ਜਿਉਂ ਹੀ ਨਾਥਾ ਅਮਲੀ ਦਸ ਵਜੇ ਵਾਲੀ ਰੋਟੀ ਖਾ ਕੇ ਸੱਥ ‘ਚ ਆਇਆ ਤਾਂ ਬਾਬਾ ਕ੍ਰਿਪਾਲ ਸਿਉਂ ਅਮਲੀ ਨੂੰ ਕਹਿੰਦਾ, ”ਕੀ ਗੱਲ ਅਮਲੀਆ ਅੱਜ ਗੱਡੀ ਲੇਟ ਫ਼ੇਟ ਹੋਈ ਫ਼ਿਰਦੀ ਐ। ਤੇਰੇ ਬਿਨਾਂ ਤਾਂ ਯਾਰ ਸੱਥ ਵੀ ਇਉਂ ਲਗਦੀ ਐ ਜਿਮੇਂ ਪਿੜਾਂ ‘ਚ ਗਾਹੀ ਹੋਈ ਸਾਰੀ ਫ਼ਸਲ ਚੱਕੇ ਤੋਂ ਪਿੜ ਭਾਂਅ ਭਾਂਅ ਕਰਦੇ ਹੁੰਦੇ ਐ। ਤੇਰੇ ਨਾਲ ਈ ਐ ਅਮਲੀਆ ਸੱਥ ਵੀ, ਤੇ ਤੂੰ ਈ ਲੇਟ ਹੋ ਜਾਨੈਂ। ਸਭ ਤੋਂ ਪਹਿਲਾਂ ਆਇਆ ਕਰ।”
ਸੀਤਾ ਮਰਾਸੀ ਬਾਬੇ ਨੂੰ ਟਿੱਚਰ ‘ਚ ਕਹਿੰਦਾ, ”ਜੇ ਅਮਲੀ ਪਹਿਲਾਂ ਆ ਜਿਆ ਕਰੇ ਤਾਂ ਬਾਕੀ ਦੇ ਸਾਰੇ ਵਿਹਲੜ ਵੀ ਉਦੋਂ ਈ ਆ ਜਿਆ ਕਰਨ ਜਿਮੇਂ ਹੱਟ ‘ਚ ਪਏ ਢਿੱਲੇ ਗੁੜ ‘ਤੇ ਮੱਖੀਆਂ ਆ ਭਿਣਕਦੀਆਂ ਹੁੰਦੀਆਂ।”
ਬਾਬਾ ਕ੍ਰਿਪਾਲ ਸਿਉਂ ਸੀਤੇ ਮਰਾਸੀ ਦੀ ਗੱਲ ਸੁਣ ਕੇ ਮਰਾਸੀ ਨੂੰ ਕਹਿੰਦਾ, ”ਇਹ ਨਾਥਾ ਸਿਉਂ ਕਿਤੇ ਢਿੱਲਾ ਗੁੜ ਐ ਮੀਰ। ਤੂੰ ਤਾਂ ਯਾਰ ਜਮਾਂ ਈ ਇਹਨੂੰ ਬਰਫ਼ ‘ਚ ਲਾਈ ਜਾਨੈ। ਨਾਲੇ ਤਾਂ ਸੋਨੂੰ ਗੱਲਾਂ ਸਣਾਵੇ, ਉਲਟਾ ਤੁਸੀਂ ਸਾਰੇ ਜਣੇ ਟਿੱਚਰਾਂ ਕਰਦੇ ਐਂ। ਕੱਲ੍ਹ ਤੋਂ ਅਮਲੀਆ ਓਏ ਸਾਰਿਆਂ ਤੋਂ ਪਹਿਲਾਂ ਆ ਕੰਨ ਕੱਢੀਂ। ਅੱਜ ਤਾਂ ਪਤੰਦਰਾ ਤੂੰ ਬਾਹਲ਼ਾ ਈ ਪਛੜ ਗਿਐਂ ਓਏ। ਕੀ ਗੱਲ ਮਖਤਿਆਰ ਕੁਰ ਨੇ ਟੈਮ ਸਿਰ ਜਗਾਇਆ ਨ੍ਹੀ?”
ਬਾਬੇ ਦੀ ਗੱਲ ਸੁਣ ਕੇ ਨਾਥਾ ਅਮਲੀ ਬਾਬੇ ਨੂੰ ਟਿੱਚਰ ‘ਚ ਕਹਿੰਦਾ, ”ਤੂੰ ਕਿਹੜਾ ਬਾਬਾ ਗਾਹਾਂ ਕੁੱਕੜ ਦੀ ਬਾਂਗ ਨਾਲ ਸੱਥ ‘ਚ ਆ ਗਿਐਂ। ਤੂੰ ਵੀ ਤਾਂ ਮੇਰੇ ਮੂਹਰੇ ਮੂਹਰੇ ਈਂ ਆਇਐਂ। ਤੂੰ ਮੂਹਰੇ ਸੀ ਮੈਂ ਤੈਥੋਂ ਵੀਹ ਤੀਹ ਕੁ ਕਰਮਾਂ ਮਗਰ ਹੋਊਂ, ਵੱਸ ਐਨਾਂ ਕੁ ਈ ਫ਼ਰਕ ਸੀ ਆਪਣਾ। ਤੂੰ ਬਿਨਾਂ ਵੇਖੇ ਈ ਦਿਨ ਰਾਤ ਦਾ ਫ਼ਰਕ ਪਾ ‘ਤਾ। ਮੈਂ ਰਤਨੇ ਕੇ ਢੀਂਗੇ ਕੋਲ ਖੜ੍ਹ ਗਿਆ ਸੀ ਤੂੰ ਬਲਦ ਮੂਤਣੇ ਜੇ ਪਾਉਂਦਾ ਪਾਉਂਦਾ ਸੱਥ ‘ਚ ਅੱਪੜ ਗਿਐਂ। ਜੇ ਕਿਤੇ ਸੱਥ ਕਿੱਲਾ ਡੂਢ ਕਿੱਲਾ ਹੋਰ ਗਾਹਾਂ ਹੁੰਦੀ ਤਾਂ ਫ਼ੇਰ ਪਤਾ ਨ੍ਹੀ ਤੈਨੂੰ ਹਥਪਤਾਲ ਈ ਨਾ ਕਿਤੇ ਲੈ ਕੇ ਜਾਣਾ ਪੈਂਦਾ।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਕਿਉਂ ਹਥਪਤਾਲ ਕਿਮੇਂ ਅਮਲੀਆ। ਬਮਾਰ ਬਮੂਰ ਐ ਕ੍ਰਿਪਾਲ ਸਿਉਂ ਕੁ ਕੋਈ ਹੋਰ ਗੱਲ ਐ?”
ਅਮਲੀ ਕਹਿੰਦਾ, ”ਬਮਾਰ ਈ ਐ, ਹੋਰ ਰਾਜੀ ਕਦੋਂ ਸੀ ਇਹੇ। ਆਹ ਪਿਛਲੇ ਸਾਲ ਕੌਰੂ ਆਜੜੀ ਇਨ੍ਹਾਂ ਦੇ ਖੇਤ ਕੋਲ ਦੀ ਕਿਤੇ ਇੱਜੜ ਲਈ ਆਉਂਦਾ ਸੀ। ਇਹਦੇ ਤੁਰੇ ਆਉਂਦੇ ‘ਚ ਭੱਜੀਆਂ ਆਉਂਦੀਆਂ ਭੇਡਾਂ ਬੱਕਰੀਆਂ ਵਜਗੀਆਂ, ਡਿੱਗਣ ਨਾਲ ਮਾੜੀ ਮੋਟੀ ਸੱਟ ਫ਼ੇਟ ਵਜਗੀ। ਓਦੋਂ ਮਾੜਾ ਜਾ ਠੀਕ ਹੋਇਆ ਤਾਂ ਪੰਜਾਂ ਦਿਨਾਂ ਪਿੱਛੋਂ ਹਥਪਤਾਲੋਂ ਛੁੱਟੀ ਮਿਲੀ। ਆਉਂਦੇਂ ਨੂੰ ਮੁੰਡੇ ਨੇ ਦੋ ਕੁ ਡੰਗ ਦੁੱਧ ‘ਚ ਘਿਉ ਪਾ ਕੇ ਦੇ ‘ਤਾ ਬਈ ਬਾਪੂ ਨੂੰ ਛੇਤੀ ਮੇਹਰਦੀਨ ਭਲਵਾਨ ਨਾਲ ਘੁਲਣ ਲਾ ਦੀਏ। ਦੁੱਧ ‘ਚ ਘਿਉ ਪੀਤਾ ਹਜਮ ਨਾ ਆਇਆ, ਮਰੋੜੇ ਕਾਹਦੇ ਲੱਗੇ, ਇਹਦਾ ਤਾਂ ਦੋ ਦਿਨ ਨਾਲਾ ਨਾ ਬੱਝਿਆ, ਮੁੰਡੇ ਫ਼ੇਰ ਲੈ ਗੇ ਹਥਪਤਾਲ। ਪੰਜ ਦਿਨ ਫ਼ੇਰ ਹਥਪਤਾਲ ‘ਚ ਕੱਟਿਆਇਆ। ਆਹ ਕੱਲ੍ਹ ਪਰਸੋਂ ਫ਼ੇਰ ਹਾ ਹਾ ਹਾ ਹਾ ਹਾ।”
ਮਾਹਲਾ ਨੰਬਰਦਾਰ ਕਹਿੰਦਾ, ”ਆਹ ਹਾ ਹਾ ਹਾ ਹਾ ਕੀ ਅਮਲੀਆ ਓਏ। ਗੱਲ ਤੂੰ ਸਣਾਈ ਕੋਈ ਨ੍ਹੀ ਹੱਸ ਪਹਿਲਾਂ ਈਂ ਪਿਐਂ, ਉਹ ਵੀ ਕੱਲਾ ਈ।”
ਜੱਗਾ ਕਾਮਰੇਡ ਬਾਬੇ ਕ੍ਰਿਪਾਲ ਸਿਉਂ ਨੂੰ ਕਹਿੰਦਾ, ”ਨਾਲੇ ਕਹਿੰਦੇ ਬਾਬਾ ਤੂੰ ਦਿਹਾੜੀ ‘ਚ ਡੂਢ ਸੇਰ ਗੁੜ ਤੇ ਅੱਧ ਸੇਰ ਘਿਉ ਖਾ ਪੀ ਜਾਂਦਾ ਸੀ, ਹੁਣ ਦੋ ਚਮਚਿਆਂ ਨਾਲ ਅੰਦਰ ਕੀ ਐਡਾ ਖਰਲੂ ਪੈ ਗਿਆ?”
ਨਾਥਾ ਅਮਲੀ ਕਹਿੰਦਾ, ”ਪਹਿਲਾਂ ਪੀ ਜਾਂਦਾ ਹੋਊ ਜਦੋਂ ਜੁਆਨੀ ਮੋਢਿਆਂ ਉੱਤੋਂ ਦੀ ਥੁੱਕਦੀ ਹੋਣੀ ਐਂ, ਹੁਣ ਤਾਂ ਨਾੜਾਂ ਪਿਚਕ ਕੇ ਇਉਂ ਹੋਈਆਂ ਪਈਆਂ ਜਿਮੇਂ ਗਧੇ ਨੇ ਪੂਣੀਆਂ ਚੱਬ ਕੇ ਸਿੱਟੀਆਂ ਹੁੰਦੀਐਂ। ਇਹ ਦੋ ਚਮਚੇ ਈ ਪੀਤੇ ਝੱਲ ਨ੍ਹੀ ਹੋਏ ਜੇ ਕਿਤੇ ਪਹਿਲਾਂ ਆਲੀ ਚਾਲ ‘ਚ ਅੱਧ ਸੇਰ ਘਿਉ ਪਿਆ ਦਿੰਦੇ, ਫ਼ੇਰ ਤਾਂ ਹੁਣ ਨੂੰ ਬਾਬੇ ਦੇ ਨਾਂ ਦਾ ਗਦੌੜਾ ਸਾਰੇ ਪਿੰਡ ‘ਚ ਫ਼ੇਰ ਦੇਣਾ ਸੀ।”
ਸੂਬੇਦਾਰ ਰਤਨ ਸਿਉਂ ਬਾਬੇ ਕ੍ਰਿਪਾਲ ਸਿਉਂ ਨੂੰ ਕਹਿੰਦਾ, ”ਕਿਉਂ ਕ੍ਰਿਪਾਲ ਸਿਆਂ! ਇਹ ਕੀ ਕਹੀ ਜਾਂਦੇ ਐ ਯਾਰ। ਅੱਜ ਤਾਂ ਨਾਥਾ ਸਿਉਂ ਤੈਨੂੰ ਵੀ ਉੱਖੜੀ ਕੁਹਾੜੀ ਆਂਗੂੰ ਪੈ ਨਿਕਲਿਆ।”
