ਪੰਜਾਬ ਵਿਚ ਬਾਇਓ ਗੈਸ ਅਤੇ ਬਾਇਓ ਸੀਐਨਜੀ ਪਲਾਂਟ ਹੋਣਗੇ ਸਥਾਪਤ
100-150 ਮਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਨਾਲ ਲੱਗਣਗੇ 10 ਪਲਾਂਟ, ਪਹਿਲਾ ਪਲਾਂਟ 2019 ਵਿਚ ਹੋਵੇਗਾ ਸ਼ੁਰੂ
ਚੰਡੀਗੜ : ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਬਰਤਾਨੀਆ ਦੇ ਚੰਡੀਗੜ• ਸਥਿਤ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਅੱਯਰ ਦੀ ਹਾਜ਼ਰੀ ਵਿਚ ਰੀਕਾ ਬਾਇਓਫਿਯੂਲ ਡਿਵੈਲਪਮੈਂਟ ਲਿਮਟਿਡ ਅਤੇ ਪੰਜਾਬ ਸਨਅਤੀ ਪ੍ਰੋਤਸਾਹਨ ਬਿਊਰੋ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ ਵਿਚਕਾਰ ਇਕ ਅਹਿਮ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਸਮਝੌਤੇ ਤਹਿਤ ਪੰਜਾਬ ਵਿਚ ਬਾਇਓ ਗੈਸ ਅਤੇ ਬਾਇਓ ਸੀਐਨਜੀ ਪਲਾਂਟ ਲਗਾਏ ਜਾਣਗੇ ਤਾਂ ਜੋ ਪਰਾਲੀ ਦੀ ਸਹੀ ਵਰਤੋਂ ਕਰਕੇ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕੇ। ਪਰਾਲੀ ਨੂੰ ਅੱਗ ਲਾਉਣ ਦੀ ਥਾਂ ਇਸ ਦੀ ਵਰਤੋਂ ਕੱਚੇ ਮਾਲ ਵੱਜੋਂ ਕੀਤੀ ਜਾਵੇਗੀ ਅਤੇ ਪਰਾਲੀ ਤੋਂ ਇਨਾਂ ਪਲਾਂਟਾਂ ਵਿਚ ਗੈਸ ਅਤੇ ਸੀਐਨਜੀ ਬਣਾਈ ਜਾਵੇਗੀ।
ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਰੀਕਾ ਕੰਪਨੀ ਵੱਲੋਂ ਸੂਬੇ ਵਿਚ 100-150 ਮਿਲੀਅਨ ਅਮਰੀਕੀ ਡਾਲਰ ਦੇ ਨਿਵੇਸ਼ ਨਾਲ 10 ਦੇ ਕਰੀਬ ਪਲਾਂਟ ਲਗਾਉਣ ਦੀ ਯੋਜਨਾ ਹੈ ਜਿਸ ਨਾਲ ਕਿ 1000 ਦੇ ਕਰੀਬ ਨੌਕਰੀਆ ਵੀ ਮੁਹੱਈਆ ਹੋਣਗੀਆ। ਅਤਿ ਆਧੁਨਿਕ ਤਕਨੀਕ ਵਾਲੇ ਇਨਾਂ ਪਲਾਂਟਾਂ ਵਿਚੋਂ ਪਹਿਲਾ ਪਲਾਂਟ 2019 ਵਿਚ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਹਰੇਕ ਪਲਾਂਟ ਵਿਚ ਇਕ ਦਿਨ ‘ਚ 100 ਮੀਟਰਿਕ ਟਨ ਝੋਨੇ ਦੀ ਪਰਾਲੀ ਵਰਤਣ ਦੀ ਸਮਰੱਥਾ ਹੋਵੇਗੀ।
ਉਨ•ਾਂ ਦੱਸਿਆ ਕਿ ਇਨ•ਾਂ ਪਲਾਂਟਾਂ ਨਾਲ ਪੰਜਾਬ ਦੀਆਂ ਜ਼ਮੀਨਾਂ ਦੀ ਉਪਜਾਊ ਸ਼ਕਤੀ ਵੀ ਵਧੇਗੀ ਕਿਉਂ ਕਿ ਜਦੋਂ ਪਰਾਲੀ ਨੂੰ ਅੱਗ ਨਹੀਂ ਲਾਈ ਜਾਵੇਗੀ ਤਾਂ ਇਸ ਨਾਲ ਜ਼ਮੀਨ ਦੀ ਕੁਆਲਿਟੀ ਵਿਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਫਸਲਾਂ ਦੀ ਰਹਿੰਦ-ਖੂੰਹਦ ਦੇਸੀ ਖਾਦ ਦਾ ਕੰਮ ਕਰੇਗੀ ਜਿਸ ਨਾਲ ਕਿ ਝਾੜ ਵੱਧਣ ਦੀਆਂ ਸੰਭਾਵਨਾਵਾਂ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਪਲਾਂਟ ਸਥਾਪਤ ਕਰਨ ਲਈ ਪੰਜਾਬ ਸਰਕਾਰ ਜ਼ਮੀਨ ਦੀ ਨਿਸ਼ਾਨਦੇਹੀ ਵਿਚ ਮਦਦ ਕਰੇਗੀ ਅਤੇ ਸਨਅਤੀ ਨੀਤੀ ਅਨੁਸਾਰ ਮਿਲਣ ਵਾਲੀਆਂ ਸਹੂਲਤਾਂ ਅਤੇ ਸਹਾਇਤਾ ਵੀ ਮਹੁੱਈਆ ਕਰਵਾਏਗੀ। ਇਸ ਮੌਕੇ ਰੀਕਾ ਬਾਇਓਫਿਊਲ ਕੰਪਨੀ ਦੇ ਡਾਇਰੈਕਟਰ ਗ੍ਰੈਗਰੀ ਕੁਰੱਪਨੀਕੋਵਸ ਨੇ ਇਸ ਸਮਝੌਤੇ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਰਾਹੀਂ ਜਿੱਥੇ ਪਰਾਲੀ ਦੀ ਅੱਗ ਤੋਂ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਵਿਚ ਪੰਜਾਬ ਸਰਕਾਰ ਦੀ ਮਦਦ ਕੀਤੀ ਜਾਵੇਗੀ ਉੱਥੇ ਹੀ ਪਰਾਲੀ ਦੀ ਵੀ ਸੁਚੱਜੀ ਵਰਤੋਂ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਸੀਈਓ ਸ੍ਰੀ ਐਨਪੀਐਸ ਰੰਧਾਵਾ, ਡਿਪਟੀ ਜਨਰਲ ਮੈਨੇਜਰ ਸ੍ਰੀ ਐਮ.ਪੀ. ਸਿੰਘ, ਮੈਨੇਜਰ ਸ੍ਰੀ ਸੁਖਵੰਤ ਸਿੰਘ, ਸ੍ਰੀ ਦਵਿੰਦਰ ਸਿੰਘ ਅਤੇ ਇਨਵੈਸਟ ਪੰਜਾਬ ਤੋਂ ਸ੍ਰੀ ਅਰੁਨਜੀਤ ਸਿੰਘ ਸਿੱਧੂ ਵੀ ਹਾਜ਼ਰ ਸਨ।