ਨਵੀਂ ਦਿੱਲੀ— ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.) ਦੇ ਵਾਈਸ ਚਾਂਸਲਰ ਤਾਰਿਕ ਮਨਸੂਰ ਨੇ ਬੁੱਧਵਾਰ ਇਥੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਯੂਨੀਵਰਸਿਟੀ ਕੰਪਲੈਕਸ ‘ਚ ਮੁਹੰਮਦ ਅਲੀ ਜਿੱਨਾਹ ਦੀ ਲੱਗੀ ਤਸਵੀਰ ਨੂੰ ਲੈ ਕੇ ਪੈਦਾ ਹੋਏ ਵਾਦ-ਵਿਵਾਦ ਦਰਮਿਆਨ ਯੂਨੀਵਰਸਿਟੀ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ।
ਮੀਟਿੰਗ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਰਾਜਨਾਥ ਨੇ ਯੂਨੀਵਰਸਿਟੀ ਵਿਚ ਆਮ ਵਰਗੇ ਹਾਲਾਤ ਬਣਾਈ ਰੱਖਣ ਲਈ ਵਾਈਸ ਚਾਂਸਲਰ ਨੂੰ ਕੇਂਦਰ ਵਲੋਂ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਤਾਰਿਕ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੈਠਕ ਬਹੁਤ ਪਹਿਲਾਂ ਤੋਂ ਹੀ ਤੈਅ ਸੀ ਅਤੇ ਇਸ ਦਾ ਮੌਜੂਦਾ ਵਿਵਾਦ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।