‘ਆਪ’ ਉਮੀਦਵਾਰ ਕਾਕੜਕਲਾਂ ਦੀ ਚੋਣ ਮੁਹਿੰਮ ਦੀ ਸ਼ੁਰੂਆਤ
ਸ਼ਾਹਕੋਟ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾਂ-ਕਾਕੜਕਲਾਂ
ਸ਼ਾਹਕੋਟ : ਸ਼ਾਹਕੋਟ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਰਤਨ ਸਿੰਘ ਕਾਕੜਕਲਾਂ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਅੱਜ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਨੇ ਪਿੰਡ ਕੰਗ ਖ਼ੁਰਦ ਵਿਖੇ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਕੇ ਕੀਤੀ। ਉਨ੍ਹਾਂ ਦੇ ਨਾਲ ਉਮੀਦਵਾਰ ਕਾਕੜਕਲਾਂ ਨੇ ਸਾਰੇ ਵੋਟਰਾਂ ਨਾਲ ਸਿੱਧਾ ਸੰਪਰਕ ਕਰ ਕੇ ਸਮਰਥਨ ਕਰਨ ਦੀ ਅਪੀਲ ਕੀਤੀ।
ਇਸ ਸਮੇਂ ਨਗਰ ਨਿਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਦੀ ਵਾਅਦਿਆਂ ਤੋਂ ਮੁੱਕਰਨ ਵਾਲੀ ਕਾਂਗਰਸ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਦਾ ਸ਼ਾਹਕੋਟ ਦੇ ਵੋਟਰਾਂ ਕੋਲ ਇੱਕ ਸੁਨਹਿਰਾ ਮੌਕਾ ਹੈ। ਉਨ੍ਹਾਂ ਕਿਹਾ ਕਿ ਸਾਰੇ ਹਲਕੇ ਅੰਦਰ ਕਾਂਗਰਸ ਸਰਕਾਰ ਨੇ ਵਿਕਾਸ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਅੱਜ ਵੀ ਸਾਰੀਆਂ ਸੜਕਾਂ ਟੁੱਟੀਆਂ ਹੋਇਆਂ ਹਨ ਅਤੇ ਸਰਕਾਰ ਦਾ ਧਿਆਨ ਸਿਰਫ਼ ਜਨਤਾ ਦੀ ਲੁੱਟ ਕਰਨ ਵੱਲ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬੀਜੇਪੀ ਨੇ 10 ਸਾਲਾਂ ਦੀ ਲੁੱਟ ਤੋਂ ਵੀ ਕਾਂਗਰਸ ਸਰਕਾਰ ਅੱਗੇ ਨਿਕਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਇੱਕ ਚੰਗੇ ਅਕਸ ਵਾਲਾ ਸਮਾਜ ਸੇਵੀ ਹੈ। ਜਦਕਿ ਕਾਂਗਰਸ ਦੇ ਉਮੀਦਵਾਰ ਉੱਤੇ ਪਹਿਲਾਂ ਹੀ ਰੇਤ ਮਾਫ਼ੀਆ ਅਤੇ ਗੁੰਡਾਗਰਦੀ ਦੇ ਦੋਸ਼ ਲੱਗੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭ੍ਰਿਸ਼ਟ ਅਤੇ ਮਾਫ਼ੀਆ ਰਾਜ ਦੇ ਖ਼ਿਲਾਫ਼ ਵੋਟ ਦੇ ਕੇ ਲੋਕ ਵਿਰੋਧੀ ਪਾਰਟੀਆਂ ਨੂੰ ਕਰਾਰਾ ਜਵਾਬ ਦੇਣ।
ਇਸ ਮੌਕੇ ਬੋਲਦੇ ਉਮੀਦਵਾਰ ਕਾਕੜਕਲਾਂ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਸਮਾਜ ਸੇਵੀ ਕੰਮਾਂ ਵਿਚ ਅੱਗੇ ਵੱਧ ਕੇ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਸੂਝਵਾਨ ਵੋਟਰ ਸਹੀ ਉਮੀਦਵਾਰ ਦੀ ਚੋਣ ਕਰਨ ਲਈ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਉਣ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ।
ਇਸ ਸਮੇਂ ਹਲਕਾ ਲੋਹੀਆ ਦੇ ਪ੍ਰਧਾਨ ਸੱਜਣ ਸਿੰਘ ਚੀਮਾ, ‘ਆਪ’ ਪੰਜਾਬ ਦੇ ਬੁਲਾਰੇ ਦਰਸ਼ਨ ਸਿੰਘ ਸ਼ੰਕਰ, ਜਸਵੀਰ ਸਿੰਘ ਜਲਾਲਪੁਰੀ, ਰੂਪ ਲਾਲ ਸ਼ਰਮਾ, ਅਮਨਦੀਪ ਸਿੰਘ ਖ਼ਾਲਸਾ, ਪੁਨੀਤ ਸਾਹਨੀ, ਮੀਨਾ ਸ਼ਰਮਾ, ਰਾਜ ਗਿੱਲ ਵੀ ਮੌਜੂਦ ਸਨ। ਇਸ ਤੋਂ ਇਲਾਵਾ ਡਾ. ਬਲਵੀਰ ਸਿੰਘ ਨੇ ਸ਼ਾਹਕੋਟ ਵਿਖੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕੀਤੀ ਅਤੇ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਪਾਰਟੀ ਵਲੰਟੀਅਰਾਂ ਅਤੇ ਆਗੂਆਂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ। ਮੀਟਿੰਗ ਵਿਚ ਦੋਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ, ਪਾਰਟੀ ਬੁਲਾਰਾ ਜਗਤਾਰ ਸਿੰਘ ਸੰਘੇੜਾ ਅਤੇ ਹਰਜਿੰਦਰ ਸਿੰਘ ਸੀਚੇਵਾਲ ਵੀ ਸ਼ਾਮਲ ਸਨ। ਇਸ ਸਮੇਂ ਸਚਦੇਵਾ ਨੇ ਕਿਹਾ ਕਿ ਆਉਂਦੇ ਦੋ ਦਿਨਾਂ ਵਿਚ ਪਾਰਟੀ ਦੇ ਵਲੰਟੀਅਰਾਂ ਵੱਲੋਂ ਪਿੰਡ-ਪਿੰਡ ਜ਼ਿੰਮੇਵਾਰੀਆਂ ਸੰਭਾਲ ਕੇ ਸਮੁੱਚੇ ਹਲਕੇ ਵਿਚ ਪਾਰਟੀ ਦੀ ਚੋਣ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ।