ਪੰਜਾਬ ਵਿਚ ਪਸ਼ੂ ਧਨ ਨੂੰ ਗਲ ਘੋਟੂ ਬਿਮਾਰੀ ਤੋਂ ਬਚਾਉਣ ਲਈ ਮੁਹਾਲੀ ਸਥਿਤ ਗਊਸਾਲਾ ਤੋਂ ਟੀਕਾਕਰਨ ਦੀ ਸ਼ੁਰੂਆਤ
ਰਾਜ ਵਿਚ 72 ਲੱਖ ਪਸ਼ੂਆਂ ਨੂੰ ਲਗਾਏ ਜਾਣਗੇ ਟੀਕੇ
ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਵੱਲੋਂ ਅਵਾਰਾ ਪਸ਼ੂਆਂ ਨੂੰ ਵੀ ਗਲ ਘੋਟੂ ਬਿਮਾਰੀ ਤੋਂ ਬਚਾਉਣ ਲਈ ਟੀਕਕਾਰਨ ਦੀਆਂ ਹਦਾਇਤਾਂ
ਵੈਟਨਰੀ ਅਫਸਰਾਂ ਨੂੰ ਵੰਡੀਆਂ ਵੈਕਸੀਨੇਸ਼ਨ ਦੀਆਂ ਕਿੱਟਾਂ
ਲਾਲੜੂ ਨੇੜੇ ਪੈਂਦੇ ਪਿੰਡ ਮਗਰਾ ਦੀ ਗਊਸ਼ਾਲਾ ਨੂੰ ਮਾਡਰਨ ਗਊਸ਼ਾਲਾ ਵਜੋਂ ਵਿਕਸਿਤ ਕੀਤਾ ਜਾਵੇਗਾ
ਐਸ.ਏ.ਐਸ.ਨਗਰ ਸ਼ਹਿਰ ਦੇ ਪਾਰਕਾਂ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ 05 ਕਰੋੜ 75 ਲੱਖ ਰੁਪਏ ਖਰਚ ਕੀਤੇ ਜਾਣਗੇ
ਐਸ.ਏ.ਐਸ.ਨਗਰ -ਪੰਜਾਬ ਦੀਆਂ ਰਿਵਾਇਤੀ ਫਸਲਾਂ ਕਣਕ ਅਤੇ ਝੋਨਾ ਹੁਣ ਲਾਹੇਵਦ ਨਹੀਂ ਰਹੀਆਂ। ਰਾਜ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ ਪਸ਼ੂ ਪਾਲਣ ਵਿਭਾਗ ਰਾਜ ਵਿਚ ਪਸ਼ੂ ਪਾਲਣ, ਡੇਅਰੀ, ਮੱਛੀ ਪਾਲਣ ਅਤੇ ਪੋਲਟਰੀ, ਸੂਰ ਫਾਰਮਿੰਗ ਆਦਿ ਨੂੰ ਉਤਸ਼ਾਹਿਤ ਕਰੇਗਾ ਤਾਂ ਜੋ ਕਿਸਾਨ ਇੰਨ੍ਹਾਂ ਲਾਹੇਵੰਦ ਧੰਦਿਆਂ ਰਾਂਹੀ ਚੋਖੀ ਆਮਦਨ ਕਮਾ ਕੇ ਆਰਥਿਕ ਮੰਦਹਾਲੀ ਵਿਚੋਂ ਨਿਕਲ ਸਕਣ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਸ੍ਰ: ਬਲਬੀਰ ਸਿੰਘ ਸਿੱਧੂ ਨੇ ਰਾਜ ਵਿਚ ਪਸ਼ੂਆਂ ਨੂੰ ਗਲਘੋਟੂ ਬਿਮਾਰੀ ਤੋਂ ਬਚਾਉਣ ਲਈ ਮੁਹਾਲੀ ਸਥਿਤ ਨਗਰ ਨਿਗਮ ਦੀ ਗਊਸ਼ਾਲਾ ਤੋਂ ਟੀਕਕਰਨ ਮੁਹਿੰਮ ਦਾ ਆਗਾਜ਼ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਇਸ ਮੌਕੇ ਵੈਟਨਰੀ ਅਫਸਰਾਂ ਨੂੰ ਵੈਕਸੀਨੇਸ਼ਨ ਦੀਆਂ ਕਿੱਟਾਂ ਵੀ ਵੰਡੀਆਂ।
