ਨਵੀਂ ਦਿੱਲੀ— ਦਿੱਲੀ ਦੇ ਕਥਿਤ ‘ਪੀ.ਡਬਲਯੂ.ਡੀ. ਘੁਟਾਲੇ’ ਮਾਮਲੇ ‘ਚ ਐਂਟੀ ਕਰੱਪਸ਼ਨ ਬਿਊਰੋ (ਏ.ਸੀ.ਬੀ.) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਹੈ। ਏ.ਸੀ.ਬੀ. ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਦੇ ਭਾਣਜੇ (ਭੈਣ ਦੇ ਪੁੱਤਰ) ਵਿਨੈ ਬੰਸਲ ਨੂੰ ਵੀਰਵਾਰ ਸਵੇਰੇ ਗ੍ਰਿਫਤਾਰ ਕੀਤਾ।
ਦੱਸਣਾ ਚਾਹੁੰਦੇ ਹਾਂ ਕਿ ਕੇਜਰੀਵਾਲ ਦੇ ਸਾਂਢੂ (ਵਿਨੈ ਬੰਸਲ ਦੇ ਪਿਤਾ) ਦਾ ਨਾਮ ਵੀ ਇਸ ਘੁਟਾਲੇ ‘ਚ ਸੀ ਪਰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਸੀ। ਵਿਨੈ ਬੰਸਲ ਆਪਣੇ ਪਿਤਾ ਸੁਰਿੰਦਰ ਬੰਸਲ ਦੀ ਕੰਪਨੀ ਰੇਨੂ ਕੰਸਟਰੱਸ਼ਨ ‘ਚ ਪਾਰਟਨਰ ਸਨ। ਰੇਨੂੰ ਕੰਸਟਰੱਕਸ਼ਨ ‘ਤੇ ਦੋਸ਼ ਹੈ ਕਿ ਪੀ.ਡਬਲਯੂ.ਡੀ. ਵਿਭਾਗ ਨੇ ਰੋਡ ਅਤੇ ਸੀਵਰ ਨਾਲ ਸੰਬੰਧਿਤ ਕੰਮਾਂ ਲਈ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਗਲਤ ਤਰੀਕੇ ਨਾਲ ਕੰਟਰੈਕਟ ਦਿੱਤਾ ਅਤੇ ਕੰਪਨੀ ਨੇ ਘੁਟਾਲਾ ਵੀ ਕੀਤਾ।
ਇਸ ਮਾਮਲੇ ‘ਚ ਏ.ਸੀ.ਬੀ. ਨੇ ਤਿੰਨ ਐੱਫ.ਆਈ.ਆਰ. ਦਰਜ ਕੀਤੀਆਂ ਸਨ। ਜਿਨਾਂ ‘ਚ ਇਕ ਸੁਰਿੰਦਰ ਬੰਸਲ ਦੀ ਕੰਪਨੀ ਦੇ ਖਿਲਾਫ ਸੀ। ਏ.ਸੀ.ਬੀ. ਨੇ ਪਿਛਲੇ ਸਾਲ 9 ਮਈ ਨੂੰ ਕੰਪਨੀ ਦੇ ਖਿਲਾਫ ਐੈੱਫ.ਆਈ.ਆਰ. ਦਰਜ ਕੀਤੀ ਸੀ।
ਰੋਡ ਐੈਂਟੀ ਕਰੱਪਸ਼ਨ ਆਗਨਾਈਜੇਸ਼ਨ ਦੇ ਫਾਊਂਡਰ ਰਾਹੁਲ ਸ਼ਰਮਾ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੀ.ਡਬਲਯੂ.ਡੀ. ਮਿਨੀਸਟਰੀ ਸਤਏਂਦਰ ਜੈਨ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਬੰਸਲ ਨੂੰ ਕੰਟਰੈਕਟ ਦਿਵਾਉਣ ‘ਚ ਮਦਦ ਕੀਤੀ। ਹਾਲਾਂਕਿ ਕੇਜਰੀਵਾਲ ਅਤੇ ਜੈਨ ਦਾ ਨਾਮ ਐੱਫ.ਆਈ.ਆਰ. ‘ਚ ਨਹੀਂ ਹੈ। ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਬੰਸਲ ਦੀ ਕੰਪਨੀ ਨੇ ਪੂਰਾ ਕੰਮ ਕੀਤੇ ਬਿਨਾਂ ਪੀ.ਡਬਲਯੂ.ਡੀ. ਨੂੰ ਗਲਤ ਬਿੱਲ ਭੇਜੇ ਸਨ।
ਦੋਸ਼ ਹੈ ਕਿ ਕੇਜਰੀਵਾਲ ਦੇ ਸਾਂਢੂ ਦੀ ਕੰਪਨੀ ਨੇ ਰੋਡ ਅਤੇ ਸੀਵਰ ਦੇ ਠੇਕੇ ‘ਚ ਬੇਨਿਯਮੀ ਕੀਤੀ ਅਤੇ ਫਰਜ਼ੀ ਬਿੱਲ ਲਗਾਤਾਰ ਦੇ ਕੇ ਸਰਕਾਰ ਨੂੰ 10 ਕਰੋੜ ਦਾ ਚੂਨਾ ਲਗਾਇਆ।