ਮੁੰਬਈ — ਮਾਨਸੂਨ ਇਸ ਸਾਲ ਸਮੇਂ ਤੋਂ ਚਾਰ ਦਿਨ ਪਹਿਲਾਂ ਕੇਰਲ ਤੱਟ ‘ਤੇ ਦਸਤਕ ਦੇਵੇਗਾ। ਪ੍ਰਾਈਵੇਟ ਏਜੰਸੀ ਸਕਾਈਮੇਟ ਜੋ ਕਿ ਮੌਸਮ ਦੀ ਭਵਿੱਖਬਾਣੀ ਕਰਦੀ ਹੈ ਨੇ ਅੰਦਾਜ਼ਾ ਲਗਾਇਆ ਹੈ ਕਿ ਦੱਖਣੀ-ਪੱਛਮੀ ਮਾਨਸੂਨ 28 ਮਈ ਨੂੰ ਕੇਰਲ ਪਹੁੰਚ ਜਾਵੇਗਾ। ਇਸ ਤੋਂ ਪਹਿਲਾਂ ਮਾਨਸੂਨ ਦੇ 20 ਮਈ ਨੂੰ ਅੰਡੇਮਾਨ ਨਿਕੋਬਾਰ, 24 ਮਈ ਨੂੰ ਸ਼੍ਰੀਲੰਕਾ ਅਤੇ ਫਿਰ ਅੱਗੇ ਪੂਰਬੀ-ਮੱਧ ਬੰਗਾਲ ਦੀ ਖਾੜੀ ਵੱਲ ਵਧਣ ਦਾ ਅਨੁਮਾਨ ਹੈ।
ਸਕਾਈਮੇਟ(ਮੈਟਰੋਲੋਜੀ ਅਤੇ ਕਲਾਈਮੇਟ ਚੇਂਜ) ਦੇ ਉਪ ਪ੍ਰਧਾਨ ਮਹੇਸ਼ ਪਾਲਾਵਤ ਨੇ ਕਿਹਾ ਕਿ ਮਾਨਸੂਨ 28 ਮਈ ਨੂੰ ਕੇਰਲ ਪਹੁੰਚ ਸਕਦਾ ਹੈ। ਆਮਤੌਰ ‘ਤੇ ਮਾਨਸੂਨ 1 ਜੂਨ ਨੂੰ ਕੇਰਲ ਤੱਟ ਤੱਕ ਪਹੁੰਚਦਾ ਹੈ। ਇਸ ਸਾਲ ਸਕਾਈਮੇਟ ਅਤੇ ਮੌਸਮ ਵਿਭਾਗ ਦੋਵਾਂ ਨੇ ਹੀ ਆਮ ਮਾਨਸੂਨ ਦਾ ਅੰਦਾਜ਼ਾ ਲਗਾਇਆ ਹੈ।
ਸਕਾਈਮੇਟ ਅਤੇ ਮੌਸਮ ਵਿਭਾਗ ਦਾ ਕੀ ਹੈ ਅਨੁਮਾਨ?
ਮਾਨਸੂਨ ਨੂੰ ਲੈ ਕੇ ਇਸ ਸਾਲ ਭਾਰਤੀ ਮੌਸਮ ਵਿਭਾਗ(ਆਈ.ਐੱਮ.ਡੀ.) ਅਤੇ ਸਕਾਈਮੇਟ ਦਾ ਅਨੁਮਾਨ ਇਕੋ ਜਿਹਾ ਹੀ ਹੈ। ਉਨ੍ਹਾਂ ਦੋਵਾਂ ਨੇ ਆਮ ਮਾਨਸੂਨ ਰਹਿਣ ਦਾ ਅਨੁਮਾਨ ਲਗਾਇਆ ਹੈ। ਸਕਾਈਮੇਟ ਨੇ 4 ਅਪ੍ਰੈਲ ਨੂੰ ਕਿਹਾ ਸੀ ਕਿ 2018 ‘ਚ ਮਾਨਸੂਨ 100 ਫੀਸਦੀ ਆਮ ਰਹਿਣ ਦਾ ਅਨੁਮਾਨ ਹੈ। ਅਪ੍ਰੈਲ ਵਿਚ ਆਈ.ਐੱਮ.ਡੀ. ਨੇ ਆਪਣੇ ਅਨੁਮਾਨ ਵਿਚ ਕਿਹਾ ਸੀ ਕਿ ਮਾਨਸੂਨ ਦੀ ਔਸਤ ਲੰਬਾਈ(97%) ਹੋਵੇਗੀ, ਜੋ ਇਸ ਸੀਜ਼ਨ ਲਈ ਆਮ ਹੈ।
ਮਾਨਸੂਨ ਦਾ ਅਰਥਵਿਵਸਥਾ ‘ਤੇ ਸਿੱਧਾ ਅਸਰ
ਇਸ ਤੋਂ ਪਹਿਲਾਂ 2017 ਅਤੇ 2016 ਵਿਚ ਵੀ ਮਾਨਸੂਨ ਆਮ ਰਿਹਾ ਸੀ, ਪਰ ਸਾਲ 2014 ਅਤੇ 2015 ‘ਚ ਮਾਨਸੂਨ ਕਮਜ਼ੋਰ ਰਹਿਣ ਕਰਕੇ ਦੇਸ਼ ਨੂੰ ਸੋਕੇ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਜ਼ਿਕਰਯੋਗ ਹੈ ਕਿ ਬਾਰਿਸ਼ ਨਾਲ ਖੇਤੀਬਾੜੀ ਸੈਕਟਰ ਨੂੰ ਫਾਇਦਾ ਹੁੰਦਾ ਹੈ ਜਿਸਦਾ ਸਿੱਧਾ ਅਸਰ ਦੇਸ਼ ਦੀ ਅਰਥ ਵਿਵਸਥਾ ‘ਤੇ ਪੈਂਦਾ ਹੈ। ਦੇਸ਼ ਦੀ ਜੀ.ਡੀ.ਪੀ. ‘ਚ ਖੇਤੀਬਾੜੀ ਦਾ ਯੋਗਦਾਨ 16 ਫੀਸਦੀ ਹੈ ਅਤੇ ਦੇਸ਼ ਦੀ 50 ਫੀਸਦੀ ਅਬਾਦੀ ਖੇਤੀਬਾੜੀ ਦੇ ਰੋਜ਼ਗਾਰ ਨਾਲ ਸਿੱਧੇ ਜਾਂ ਅਸਿੱਧੇ ਰੂਪ ਨਾਲ ਜੁੜੀ ਹੋਈ ਹੈ।