ਸਹਾਰਨਪੁਰ— ਕੈਰਾਨਾ ਲੋਕਸਭਾ ਉਪ-ਚੋਣਾਂ ‘ਚ 28 ਮਈ ਨੂੰ ਵੋਟਿੰਗ ਹੋਣੀ ਹੈ। ਹਰ ਕੋਈ ਆਪਣੀ ਜਿੱਤ ਪੱਕੀ ਕਰਨ ਲਈ ਕਈ ਪ੍ਰਕਾਰ ਦੇ ਹੱਥਕੰਢੇ ਆਪਣਾ ਰਿਹਾ ਹੈ। ਇਸ ਦੇ ਚਲਦੇ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਪੋਸਟਰ ਵਾਇਰਲ ਹੋ ਰਹੀ ਹੈ, ਜਿਸ ‘ਚ ਸੀ. ਐੱਮ. ਯੋਗੀ ਆਦਿਤਿਆਨਾਥ ਅਤੇ ਕਾਂਗਰਸ ਦੇ ਪ੍ਰਦੇਸ਼ ਉਪ ਪ੍ਰਧਾਨ ਇਮਰਾਨ ਮਸੂਦ ਇਕੱਠੇ ਨਜ਼ਰ ਆ ਰਹੇ ਹਨ। ਇਸ ਪੋਸਟ ਨਾਲ ਰਾਜਨੀਤਿਕ ਗਲੀਆਂ ‘ਚ ਹੜਕੰਪ ਮਚ ਗਿਆ।
ਵਾਇਰਲ ਹੋ ਰਹੀ ਪੋਸਟ ‘ਚ ਇਕ ਮੈਸੇਜ਼ ਵੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ‘ਚ ਲਿਖਿਆ ਹੋਇਆ ਹੈ ਕਿ ਇਮਰਾਨ ਮਸੂਦ ਨੇ ਉਪ ਚੋਣਾਂ ਤੋਂ ਪਹਿਲਾਂ ਭਾਜਪਾ ਸ਼ਾਮਲ ਕਰ ਲਈ ਹੈ, ਜਿਵੇਂ ਹੀ ਇਸ ਪੋਸਟ ਦੇ ਬਾਰੇ ‘ਚ ਇਮਰਾਨ ਮਸੂਦ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਹੀ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਸੋਸ਼ਲ ਮੀਡੀਆ ‘ਤੇ ਇਸ ਪੋਸਟ ਨੂੰ ਵਾਇਰਲ ਕਰਨ ਵਾਲੇ ਨੌਜਵਾਨ ਦੇ ਵਿਰੁੱਧ ਮੁਕਦੱਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਪੂਰੇ ਮਾਮਲੇ ‘ਤੇ ਇਮਰਾਨ ਮਸੂਦ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਇਹ ਪੋਸਟ ਪੂਰੀ ਤਰ੍ਹਾਂ ਫਰਜੀ ਹੈ। ਉਨ੍ਹਾਂ ਦੀ ਤਸਵੀਰ ਨੂੰ ਐਡਿਟ ਕਰਕੇ ਸੀ. ਐੱਮ. ਨਾਲ ਜੋੜਿਆ ਗਿਆ ਹੈ, ਉਹ ਅੱਜ ਤੱਕ ਯੋਗੀ ਅਦਿਤਿਆਨਾਥ ਨਾਲ ਮਿਲੇ ਤੱਕ ਨਹੀਂ। ਇਮਰਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ਼ਰਾਰਤੀ ਲੋਕ ਉਨ੍ਹਾਂ ਦੀ ਤਸਵੀਰ ਨੂੰ ਵਿਰੋਧੀ ਨੇਤਾਵਾਂ ਨਾਲ ਜੋੜ ਕੇ ਖਰਾਬ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ।