ਜਲੰਧਰ — ਸ਼ਾਹਕੋਟ ਜ਼ਿਮਨੀ ਚੋਣ ਨੂੰ ਸ਼ਾਂਤਮਈ ਅਤੇ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਬੀਤੇ ਦਿਨ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਆਬਜ਼ਰਵਰਾਂ ਨੂੰ ਜਾਣਕਾਰੀ ਦਿੱਤੀ ਗਈ। ਸਥਾਨਕ ਸਰਕਟ ਹਾਊਸ ਵਿਖੇ ਹੋਈ ਮੀਟਿੰਗ ਦੌਰਾਨ ਜ਼ਿਲਾ ਚੋਣ ਅਫਸਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਅਤੇ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਜਨਰਲ ਆਬਜ਼ਰਵਰ ਰਵੀ ਕਾਂਤ ਜੈਨ ਅਤੇ ਖਰਚਾ ਆਬਜ਼ਰਵਰ ਸੁਰੇਸ਼ ਚੰਦ ਮੀਣਾ ਨੂੰ ਦੱਸਿਆ ਕਿ ਉਪ ਚੋਣ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਪਹਿਲਾਂ ਹੀ ਵੱਖ-ਵੱਖ ਅਧਿਕਾਰੀਆਂ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸ਼ਾਹਕੋਟ ਹਲਕਾ ਨਿਰੋਲ ਦਿਹਾਤੀ ਹਲਕਾ ਹੈ, ਜਿਸ ‘ਚ ਕੁੱਲ 1.72 ਲੱਖ ਵੋਟਰਾਂ ਹਨ, ਜਿਨ੍ਹਾਂ ‘ਚੋਂ 88885 ਮਰਦ ਅਤੇ 83194 ਔਰਤਾਂ ਹਨ।
ਉਨ੍ਹਾਂ ਨੇ ਦੱਸਿਆ ਕਿ ਹਲਕੇ ਅੰਦਰ ਕੁੱਲ 189 ਇਮਾਰਤਾਂ ‘ਚ 236 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ 189 ਇਮਾਰਤਾਂ ‘ਚੋਂ 144 ਇਮਾਰਤਾਂ ‘ਚ 1-1 ਪੋਲਿੰਗ ਬੂਥ, 43 ਵਿਚ 2-2 ਪੋਲਿੰਗ ਬੂਥ ਅਤੇ 2 ਇਮਾਰਤਾਂ ਵਿਚ 3-3 ਪੋਲਿੰਗ ਬੂਥ ਹਨ। ਇਸ ਤੋਂ ਇਲਾਵਾ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਪੋਲਿੰਗ ਕੇਂਦਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਥਾਵਾਂ ‘ਤੇ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਵਾਧੂ ਸੁਰੱਖਿਆ ਦਸਤੇ ਤਾਇਨਾਤ ਕਰ ਕੇ ਸ਼ਾਂਤਮਈ ਤਰੀਕੇ ਨਾਲ ਵੋਟਿੰਗ ਕਰਵਾਈ ਜਾ ਸਕੇ। ਇਸ ਮੌਕੇ ਏ. ਡੀ. ਸੀ. ਡਾ. ਭੁਪਿੰਦਰਪਾਲ ਸਿੰਘ, ਜ਼ਿਲਾ ਗਾਈਡੈਂਸ ਕਾਊਂਸਲਰ ਸੁਰਜੀਤ ਲਾਲ ਅਤੇ ਹੋਰ ਹਾਜ਼ਰ ਸਨ।
28 ਮਈ ਨੂੰ ਜ਼ਿਲੇ ‘ਚ ਛੁੱਟੀ ਦਾ ਐਲਾਨ
ਭਾਰਤੀ ਚੋਣ ਕਮਿਸ਼ਨ ਵੱਲੋਂ ਸ਼ਾਹਕੋਟ ਉਪ ਚੋਣ ਦੇ ਮੱਦੇਨਜ਼ਰ ਜਲੰਧਰ ਜ਼ਿਲੇ ਦੀ ਹੱਦ ਅੰਦਰ 28 ਮਈ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਤਹਿਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜ਼ਿਲਾ ਚੋਣ ਅਫ਼ਸਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੋਟਾਂ ਵਾਲੇ ਦਿਨ ਸਾਰੇ ਸਰਕਾਰੀ ਅਦਾਰੇ, ਬੈਂਕਾਂ, ਵਪਾਰਕ ਤੇ ਉਦਯੋਗਿਕ ਅਦਾਰੇ ਜਿਨ੍ਹਾਂ ਵਿਚ ਦੁਕਾਨਾਂ ਸ਼ਾਮਲ ਹਨ, ਵਿਖੇ ਕੰਮ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਤੇ ਕਾਮਿਆਂ ਨੂੰ ਛੁੱਟੀ ਹੋਵੇਗੀ ਤਾਂ ਜੋ ਉਹ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਸਕਣ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਵਪਾਰਕ ਅਦਾਰੇ, ਉਦਯੋਗਿਕ ਖੇਤਰ ਜਾਂ ਸੰਸਥਾ ਵਿਚ ਕੰਮ ਕਰਨ ਵਾਲਾ ਵਿਅਕਤੀ ਜੋ ਕਿ ਸ਼ਾਹਕੋਟ ਹਲਕੇ ਦਾ ਵੋਟਰ ਹੋਵੇ, ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰ ਸਕੇਗਾ ਅਤੇ ਇਸ ਦਿਨ ਕੀਤੀ ਛੁੱਟੀ ਦੇ ਵਿਰੁੱਧ ਉਸ ਦੀ ਤਨਖਾਹ/ਉਜਰਤ ਵਿਚ ਕਿਸੇ ਕਿਸਮ ਦੀ ਕਟੌਤੀ ਨਹੀਂ ਕੀਤੀ ਜਾ ਸਕੇਗੀ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਨਿੱਜੀ ਅਦਾਰਿਆਂ, ਵਪਾਰਕ ਅਦਾਰਿਆਂ ਜਾਂ ਉਦਯੋਗਾਂ ਦੇ ਮਾਲਕਾਂ ਵੱਲੋਂ ਆਪਣੇ ਤਹਿਤ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ/ਕਾਮਿਆਂ ਨੂੰ ਵੋਟ ਪਾਉਣ ਲਈ ਛੁੱਟੀ ਨਹੀਂ ਦਿੱਤੀ ਜਾਂਦੀ ਤਾਂ ਉਸ ਨੂੰ ਜੁਰਮਾਨਾ ਕੀਤੇ ਜਾਣ ਦੀ ਵਿਵਸਥਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਸ਼ਾਹਕੋਟ ਹਲਕੇ ਦਾ ਵੋਟਰ ਹੈ ਪਰ ਉਹ ਹਲਕੇ ਤੋਂ ਬਾਹਰ ਸਥਿਤ ਕਿਸੇ ਅਦਾਰੇ ਵਿਚ ਕੰਮ ਕਰਦਾ ਹੈ ਤਾਂ ਵੀ ਉਸ ਨੂੰ ਵੋਟ ਪਾਉਣ ਲਈ ਛੁੱਟੀ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਆਰਜ਼ੀ ਕਾਮੇ ਅਤੇ ਡੇਲੀਵੇਜ ‘ਤੇ ਕੰਮ ਕਰਨ ਵਾਲਿਆਂ ਨੂੰ 28 ਮਈ ਨੂੰ ਛੁੱਟੀ ਦੇ ਨਾਲ-ਨਾਲ ਉਜਰਤ ਵੀ ਮਿਲੇਗੀ।