ਬੁੱਘਰ ਦਖਾਣ ਕਹਿੰਦਾ, ”ਬਾਬਾ ਵੀ ਕਈਆਂ ਦਿਨਾਂ ਦਾ ਬਚਦਾ ਤੁਰਿਆ ਆਉਂਦਾ ਸੀ ਇਹਤੋਂ। ਲਗਦਾ ਅੱਜ ਇਹਦੇ ਆਲੇ ਵੀ ਖਲਾਰੂ ਗਲੋਟੇ।”
ਅਮਲੀ ਕਹਿੰਦਾ, ”ਆਪਾਂ ਤਾਂ ਕੀ ਗਲੋਟੇ ਖਲਾਰਨੇ ਆਂ, ਗਲੋਟੇ ਤਾਂ ਬਾਬੇ ਦੇ ਮੁੰਡੇ ਨੇ ਪਹਿਲਾਂ ਈਂ ਖਲਾਰ ‘ਤੇ ਦੁੱਧ ‘ਚ ਘਿਉ ਪਾ ਕੇ। ਮੁੰਡਾ ਵੀ ਸੰਦ ਈ ਐ ਬਾਬੇ ਦਾ। ਪਤੰਦਰ ਨੇ ਇਉਂ ਨ੍ਹੀ ਵੇਖਿਆ ਬਈ ਨਾੜਾਂ ਤਾਂ ਬਾਪੂ ਦੀਆਂ ਸੁੱਕ ਕੇ ਫ਼ੂਕ ਨਿਕਲੀ ਆਲੇ ਬੁਲਬਲੇ ਅਰਗੀਆਂ ਹੋਈਆਂ ਪਈਆਂ ਤੇ ਮੈਂ ਇਹਨੂੰ ਮੱਲਾਂ ਦਾ ਖਾਣਾ ਦੇਈ ਜਾਨੈਂ।”
ਹਾਕਮ ਠੇਕੇਦਾਰ ਬਾਬੇ ਦੀ ਚੱਲਦੀ ਗੱਲ ‘ਚ ਬੋਲ ਕੇ ਕਹਿੰਦਾ, ”ਆਂਏਂ ਈ ਕੇਰਾਂ ਆਪਣੇ ਗੁਆੜ ਆਲੇ ਕੁੰਦਨ ਮਿਸਤਰੀ ਨਾਲ ਹੋਈ ਸੀ ਜਦੋਂ ਤਾਂਗੇ ਆਲੇ ਧੰਨੇ ਕੀ ਬੈਠਕ ਪਾਉਂਦਾ ਪੈੜ ਤੋਂ ਡਿੱਗਿਆ ਸੀ। ਜਦੋਂ ਕੁੰਦਨ ਪੈੜ ਤੋਂ ਡਿਗਿਆ ਤਾਂ ਧੰਨੇ ਕੀ ਬੁੜ੍ਹੀ ਨੇ ਦੁੱਧ ਦਾ ਛੰਨਾਂ ਭਰ ਕੇ ਵਿੱਚ ਦੋ ਕੜਛੀਆਂ ਦੇਸੀ ਘਿਉ ਦੀਆਂ ਪਾ ‘ਤੀਆਂ। ਕੁੰਦਨ ਮਿਸਤਰੀ ਪੀ ਕੇ ਦੁੱਧ ਦਾ ਛੰਨਾਂ ਹਜੇ ਘਰੇ ਅੱਪੜਿਆ ਈ ਸੀ, ਮਰੋੜਿਆਂ ਨਾਲ ਸੁੱਥੂ ਲਿਬੜ ਕੇ ਮੀਂਹ ‘ਚ ਭਿੱਜੇ ਤੰਬੂ ਅਰਗਾ ਹੋ ਗਿਆ। ਜਦੋਂ ਕੁੰਦਨ ਦੇ ਮੁੰਡਿਆਂ ਨੇ ਵੇਖਿਆ ਬਈ ਬਾਪੂ ਦੀ ਹਾਲਤ ਤਾਂ ਗਾਰੇ ‘ਚ ਲਿਬੜੇ ਸੂਰ ਤੋਂ ਵੀ ਭੈੜੀ ਹੋਈ ਪਈ ਐ ਤਾਂ ਮੁੰਡਿਆਂ ਨੇ ਕੁੰਦਨ ਨੂੰ ਨਲਕੇ ਥੱਲੇ ਈ ਬਹਾ ਲਿਆ। ਗੇੜ ਗੇੜ ਨਲਕਾ ਕੁੰਦਨ ਨੂੰ ਠੰਢਾ ਬਰਫ਼ ਅਰਗਾ ਕਰਕੇ ਧੋ ਕੇ ਨਲਕੇ ਹੇਠੋਂ ਠਾ ਕੇ ਅੰਦਰ ਜਾ ਪਾਇਆ। ਰਾਤ ਨੂੰ ਕੁੰਦਨ ਨੂੰ ਤਾਪ ਚੜ੍ਹ ਗਿਆ। ਨਾਲੇ ਤਾਂ ਦਸ ਦਿਨ ਕੰਮ ਤੋਂ ਰਹਿ ਗਿਆ, ਨਾਲੇ ਸਾਢੇ ਤਿੰਨ ਸੌ ਡਾਕਦਾਰ ਲੈ ਗਿਆ ਤਾਪ ਲਾਹੁਣ ਦਾ।”
ਠੇਕੇਦਾਰ ਨੂੰ ਚੱਲਦੀ ਗੱਲ ਦੇ ਵਿੱਚ ਬੋਲਿਆ ਸੁਣ ਕੇ ਸੂਬੇਦਾਰ ਰਤਨ ਸਿਉਂ ਹਾਕਮ ਠੇਕੇਦਾਰ ਨੂੰ ਕਹਿੰਦਾ, ”ਚੁੱਪ ਕਰ ਯਰ ਹੁਣ। ਕ੍ਰਿਪਾਲ ਸਿਉਂ ਦੀ ਗੱਲ ਚੱਲਦੀ ਸੀ, ਪਹਿਲਾਂ ਇਹਦੀ ਸੁਣ ਲੀਏ ਫ਼ੇਰ ਕੁੰਦਨ ਮਿਸਤਰੀ ਦੀ ਤੂੰ ਸਣਾ ਦੀਂ। ਹੁਣ ਨਾ ਬੋਲੀਂ ਨਾਥਾ ਸਿਉਂ ਦੀ ਗੱਲ ਸਿਰੇ ਲੱਗਣ ਦੇ।”
ਜਿਉਂ ਹੀ ਠੇਕੇਦਾਰ ਦੀ ਗੱਲ ਮੁੱਕੀ ਤਾਂ ਨਾਥੇ ਅਮਲੀ ਨੇ ਫ਼ੇਰ ਚਲਾ ‘ਤੀ ਬਾਬੇ ‘ਤੇ ਪੁੱਠੀ ਚੰਡੋਲ। ਨਾਲ ਬੈਠੇ ਬੁੱਘਰ ਦਖਾਣ ਦੇ ਗੋਡੇ ‘ਤੇ ਹੱਥ ਮਾਰ ਕੇ ਟਿੱਚਰ ‘ਚ ਕਹਿੰਦਾ, ”ਹਜੇ ਬਾਪੂ ਦਾ ‘ਗੂਠਾ ਸਾਬਤ ਐ ਤਾਂ ਕਰ ਕੇ ਦੁੱਧ ਘਿਉ ਮਿਲਦਾ। ਜੇ ਕਿਤੇ ਪਟਵਾਰ ਖਾਨੇ ਬਾਪੂ ਦਾ ਨਾਉਂ ਨਾ ਬੋਲਦਾ ਹੁੰਦਾ ਤਾਂ ਹੁਣ ਨੂੰ ਬੁੜ੍ਹਾ ਤੂੜੀ ਆਲੀ ਸਬ੍ਹਾਤ ‘ਚ ਇਉਂ ਸਿੱਟਿਆ ਹੋਣਾ ਸੀ ਜਿਮੇਂ ਸਣ ਦੇ ਗਰਨ੍ਹਿਆਂ ‘ਤੇ ਮਰਿਆ ਵਿਆ ਕਤੀੜ੍ਹ ਪਿਆ ਹੁੰਦੈ, ਨਾਲੇ ਨਿੱਤ ਗਾਲਾਂ ਮਿਲਣੀਆਂ ਸੀ ਨਾਲੇ ਜਿਹੜਾ ਵੀ ਜਦੋਂ ਡੰਗਰਾਂ ਨੂੰ ਪਾਉਣ ਵਾਸਤੇ ਤੂੜੀ ਕੱਢਣ ਜਾਂਦਾ, ਬੁੜ੍ਹੇ ਦੇ ਹੁੱਜਾਂ ਮਾਰ ਆਇਆ ਕਰਦਾ। ਚੌਹ ਕੁ ਦਿਨਾਂ ‘ਚ ਹੁੱਜਾਂ ਮਾਰ ਮਾਰ ਬੁੜ੍ਹੇ ਦਾ ਬੱਖਲ ਢਹੇ ਗਹੀਰੇ ਅਰਗਾ ਕਰ ਦੇਣਾ ਸੀ। ਇਹਨੇ ਚੀ ਇਹਨੇ ਰੋਟੀ ਛੱਡ ਦੇਣੀ ਸੀ। ਦਸ ਵੀਹ ਦਿਨ ਹੋਰ ਹੁੱਜਾਂ ਹੱਜਾਂ ਖਾ ਕੇ ਜਲੇਬੀਆਂ ਦੇ ਨੇੜੇ ਹੋ ਜਾਣਾ ਸੀ। ਵੱਸ! ਓਦੂੰ ਬਾਅਦ ਕਿਸੇ ਨੇ ਸਭਾ ‘ਚ ਵੀ ਨਾਂ ਨ੍ਹੀ ਸੀ ਲੈਣਾ। ਕਿਉਂ ਬਾਬਾ ਏਮੇਂ ਈਂ ਐ ਨਾ ਗੱਲ ਕੁ ਨਹੀਂ।”
ਸੰਧੂਰਾ ਬੁੜ੍ਹਾ ਅਮਲੀ ਦੀ ਗੱਲ ਸੁਣ ਕੇ ਅਮਲੀ ਨੂੰ ਕਹਿੰਦਾ, ”ਅੱਜ ਐ ਅਮਲੀਆ ਤੇਰੀਆਂ ਚੜ੍ਹੀਆਂ ਵਿਆਂ, ਜੋ ਮਰਜੀ ਕਹੀ ਜਾ, ਸਭ ਸੱਤੇ ਈ ਐ। ਕੱਲ੍ਹ ਨੂੰ ਗਾਮੇ ਹਕੀਮ ਨੂੰ ਕਹਾਂਗੇ ਬਈ ਅਮਲੀ ਨੂੰ ਚਾਰ ਕੁ ਦਿਨ ਅਮਲ ਨਾ ਦੇਈਂ। ਅਮਲ ਖਾਧੇ ਤੋਂ ਬਿਨਾਂ ਤੈਨੂੰ ਗੱਲ ਨ੍ਹੀ ਆਉਣੀ, ਫ਼ੇਰ ਅਸੀਂ ਲਮਾਂਗੇ ਤੇਰੇ ਝੱਗੇ ਦਾ ਮੇਚ।”
ਸੀਤਾ ਮਰਾਸੀ ਕਹਿੰਦਾ, ”ਜਦੋਂ ਅਮਲੀ ਦੇ ਨਸ਼ੇ ਟੁੱਟੇ ਹੁੰਦੇ ਐ ਫ਼ੇਰ ਤਾਂ ਪਤੰਦਰ ਮੂੰਹ ‘ਚੋਂ ਬੋਲਣ ਦੀ ਥਾਂ ਨਾਸਾਂ ਵਿੱਚਦੀ ਹੋਰ ਈ ਹਵਾ ਜੀ ਕੱਢੀ ਜਾਊ ਜਿਮੇਂ ਤੇਲ ਮੁੱਕੇ ਤੋਂ ਛੀ ਅੱਠ ਦਾ ਇੰਜਨ ਫ਼ਿਸ ਫ਼ਿਸ ਜੀ ਕਰਦਾ ਹੁੰਦੈ।”
ਮਰਾਸੀ ਦੇ ਮੂੰਹੋਂ ਟਿੱਚਰ ਸੁਣ ਕੇ ਨਾਥਾ ਅਮਲੀ ਸੀਤੇ ਮਰਾਸੀ ਨੂੰ ਇਉਂ ਚਿੰਬੜ ਗਿਆ ਜਿਮੇਂ ਕਈਆਂ ਦਿਨਾਂ ਦੀ ਭੁੱਖੀ ਬਾਂਦਰੀ ਖਿੱਲਾਂ ਦੇ ਲਫ਼ਾਫ਼ੇ ਨੂੰ ਪੈ ਗਈ ਹੋਵੇ।
ਮਰਾਸੀ ਨੂੰ ਕਹਿੰਦਾ, ”ਤੇ ਤੂੰ ਆਪ ਓਏ ਫ਼ੱਤੇ ਕਿਆ, ਜਿੱਦੇਂ ਬਾਬੇ ਸੰਧੂਰੇ ਕਿਆਂ ਨੇ ਤੈਨੂੰ ਤੂੜੀ ਆਲੇ ਕੁੱਪ ਚੀ ਢਾਹ ਲਿਆ ਸੀ, ਓਦਣ ਤੂੰ ਨ੍ਹੀ ਫ਼ਿਸ ਫ਼ਿਸ ਕੀਤੀ। ਸੱਥ ‘ਚ ਆ ਕੇ ਇਉਂ ਗੱਲਾਂ ਮਾਰਦੈਂ ਹੁਣ ਜਿਮੇਂ ਗਾਹਾਂ ਸਤੀਲਦਾਰ ਲੱਗਿਆ ਹੁੰਨੈ।”
