ਸੰਜੀਵ ਕੁਮਾਰ ਝਾਅ
ਆਉਣ ਵਾਲੀ ਫ਼ਿਲਮ ਵੀਰੇ ਦੀ ਵੈਡਿੰਗ ਇਸ ਸਾਲ ਦੀ ਸਭ ਤੋਂ ਚਰਚਿਤ ਫ਼ਿਲਮ ਹੈ। ਇਹ ਸਿਰਫ਼ ਇਸ ਦੀ ਅਸਾਧਾਰਨ ਕਹਾਣੀ ਕਰ ਕੇ ਹੀ ਨਹੀਂ ਬਲਕਿ ਕਰੀਨਾ ਕਪੂਰ ਦੇ ਮਾਂ ਬਣਨ ਤੋਂ ਬਾਅਦ ਬੌਲੀਵੁੱਡ ਵਿੱਚ ਵਾਪਸੀ ਕਾਰਨ ਵੀ ਚਰਚਾ ਵਿੱਚ ਹੈ। ਕਰੀਨਾ ਆਪਣੀ ਇਸ ਵਾਪਸੀ ਦੀ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਪੇਸ਼ ਹਨ ਕਰੀਨਾ ਕਪੂਰ ਖ਼ਾਨ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼:
ਸਵਾਲ: ‘ਵੀਰੇ ਦੀ ਵੈਡਿੰਗ ‘ਦੀ ਸ਼ੂਟਿੰਗ ਨੂੰ ਲੈ ਕੇ ਤੁਹਾਡਾ ਅਨੁਭਵ ਕਿਵੇਂ ਦਾ ਰਿਹਾ?
ਜਵਾਬ: ਬਹੁਤ ਦਿਲਚਸਪ ਰਿਹਾ ਕਿਉਂਕਿ ਜਦੋਂ ਮੈਨੂੰ ਆਪਣੇ ਗਰਭਵਤੀ ਹੋਣ ਬਾਰੇ ਪਤਾ ਲੱਗਿਆ ਤਾਂ ਮੈਂ ਇਹ ਫ਼ਿਲਮ ਛੱਡਣ ਦਾ ਮਨ ਬਣਾ ਲਿਆ। ਇੱਥੋਂ ਤਕ ਕਿ ਮੈਂ ਨਿਰਮਾਤਾ ਰੀਆ ਕਪੂਰ ਨੂੰ ਵੀ ਫ਼ੋਨ ਕਰ ਕੇ ਦੱਸ ਦਿੱਤਾ ਕਿ ਮੈਂ ਹੁਣ ਇਹ ਫ਼ਿਲਮ ਨਹੀਂ ਕਰ ਸਕਦੀ, ਇਸ ਲਈ ਕਿਸੇ ਹੋਰ ਅਭਿਨੇਤਰੀ ਨੂੰ ਲਿਆ ਜਾਵੇ, ਪਰ ਰੀਆ ਨੇ ਕਿਹਾ ਕਿ ਉਹ ਮੇਰਾ ਇੰਤਜ਼ਾਰ ਕਰੇਗੀ। ਰੀਆ ਤੋਂ ਬਾਅਦ ਮੇਰੇ ਪਤੀ ਸੈਫ਼ ਅਲੀ ਖ਼ਾਨ ਨੇ ਵੀ ਮੇਰਾ ਪੂਰਾ ਸਾਥ ਦਿੱਤਾ। ਉਨ੍ਹਾਂ ਨੇ ਮੈਨੂੰ ਜਿਮ ਜਾਣ ਅਤੇ ਸ਼ੂਟਿੰਗ ‘ਤੇ ਬੇਟੇ ਤੈਮੂਰ ਨੂੰ ਨਾਲ ਲੈ ਕੇ ਜਾਣ ਲਈ ਕਿਹਾ ਤਾਂ ਕਿ ਮੈਂ ਕੰਮਕਾਜੀ ਮਾਵਾਂ ਦੀ ਇੱਕ ਉਦਾਹਰਣ ਸੈੱਟ ਕਰ ਸਕਾਂ। ਹੁਣ ਇਹ ਫ਼ਿਲਮ 1 ਜੂਨ ਨੂੰ ਰਿਲੀਜ਼ ਹੋ ਰਹੀ ਹੈ।
ਸਵਾਲ: ਵੀਰੇ ਦੀ ਵੈਡਿੰਗ ਤੋਂ ਬਾਅਦ ਤੁਹਾਡਾ ਅਗਲਾ ਪ੍ਰੌਜੈਕਟ ਕੀ ਹੈ?
