ਕਾਠਮੰਡੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਸੀਨੀਅਰ ਨੇਤਾਵਾਂ ਨੂੰ ਮਿਲਣ ਤੋਂ ਇਕ ਬਾਅਦ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮਾਓਵਾਦੀ ਪਾਰਟੀ ਦੇ ਮੁਖੀ ਪ੍ਰਚੰਡ ਨਾਲ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਮੋਦੀ ਨੇਪਾਲੀ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਚਾਦੁਰ ਦੇਓਬਾ ਅਤੇ ਨੇਪਾਲੀ ਕਾਂਗਰਸ ਦੇ ਦੂਜੇ ਮੈਂਬਰਾਂ ਨੂੰ ਮਿਲੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵਿੱਟਰ ‘ਤੇ ਲਿਖਿਆ, ‘ਰਾਜਨੀਤਕ ਖੇਤਰ ਦੇ ਕਈ ਪੱਖਾਂ ਨਾਲ ਮੁਲਾਕਾਤ। ਨੇਪਾਲੀ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਓਬਾ ਅਤੇ ਨੇਪਾਲੀ ਕਾਂਗਰਸ ਦੇ ਦੂਜੇ ਮੈਂਬਰ ਕਾਠਮੰਡੂ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ।
ਮਜ਼ਬੂਤ ਭਾਰਤ-ਨੇਪਾਲ ਸਬੰਧਾਂ ਨੂੰ ਵਿਆਪਕ ਰਾਜਨੀਤਕ ਸਮਰਥਨ ਹਾਸਲ ਹੈ।’ ਉਨ੍ਹਾਂ ਨੇ ਨਾਲ ਹੀ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਕਮਿਊਨਿਸਟ ਪਾਰਟੀ ਆਫ ਨੇਪਾਲ-ਐਮਸੀ (ਮਾਓਈਸਟ ਸੈਂਟਰ) ਦੇ ਮੁਖੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਨੂੰ ਮਿਲੇ ਅਤੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਗਿਆ।’ ਇਸ ਤੋਂ ਪਹਿਲਾਂ ਕੱਲ ਮੋਦੀ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਮਿਲੇ ਸਨ, ਜਿਸ ਤੋਂ ਬਾਅਦ ਦੋਵਾਂ ਪੱਖਾਂ ਵਿਚਕਾਰ ਲੰਬੀ ਵਫਦ ਪੱਧਰ ‘ਤੇ ਗੱਲਬਾਤ ਵੀ ਹੋਈ, ਜਿਸ ਵਿਚ ਦੋਵਾਂ ਦੇਸ਼ਾਂ ਨੇ ਦੋ-ਪੱਖੀ ਸਬੰਧਾਂ ਦੇ ਸਾਰੇ ਪਹਿਲੂਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਨੇਪਾਲ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਅਤੇ ਉਪ-ਰਾਸ਼ਟਰਪਤੀ ਨੰਦਬਹਾਦੁਰ ਪੁਨ ਨਾਲ ਵੀ ਸ਼ਿਸ਼ਟਾਚਾਰ ਭੇਂਟ ਕੀਤੀ।