ਅਮਲੀ ਦੀ ਗੱਲ ਸੁਣ ਕੇ ਸੰਧੂਰਾ ਬੁੜ੍ਹਾ ਨਾਥੇ ਅਮਲੀ ਨੂੰ ਕਹਿੰਦਾ, ”ਓ ਬਈ ਅਮਲੀਆ ਸਾਡਾ ਨਾਉਂ ਨਾ ਲੈ ਤੂੰ, ਅਸੀਂ ਨ੍ਹੀ ਕੁੱਟਿਆ ਕੱਟਿਆ। ਹਾਂ ਏਨਾਂ ਤਾਂ ਹੈ ਬਈ ਤੂੜੀ ਆਲਾ ਕੁੱਪ ਜਰੂਰ ਸਾਡਾ ਸੀ। ਕੁੱਟਿਆ ਤਾਂ ਛੁਰੀ ਮਾਰਾਂ ਨੇ ਸੀ।”
ਬੁੱਘਰ ਦਖਾਣ ਬੁੜ੍ਹੇ ਸੰਧੂਰੇ ਨੂੰ ਕਹਿੰਦਾ, ”ਉਹ ਕਿਮੇਂ ਤਾਇਆ। ਕੁੱਟਿਆ ਕਾਹਤੋਂ ਸੀ।”
ਸੰਧੂਰਾ ਕਹਿੰਦਾ, ”ਪਤਾ ਤਾਂ ਸਾਨੂੰ ਮਨ੍ਹੀ ਸੀ। ਉਹ ਤਾਂ ਕਿਤੇ ਤੜਕੇ ਉੱਠ ਕੇ ਜਦੋਂ ਮੈਂ ਖੇਤਾਂ ਵੱਲ ਜੰਗਲ ਪਾਣੀ ਗਿਆ ਤਾਂ ਮੈਂ ਵੇਖਿਆ ਬਈ ਆਹ ਤੂੜੀ ਕਿਮੇਂ ਖਲਾਰੀ ਪਈ ਐ ਜਿਮੇਂ ਕੋਈ ਕਾਹਲੀ ਕਾਹਲੀ ‘ਚ ਤੂੜੀ ਦੀਆਂ ਪੰਜ ਚਾਰ ਪੰਡਾਂ ਲੈ ਗਿਆ ਹੋਵੇ। ਮੈਂ ਘਰੇ ਆ ਕੇ ਮੁੰਡਿਆਂ ਨੂੰ ਪੁੱਛਿਆ। ਮੁੰਡੇ ਕਹਿੰਦੇ ‘ਸਾਨੂੰ ਮਨ੍ਹੀ ਪਤਾ’। ਤਿੰਨਾਂ ਚਾਰਾਂ ਦਿਨਾਂ ਪਿੱਛੋਂ ਬੋਘੇ ਰਾਠ ਕੇ ਸਾਂਝੀ ਨੇ ਦੱਸਿਆ ਮੈਨੂੰ। ਕਹਿੰਦਾ ‘ਸੋਡੇ ਤੂੜੀ ਆਲੇ ਕੁੱਪ ‘ਚ ਸੀਤੇ ਮਰਾਸੀ ਨੂੰ ਛੁਰੀ ਮਾਰਾਂ ਨੇ ਕੁੱਟ ਕੁੱਟ ਕੇ ਬਾਘੜ ਬਿੱਲਾ ਅਰਗਾ ਕਰਤਾ ਸੀ’। ਫ਼ੇਰ ਕਿਤੇ ਜਾ ਕੇ ਪਤਾ ਲੱਗਿਆ ਬਈ ਆਹ ਗੱਲ ਸੀ।”
ਰਤਨ ਸਿਉਂ ਸੂਬੇਦਾਰ ਨੇ ਸੰਧੂਰੇ ਬੁੜ੍ਹੇ ਨੂੰ ਪੁੱਛਿਆ, ”ਫ਼ੇਰ ਨਤੀਜਾ ਕੀ ਨਿੱਕਲਿਆ ਸੰਧੂਰਾ ਸਿਆਂ ਕੁੱਟ ਦਾ ਬਈ। ਕੁੱਟਿਆ ਕਾਹਤੋਂ ਸੀ?”
