ਬਾਲੀਵੁੱਡ ਦੇ ਮਹਾ ਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਸਟੰਟ ਕਰਨ ‘ਚ ਉਮਰ ਰੁਕਾਵਟ ਨਹੀਂ ਬਣ ਸਕਦੀ। ਅਮਿਤਾਭ ਬੱਚਨ 75 ਸਾਲ ਦੇ ਹੋ ਚੁੱਕੇ ਹਨ। ਉਨ੍ਹਾਂ ਨੇ ਆਪਣੀ ਅਗਲੀ ਆਉਣ ਫ਼ਿਲਮ ‘ਠਗਜ਼ ਔਫ਼ ਹਿੰਦੁਸਤਾਨ” ਚ ਕਾਫ਼ੀ ਐਕਸ਼ਨ ਸੀਨ ਵੀ ਕੀਤੇ ਹਨ। 75 ਸਾਲ ਦੀ ਉਮਰ ‘ਚ ਐਕਸ਼ਨ ਸੀਨ ਕਰਨਾ ਜਾਂ ਸਟੰਟ ਕਰਨਾ ਖ਼ਤਰਨਾਕ ਸਿੱਧ ਹੋ ਸਕਦਾ ਹੈ, ਪਰ ਅਮਿਤਾਭ ਨੂੰ ਅਜਿਹਾ ਕਰਨ ‘ਚ ਉਮਰ ਕੋਈ ਰੁਕਾਵਟ ਨਹੀਂ ਪਾ ਸਕਦੀ ਹੈ। ਅਮਿਤਾਭ ਦਾ ਕਹਿਣਾ ਹੈ ਕਿ ਫ਼ਿਲਮ ਦੀ ਮੰਗ ਪੂਰੀ ਕਰਨ ਲਈ ਉਹ ਹਮੇਸ਼ਾ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹਨ। ਅਮਿਤਾਭ ਨੇ ਆਪਣੀ ਸਿਹਤ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, ਹਾਲ ਹੀ ‘ਚ ਕੰਮ ਦੇ ਦੌਰਾਨ ਮੈਨੂੰ ਕੁੱਝ ਸੱਟਾਂ ਲੱਗੀਆਂ ਜੋ ਹੁਣ ਠੀਕ ਹਨ। ਇਹ ਅਤੀਤ ‘ਚ ਐਕਸ਼ਨ ਸੀਨ ਨੂੰ ਕਰਨ ਦੌਰਾਨ ਲੱਗੀਆਂ ਸੱਟਾਂ ਨਾਲ ਸਬੰਧਿਤ ਹਨ ਜੋ ਵਧਦੀ ਉਮਰ ਦੇ ਨਾਲ ਉੱਭਰ ਰਹੀਆਂ ਹਨ। ਇਲਾਜ ਜਾਰੀ ਹੈ ਅਤੇ ਇਸ ਉਮਰ ‘ਚ ਸ਼ਰੀਰ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣਾ ਖ਼ਿਆਲੀ ਸੁਪਨੇ ਦੀ ਤਰ੍ਹਾਂ ਹੀ ਹੈ। ਠਗਜ਼ ਆਫ਼ ਹਿੰਦੁਸਤਾਨ ‘ਚ ਖ਼ਤਰਨਾਕ ਸਟੰਟ ਕਰ ਸਿਹਤ ਪੱਖੋਂ ਜੋਖ਼ਮ ਲੈਣ ਬਾਰੇ ਪੁੱਛੇ ਜਾਣ ‘ਤੇ ਅਮਿਤਾਭ ਨੇ ਕਿਹਾ, ਭਾਵੇਂ ਸਟੰਟ ਬੇਮਿਸਾਲ ਅਤੇ ਖ਼ਤਰਨਾਕ ਹੁੰਦੇ ਹਨ, ਪਰ ਮੈਂ ਕੇਲੇ ਦੇ ਛਿਲਕੇ ਤੋਂ ਵੀ ਤਾਂ ਤਿਲਕ ਸਕਦਾ ਹਾਂ … ਅਸੀਂ ਆਪਣੇ ਕਿੱਤੇ ਦੀ ਮੰਗ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਪੂਰੀ ਸਾਵਧਾਨੀ ਨਾਲ ਅੱਗੇ ਵੀ ਵਧਦੇ ਹਾਂ। ਹਾਲ ਹੀ ‘ਚ ਇਸ ਫ਼ਿਲਮ ਨਾਲ ਜੁੜੀਆਂ ਕਈ ਮਹੱਤਵਪੂਰਨ ਗੱਲਾਂ ਦਾ ਖ਼ੁਲਾਸਾ ਆਮਿਰ ਖ਼ਾਨ ਨੇ ਵੀ ਕੀਤਾ ਹੈ। ਉਨ੍ਹਾਂ ਮੁਤਾਬਿਕ ਇਹ ਫ਼ਿਲਮ ਇੱਕ ਐਕਸ਼ਨ ਭਰਪੂਰ ਫ਼ਿਲਮ ਹੈ। ਅਜਿਹੇ ‘ਚ ਅਮਿਤਾਭ ਬੱਚਨ ਨੂੰ ਇੱਕ ਐਕਸ਼ਨ ਹੀਰੋ ਦੇ ਰੂਪ ‘ਚ ਵੇਖਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਾਫ਼ੀ ਦਿਲਚਸਪ ਹੋਵੇਗਾ। ਇਹ ਫ਼ਿਲਮ 200 ਕਰੋੜ ਦੇ ਵੱਡੇ ਬਜਟ ‘ਚ ਬਣ ਰਹੀ ਹੈ ਅਤੇ ਇਸ ਸਾਲ ਦੀਵਾਲੀ ਮੌਕੇ ਰਿਲੀਜ਼ ਹੋਵੇਗੀ। ਫ਼ਿਲਮ ‘ਚ ਕੈਟਰੀਨਾ ਕੈਫ਼ ਨੇ ਵੀ ਦਮਦਾਰ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਕਹਾਣੀ ਅੰਗਰੇਜ਼ੀ ਰਾਜ ਦੇ ਸਮੇਂ ਦੀ ਹੈ। ਫ਼ਿਲਮ ਅਜਿਹੇ ਚੋਰਾਂ ਦੀ ਕਹਾਣੀ ਹੈ ਜੋ ਪੈਸਾ ਕਮਾਉਣ ਲਈ ਕੋਈ ਵੀ ਜੋਖ਼ਮ ਲੈਣ ਨੂੰ ਤਿਆਰ ਰਹਿੰਦੇ ਹਨ।