੀ ਪ੍ਰਤਿਭਾ ਸਾਧਨਾਂ ਦੀ ਕਮੀ ਕਾਰਨ ਅਜਾਈਂ ਨਹੀਂ ਜਾਵੇਗੀ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ•ਾਂ ਇਹ ਵੀ ਕਿਹਾ ਕਿ ਕਿਸੇ ਵੀ ਟੂਰਨਾਮੈਂਟ ਲਈ ਖਿਡਾਰੀਆਂ ਦੀ ਚੋਣ ਵਿੱਚ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ ਅਤੇ ਨਿਰੋਲ ਮੈਰਿਟ ਅਤੇ ਪਾਰਦਰਸ਼ੀ ਤਰੀਕੇ ਨਾਲ ਚੋਣ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਉਹ ਖੁਦ ਪੰਜਾਬ ਦੇ ਸਾਰੇ ਖੇਡ ਮੈਦਾਨਾਂ ਦਾ ਦੌਰਾ ਕਰ ਕੇ ਹਾਲਤਾਂ ਦਾ ਜਾਇਜ਼ਾ ਲੈਣਗੇ। ਉਨ•ਾਂ ‘ਖੇਲੋ ਪੰਜਾਬ.. ਨਸ਼ਿਆਂ ਨੂੰ ਨਾਂਹ ਤੇ ਖੇਡਾਂ ਨੂੰ ਹਾਂ’ ਦਾ ਨਾਅਰਾ ਬੁਲੰਦ ਕਰਨ ਲਈ ਕਿਹਾ।
ਇਸ ਮੌਕੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਖੇਡ ਮੰਤਰੀ ਦਾ ਸਵਾਗਤ ਕੀਤਾ ਅਤੇ ਵਿਭਾਗ ਦੇ ਅਧਿਕਾਰੀਆਂ ਤੇ ਕੋਚਾਂ ਨਾਲ ਜਾਣ-ਪਛਾਣ ਕਰਵਾਈ। ਇਸ ਮੌਕੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਡਾਇਰੈਕਟਰ (ਤਕਨੀਕੀ) ਸ. ਸੁਖਬੀਰ ਸਿੰਘ ਗਰੇਵਾਲ ਤੇ ਡਾਇਰੈਕਟਰ (ਪ੍ਰਸ਼ਾਸਨ) ਆਰ.ਐਸ. ਸਿੰਘ ਸੋਢੀ, ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸੈਂਹਬੀ, ਡਿਪਟੀ ਡਾਇਰੈਕਟਰ ਸੁਰਜੀਤ ਸਿੰਘ, ਪੰਜਾਬ ਸਪੋਰਟਸ ਕੌਂਸਲ ਦੇ ਸੰਯੁਕਤ ਸਕੱਤਰ ਇੰਜ ਸੰਜੇ ਮਹਾਜਨ, ਡੀ.ਸੀ.ਐਫ.ਏ. ਸ੍ਰੀ ਪਵਨ ਕਪੂਰ ਵੀ ਹਾਜ਼ਰ ਸਨ।
ਖੇਡ ਮੰਤਰੀ ਨੇ ਖੁਦ ਮੈਸ ਦਾ ਖਾਣਾ ਖਾ ਕੇ ਕੀਤੀ ਚੈਕਿੰਗ
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖਿਡਾਰੀਆਂ ਦੇ ਰਹਿਣ ਅਤੇ ਖਾਣ-ਪੀਣ ਦੀਆਂ ਸਹੂਲਤਾਂ ਨੂੰ ਦੇਖਣ ਲਈ ਸਬੰਧਤ ਥਾਵਾਂ ਦਾ ਵੀ ਦੌਰਾ ਕੀਤਾ। ਉਨ•ਾਂ ਮੈਸ ਦੀ ਚੈਕਿੰਗ ਕਰਦਿਆਂ ਖਿਡਾਰੀਆਂ ਲਈ ਤਿਆਰ ਕੀਤੇ ਖਾਣੇ ਨੂੰ ਖੁਦ ਖਾ ਕੇ ਚੈਕ ਕੀਤਾ ਜਿਸ ‘ਤੇ ਸੰਤੁਸ਼ਟੀ ਪ੍ਰਗਟਾਈ। ਉਨ•ਾਂ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਹਾਕੀ ਵਿੰਗ ਦੇ ਖਿਡਾਰੀਆਂ ਦੇ ਰਹਿਣ ਵਾਲੇ ਹਾਲ ਦਾ ਦੌਰਾ ਕੀਤਾ ਜਿੱਥੇ ਉਨ•ਾਂ ਮੌਕੇ ‘ਤੇ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਿਡਾਰੀਆਂ ਲਈ ਰਹਿਣ ਵਾਲੀਆਂ ਥਾਵਾਂ ਇਸ ਤੋਂ ਬਿਹਤਰ ਹੋਣੀਆਂ ਚਾਹੀਦੀਆਂ ਹਨ। ਉਨ•ਾਂ ਇਹ ਵੀ ਕਿਹਾ ਕਿ ਆਉਣ ਵਾਲੇ 2-3 ਮਹੀਨਿਆਂ ਅੰਦਰ ਹੋਸਟਲ ਬਣ ਕੇ ਤਿਆਰ ਹੋ ਜਾਵੇਗਾ ਜਿੱਥੇ ਇਹ ਖਿਡਾਰੀ ਰਹਿ ਸਕਿਆ ਕਰਨਗੇ।