ਸੰਧੂਰਾ ਬੁੜ੍ਹਾ ਕਹਿੰਦਾ, ”ਇਹ ਤਾਂ ਅਮਲੀ ਨੂੰ ਪਤਾ ਹੋਣੈ ਬਈ ਕੀ ਗੱਲ ਸੀ।”
ਨਾਥਾ ਅਮਲੀ ਕਹਿੰਦਾ, ”ਮੈਂ ਦਸਦਾਂ ਸੋਨੂੰ ਬਈ ਛੁਰੀ ਮਾਰਾਂ ਨੇ ਮਰਾਸੀ ਆਲੇ ਬੀਂਡੇ ਕਾਹਤੋਂ ਬਲਾਏ ਸੀ।”
ਅਮਲੀ ਦੀ ਗੱਲ ਸੁਣਦਿਆਂ ਸਾਰ ਮਰਾਸੀ ਵੀ ਅਮਲੀ ਨੂੰ ਅੱਖਾਂ ਕੱਢ ਕੇ ਪੈ ਗਿਆ, ”ਜਾਂ ਤਾਂ ਪਿੱਚਕਿਆ ਜਿਆ ਤੂੰ ਘਰੇ ਜਾਏਂਗਾ ਜਾਂ ਮੈਂ ਜਾਊਂਗਾ ਅੱਜ। ਬੋਲ ਤਾਂ ਸਹੀ ਕੀ ਭੌਂਕੇਗਾ?”
ਸੀਤੇ ਮਰਾਸੀ ਨੂੰ ਨਾਥੇ ਅਮਲੀ ‘ਤੇ ਹਰਖਿਆ ਵੇਖ ਕੇ ਬੁੜ੍ਹਾ ਸੰਧੂਰਾ ਸੱਥ ‘ਚ ਬੈਠਿਆਂ ਨੂੰ ਕਹਿੰਦਾ, ”ਚੱਲੋ ਓਏ ਉੱਠੋ ਘਰਾਂ ਨੂੰ ਚੱਲੀਏ। ਚੱਲ ਓਏ ਅਮਲੀਆ ਤੁਰ ਘਰ ਨੂੰ। ਤੂੰ ਵੀ ਸੀਤਾ ਸਿਆਂ ਜਾ ਘਰੇ। ਉੱਠੋ ਓਏ ਸਾਰੇ ਈ ਚੱਲੋ, ਐਵੇਂ ਲੜ ਪੋਂ ਗੇ ਹੁਣ। ਉੱਠੋ ਉੱਠੋ।”
ਬੁੜ੍ਹੇ ਸੰਧੂਰਾ ਸਿਉਂ ਦਾ ਕਹਿਣਾ ਮੰਨ ਕੇ ਸਾਰੇ ਸੱਥ ਵਾਲੇ ਉੱਠ ਕੇ ਮਰਾਸੀ ਤੇ ਅਮਲੀ ਦੀਆਂ ਗੱਲਾਂ ‘ਤੇ ਹੱਸਦੇ ਹੱਸਦੇ ਆਪੋ ਆਪਣੇ ਘਰਾਂ ਨੂੰ ਤੁਰ ਗਏ।