ਜਵਾਬ: ਅੱਗੇ ਕੀ ਕਰਨਾ ਹੈ, ਮੈਂ ਇਸ ਬਾਰੇ ਕੁੱਝ ਨਹੀਂ ਸੋਚਿਆ। ਤੈਮੂਰ ਅਜੇ ਸਵਾ ਸਾਲ ਦਾ ਹੈ, ਅਤੇ ਮੈਂ ਉਸ ਨੂੰ ਆਪਣਾ ਪੂਰਾ ਸਮਾਂ ਦੇ ਰਹੀ ਹਾਂ। ਨਾਲ ਨਾਲ, ਮੈਂ ਫ਼ਿਲਮ ਦਾ ਪ੍ਰਚਾਰ ਵੀ ਕਰ ਰਹੀ ਹਾਂ। ਮੈਂ ਇਸ ਤੋਂ ਬਾਅਦ ਹੀ ਸੋਚਾਂਗੀ ਕਿ ਅੱਗੇ ਕੀ ਕਰਨਾ ਹੈ, ਪਰ ਮੈਂ ਵਾਅਦਾ ਕਰਦੀ ਹਾਂ ਕਿ ਸਾਲ ਵਿੱਚ ਇੱਕ ਜਾਂ ਦੋ ਫ਼ਿਲਮਾਂ ਕਰਦੀ ਰਹਾਂਗੀ।
ਸਵਾਲ: ਇੱਕ ਸਮਾਂ ਸੀ ਕਿ ਤੁਹਾਨੂੰ ਸ਼ੂਟਿੰਗ ਤੋਂ ਪਲ ਭਰ ਦੀ ਵੀ ਫ਼ੁਰਸਤ ਨਹੀਂ ਸੀ ਮਿਲਦੀ, ਹੁਣ ਫ਼ੁਰਸਤ ਹੀ ਫ਼ੁਰਸਤ ਹੈ। ਇਸ ‘ਤੇ ਤੁਸੀਂ ਕੀ ਕਹੋਗੇ?
ਜਵਾਬ: ਇਹੀ ਕਿ ਹੁਣ ਮੈਂ ਆਪਣੇ ਜੀਵਨ ਨੂੰ ਵਿਵਸਥਿਤ ਤਰੀਕੇ ਨਾਲ ਚਲਾਉਣ ਦਾ ਫ਼ੈਸਲਾ ਪੱਕਾ ਕਰ ਲਿਆ ਹੈ। ਪਹਿਲਾਂ ਮੇਰੇ ਲਈ ਕੇਵਲ ਕੰਮ ਹੀ ਮਹੱਤਵਪੂਰਨ ਸੀ, ਪਰ ਅੱਜ ਮੈਂ ਪਤਨੀ, ਮਾਂ ਅਤੇ ਬਹੂ ਪਹਿਲਾਂ ਹਾਂ, ਅਭਿਨੇਤਰੀ ਬਾਅਦ ਵਿੱਚ। ਇਹੀ ਵਜ੍ਹਾ ਹੈ ਕਿ ਹੁਣ ਮੇਰੀਆਂ ਤਰਜੀਹਾਂ ਬਦਲ ਗਈਆਂ ਹਨ। ਹੁਣ ਮੈਂ ਚੁਣ ਕੇ ਫ਼ਿਲਮਾਂ ਸਾਈਨ ਕਰਦੀ ਹਾਂ। ਘੱਟ, ਪਰ ਚੰਗੀਆਂ ਫ਼ਿਲਮਾਂ ਕਰਦੀ ਹਾਂ ਅਤੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਪੂਰਾ ਵਕਤ ਦਿੰਦੀ ਹਾਂ। ਮੈਨੂੰ ਅੱਜਕੱਲ੍ਹ ਕਿਤਾਬਾਂ ਪੜ੍ਹਨੀਆਂ ਬਹੁਤ ਚੰਗੀਆਂ ਲੱਗਣ ਲੱਗਾ ਹੈ।
ਸਵਾਲ: ਤੁਹਾਡਾ ਬੇਟਾ ਤੈਮੂਰ ਸੋਸ਼ਲ ਮੀਡੀਆ ‘ਤੇ ਬਹੁਤ ਚਰਚਿਤ ਰਹਿੰਦਾ ਹੈ। ਤੁਹਾਨੂੰ ਕਿਵੇਂ ਲੱਗਦਾ ਹੈ?