ਸ੍ਰ: ਸਿੱਧੂ ਨੇ ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਰਾਜ ਵਿਚ ਹਰੇਕ ਪਸ਼ੂ ਨੂੰ ਗਲ ਘੋਟੂ ਬਿਮਾਰੀ ਤੋਂ ਬਚਾਉਣ ਲਈ ਉਨ੍ਹਾਂ ਦਾ ਟੀਕਾਕਰਨ ਕੀਤਾ ਜਾਵੇ ਅਤੇ ਇਹ ਪਹਿਲੀ ਵਾਰ ਹੋਵੇਗਾ ਕਿ ਇਸ ਵਾਰ ਅਵਾਰਾ ਪਸ਼ੂਆਂ ਦਾ ਵੀ ਟੀਕਕਰਨ ਕੀਤਾ ਜਾਵੇਗਾ। ਸ੍ਰ: ਸਿੱਧੂ ਨੇ ਦੱਸਿਆ ਕਿ ਪਸ਼ੂਆਂ ਨੂੰ ਗਲ ਘੋਟੂ ਦੀ ਬਿਮਾਰੀ ਕਈ ਵਾਰ ਅਵਾਰਾ ਪਸ਼ੂਆਂ ਤੋਂ ਲੱਗਦੀ ਹੈ। ਜਿੰਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਜਾਂਦਾ । ਇਸ ਲਈ ਗਲ ਘੋਟੂ ਦੀ ਬਿਮਾਰੀ ਨੂੰ ਪੱਕੇ ਤੌਰ ਤੇ ਨੱਥ ਪਾਉਣ ਲਈ ਇਸ ਵਾਰ ਅਵਾਰਾ ਪਸ਼ੂਆਂ ਨੂੰ ਵੀ ਟੀਕੇ ਲਗਾਏ ਜਾਣਗੇ ਤਾਂ ਜੋ ਕਿਸੇ ਵੀ ਪਸੂ ਪਾਲਣ ਦਾ ਮਾਲੀ ਨੁਕਸਾਨ ਨਾ ਹੋਵੇ। ਉਨ੍ਹਾਂ ਇਸ ਮੌਕੇ ਦੱਸਿਆ ਕਿ ਵੈਟਨਰੀ ਅਫਸਰਾਂ/ਡਾਕਟਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਘਰ ਘਰ ਜਾ ਕੇ ਪਸ਼ੂਆਂ ਦੇ ਟੀਕੇ ਲਗਾਉਣ ਨੂੰ ਯਕੀਨੀ ਬਣਾਉਣ ਅਤੇ ਟੀਕਾਕਰਨ ਦਾ ਕੰਮ ਬਰਸਾਤ ਤੋਂ ਪਹਿਲਾਂ- ਪਹਿਲਾਂ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਰਾਜ ਵਿਚ 72 ਲੱਖ ਪਸ਼ੂਆਂ ਨੂੰ ਟੀਕੇ ਲਗਾਏ ਜਾਣਗੇ।
ਪੱਤਰਕਾਰਾਂ ਵੱਲੋਂ ਮੁਹਾਲੀ ਸ਼ਹਿਰ ਵਿਚ ਅਵਾਰਾ ਪਸ਼ੂਆਂ ਨੂੰ ਨੱਥ ਪਾਉਣ ਦੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼ਹਿਰ ਵਿਚਲੇ ਅਵਾਰਾ ਪਸ਼ੂਆਂ ਨੂੰ ਫੜਨ ਲਈ ਨਗਰ ਨਿਗਮ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਮਿਲ ਕੇ ਕੰਮ ਕਰਨਗੀਆਂ ਅਤੇ ਅਵਾਰਾ ਪਸ਼ੂਆਂ ਨੂੰ ਲਾਲੜੂ ਨੇੜੇ ਪਿੰਡ ਮਗਰਾ ਵਿਖੇ ਬਣੀ ਗਊਸ਼ਾਲਾ ਜਿਸ ਵਿਚ ਕਰੀਬ 2000 ਪਸ਼ੂ ਰੱਖਣ ਦੀ ਸਮਰੱਥਾ ਹੈ, ਵਿਖੇ ਭੇਜਿਆ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਮਗਰਾ ਗਊਸ਼ਾਲਾ ਨੂੰ ਮਾਡਰਨ ਗਊਸ਼ਾਲਾ ਵਜੋਂ ਵੀ ਵਿਕਸਤ ਕੀਤਾ ਜਾਵੇਗਾ ਅਤੇ ਇਸ ਗਊਸਾਲਾ ਵਿਚ ਦੁੱਧ ਦੇਣ ਵਾਲੇ ਪਸ਼ੁਆਂ ਨੂੰ ਵੱਖਰੇ ਤੌਰ ਤੇ ਰੱਖਿਆ ਜਾਵੇਗਾ ਤੇ ਗਊਸ਼ਾਲਾ ਵਿਚ ਰੱਖੇ ਪਸ਼ੂਆਂ ਦਾ ਇਲਾਜ ਪਸ਼ੂ ਪਾਲਣ ਵਿਭਾਗ ਖੁਦ ਕਰੇਗਾ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦੀ ਆਰਥਿਕਤਾ ਵਿਚ ਪਸ਼ੂ ਧਨ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਪਸੂ ਪਾਲਣ ਵਿਭਾਗ ਰਾਜ ਵਿਚ ਪਸ਼ੂ ਧਨ ਨੂੰ ਬਿਮਾਰੀ ਰਹਿਤ ਰੱਖਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹੇਗਾ ਅਤੇ ਉਨ੍ਹਾਂ ਦੇ ਇਲਾਜ ਲਈ ਹਮੇਸਾ ਤਤਪਰ ਰਹੇਗਾ। ਸ੍ਰ:ਸਿੱਧੂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਹਾਲੀ ਸ਼ਹਿਰ ਦੇ ਪਾਰਕਾਂ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ 05 ਕਰੋੜ 75 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਮੁਹਾਲੀ ਸਥਿਤ ਗਊਸ਼ਾਲਾ ਲਈ ਵੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਸ੍ਰੀ ਅਮਰਜੀਤ ਸਿੰਘ ਨੇ ਦੱਸਿਆ ਕਿ ਰਾਜ ਵਿਚ ਬਰਸਾਤ ਤੋਂ ਪਹਿਲਾਂ ਪਹਿਲਾਂ ਪਸ਼ੂਆਂ ਦੇ 100 ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਰਾਜ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਦੇ ਟੀਕਾਕਰਨ ਲਈ ਪਸ਼ੂ ਪਾਲਣ ਵਿਭਾਗ ਦੀ ਟੀਮ ਨੂੰ ਪੂਰਾ ਪੂਰਾ ਸਹਿਯੋਗ ਦੇਣ ਅਤੇ ਕੋਈ ਵੀ ਪਸ਼ੂ ਟੀਕਾਕਰਨ ਤੋਂ ਵਾਝਾਂ ਨਾ ਰਹੇ ਤਾਂ ਜੋ ਪਸ਼ੂਆਂ ਦਾ ਗਲ ਘੋਟੂ ਬਿਮਾਰੀ ਤੋਂ ਬਚਾਅ ਹੋ ਸਕੇ। ਇਸ ਮੌਕੇ ਸ੍ਰ: ਸਿੱਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ ਚੰਦ ਸ਼ਰਮਾਂ ਮੱਛਲੀਕਲਾਂ, ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸਵ ਜੈਨ, ਸੰਯੂਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ, ਸਹਾਇਕ ਕਮਿਸ਼ਨਰ ਸ੍ਰ:ਸਰਬਜੀਤ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪ੍ਰਮਾਤਮਾਂ ਸਰੂਪ, ਗਊਸ਼ਾਲਾ ਦੇ ਪ੍ਰਧਾਨ ਰਮੇਸ ਕੁਮਾਰ, ਕੌਂਸਲਰ ਜਸਬੀਰ ਸਿੰਘ ਮਣਕੂ ਅਤੇ ਸੁਨੀਲ ਕੁਮਾਰ ਪਿੰਕਾ, ਸੁਰਿੰਦਰ ਕੁਮਾਰ ਸਰਮਾਂ, ਜੀ.ਐਸ.ਰਿਆੜ ਸਮੇਤ ਗਊਸਾਲਾ ਕਮੇਟੀ ਦੇ ਨੂਮਾਇੰਦੇ ਅਤੇ ਪਸ਼ੂ ਪਾਲਣ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।