ਬਠਿੰਡਾ — ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਸੋਮਵਾਰ ਨੂੰ ਬਠਿੰਡਾ ਤੋਂ ਅੰਮ੍ਰਿਤਸਰ ਫੋਰ ਲੇਨ ਐਕਸਪ੍ਰੈਸ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਲ ਅਕਾਲੀ ਦਲ-ਭਾਜਪਾ ਵਲੋਂ ਇਕ ਵਿਸ਼ਾਲ ਰੈਲੀ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਪਾਰਟੀ ਵਰਕਰਾਂ ਨਾਲ ਬੈਠਕ ਕੀਤੀ ਤੇ ਸੋਮਵਾਰ ਨੂੰ ਹੋਣ ਵਾਲੀ ਰੈਲੀ ਸੰਬੰਧੀ ਵਿਚਾਰ ਵਟਾਂਦਰਾ ਕੀਤਾ।
ਸੁਖਬੀਰ ਨੇ ਸਪਸ਼ੱਟ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਇਸ ਸੜਕ ਦੇ ਨਿਰਮਾਣ ਸੰਬੰਧੀ ਮੁੱਦਾ ਕੇਂਦਰੀ ਮੰਤੀਰ ਨਿਤਿਨ ਗਡਕਰੀ ਅੱਗੇ ਉਠਾਇਆ ਗਿਆ ਸੀ, ਜਿਨ੍ਹਾਂ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸੀ। ਇਸ ਮੌਕੇ ਸੁਖਬੀਰ ਬਾਦਲ ਨੇ ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਸੜਕ ਦੇ ਨਿਰਮਾਣ ‘ਚ ਕਾਂਗਰਸ ਦਾ ਕੋਈ ਯੋਗਦਾਨ ਨਹੀਂ ਹੈ ਪਰ ਫਿਰ ਵੀ ਜਦੋਂ ਇਸ ਸੜਕ ਦੇ ਨਿਰਮਾਣ ਸੰਬੰਧੀ ਕੈਪਟਨ ਸਾਹਿਬ ਨੂੰ ਪਤਾ ਲੱਗਾ ਤਾਂ ਉਸ ਇਸ ਸਮਾਗਮ ‘ਚ ਆਪਣਾ ਯੋਗਦਾਨ ਦਿਖਾਉਣ ਪਹੁੰਚ ਰਹੇ ਹਨ। ਉਨ੍ਹਾਂ ਕੈਪਟਨ ਸਰਕਾਰ ‘ਤੇ ਚੁੱਟਕੀ ਲੈਂਦਿਆਂ ਉਨ੍ਹਾਂ ਨੂੰ ਇਸ ਸਮਾਗਮ ‘ਚ ਆਉਣ ਦਾ ਸੱਦਾ ਦਿੱਤਾ ਤਾਂ ਜੋ ਉਹ ਬਾਦਲ ਸਰਕਾਰ ਦੇ ਸਮੇਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਦੇਖ ਸਕਣ।
ਇਸ ਤੋਂ ਇਲਾਵਾ ਉਨ੍ਹਾਂ ਨੇ ਏਮਜ਼ ਦੇ ਕੰਮ ‘ਚ ਹੋ ਰਹੀ ਦੇਰੀ ‘ਤੇ ਕਾਂਗਰਸ ਨੂੰ ਘੇਰਦੇ ਹੋਏ ਕਿਹਾ ਕਿ ਕਾਂਗਰਸ ਲੋਕ ਭਲਾਈ ਲਈ ਕੁਝ ਨਹੀਂ ਕਰ ਰਹੀ। ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਟੈਕਸ ਲਗਾ ਕੇ ਲੋਕਾਂ ਨੂੰ ਲੁੱਟਣ ਲੱਗੇ ਹੋਏ ਹਨ।