ਜਵਾਬ: ਸੱਚ ਕਹਾਂ ਤਾਂ ਇਹ ਮੈਨੂੰ ਚੰਗਾ ਨਹੀਂ ਲਗਦਾ। ਮੈਨੂੰ ਇਹ ਗੱਲ ਪਸੰਦ ਨਹੀਂ ਕਿ ਤੈਮੂਰ ਦੀ ਹਰ ਫ਼ੋਟੋ ਸੋਸ਼ਲ ਮੀਡੀਆ ਉੱਤੇ ਆ ਜਾਂਦੀ ਹੈ ਕਿ ਉਹ ਕੀ ਪਾਉਂਦਾ ਹੈ, ਕੀ ਖਾਂਦਾ ਹੈ, ਆਦਿ। ਅਜੇ ਉਹ ਸਿਰਫ਼ ਸਵਾ ਸਾਲ ਦਾ ਹੈ, ਪਰ ਮੈਨੂੰ ਨਹੀਂ ਪਤਾ ਕਿ ਇਸ ਨੂੰ ਕਿਵੇਂ ਰੋਕਿਆ ਜਾਵੇ। ਮੈਨੂੰ ਲਗਦਾ ਹੈ ਕਿ ਮੀਡੀਆ ਨੂੰ ਜ਼ਿਆਦਾ ਤਵੱਜੋ ਦੇਣ ਦੀ ਤੈਮੂਰ ਨੂੰ ਆਦਤ ਹੋ ਗਈ ਹੈ। ਮੈਂ ਹੁਣ ਉਸ ਦੀਆਂ ਫ਼ੋਟੋਆਂ ਦੀ ਤੁਲਨਾ ਕਰਦੀ ਹਾਂ ਅਤੇ ਵੇਖ ਕੇ ਲੱਗਦਾ ਹੈ ਕਿ ਉਹ ਵੀ ਹੁਣ ਪੋਜ਼ ਦੇਣ ਲੱਗਾ ਹੈ।
ਸਵਾਲ: ਸ਼ੁਰੂਆਤ ਵਿੱਚ ਲੋਕਾਂ ਨੇ ਤੈਮੂਰ ਨਾਮ ਉੱਤੇ ਇਤਰਾਜ਼ ਪ੍ਰਗਟਾਇਆ ਸੀ, ਪਰ ਅੱਜ ਉਹੀ ਤੈਮੂਰ ਸਟਾਰ ਬਣ ਗਿਆ ਹੈ?
ਜਵਾਬ: ਸੱਚ ਦੱਸਾਂ ਤਾਂ ਤੈਮੂਰ ਨਾਮ ਸੈਫ਼ ਨੇ ਨਹੀਂ, ਮੇਰੀ ਜ਼ਿੱਦ ਉੱਤੇ ਰੱਖਿਆ ਗਿਆ ਹੈ। ਦਰਅਸਲ, ਜਦੋਂ ਮੈਂ ਤੈਮੂਰ ਦੇ ਜਨਮ ਤੋਂ ਪਹਿਲਾਂ ਹਸਪਤਾਲ ਜਾ ਰਹੀ ਸੀ ਤਾਂ ਸੈਫ਼ ਨੇ ਮੇਰੇ ਨਾਲ ਇੱਕ ਵਾਰ ਫ਼ਿਰ ਨਾਮ ਉੱਤੇ ਗੱਲ ਕੀਤੀ ਅਤੇ ਕਿਹਾ ਕਿ ਸਾਨੂੰ ਫ਼ੈਜ਼ ਨਾਮ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਨਾਮ ਬਹੁਤ ਰੁਮੈਂਟਿਕ ਹੈ ਅਤੇ ਕਾਵਿਕ ਵੀ, ਪਰ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਕਿਉਂਕਿ ਮੈਂ ਆਪਣੇ ਬੱਚੇ ਨੂੰ ਯੋਧਾ ਬਣਾਉਣਾ ਚਾਹੁੰਦੀ ਸੀ। ਇਸ ਲਈ ਅਸੀਂ ਆਪਣੇ ਬੇਟੇ ਦਾ ਨਾਮ ਤੈਮੂਰ ਰੱਖਿਆ ਜਿਸ ਦਾ ਮਤਲਬ ਹੁੰਦਾ ਹੈ ‘ਲੋਹਾ’। ਇਸ ਲਈ ਸਾਨੂੰ ਦੋਨਾਂ ਨੂੰ ਆਪਣੇ ਬੇਟੇ ਦੇ ਨਾਮ ਉੱਤੇ ਮਾਣ ਹੈ।
ਸਵਾਲ: ਮੌਜੂਦਾ ਸਮੇਂ ਵਿੱਚ ਬੌਲੀਵੁੱਡ ਦੀ ਕਿਹੜੀ ਅਭਿਨੇਤਰੀ ਤੁਹਾਨੂੰ ਜ਼ਿਆਦਾ ਪਸੰਦ ਹੈ?
ਜਵਾਬ: ਸਾਰੀਆਂ ਅਭਿਨੇਤਰੀਆਂ, ਚਾਹੇ ਉਹ ਆਲੀਆ ਭੱਟ ਹੋਵੇ, ਦੀਪਿਕਾ ਪਾਦੁਕੋਣ ਹੋਵੇ ਜਾਂ ਕੈਟਰੀਨਾ ਕੈਫ਼। ਮੈਨੂੰ ਲਗਦਾ ਹੈ ਕਿ ਇਨ੍ਹਾਂ ਸਾਰੀਆਂ ਨੇ ਆਪਣੇ ਕਰੀਅਰ ਵਿੱਚ ਮਹਾਨ ਉਪਲੱਬਧੀਆਂ ਹਾਸਿਲ ਕੀਤੀਆਂ ਹਨ। ਹਾਲਾਂਕਿ ਅਸੀਂ 12-15 ਸਾਲਾਂ ਤੋਂ ਇਕੱਠੇ ਕੰਮ ਕਰ ਰਹੀਆਂ ਹਾਂ, ਇਸ ਲਈ ਇਨ੍ਹਾਂ ਵਿੱਚੋਂ ਕਿਸੇ ਇੱਕ ਦਾ ਨਾਮ ਲੈਣਾ ਜਾਇਜ਼ ਨਹੀਂ ਹੋਵੇਗਾ। ਮੇਰੇ ਲਈ ਹਰ ਕੋਈ ਬਿਹਤਰ ਹੈ।
ਸਵਾਲ: ਤੁਹਾਡੀ ਹਾਣੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਹੌਲੀਵੁੱਡ ਵਿੱਚ ਵੀ ਬਿਹਤਰ ਮੁਕਾਮ ਪਾ ਚੁੱਕੀ ਹੈ। ਕੀ ਤੁਹਾਡੀ ਕੁੱਝ ਅਜਿਹਾ ਕਰਨ ਦੀ ਇੱਛਾ ਨਹੀਂ ਹੁੰਦੀ?
ਜਵਾਬ: ਨਹੀਂ, ਮੇਰੇ ਲਈ ਪ੍ਰਿਅੰਕਾ ਚੋਪੜਾ ਦੀ ਤਰ੍ਹਾਂ ਹੌਲੀਵੁੱਡ ਵਿੱਚ ਕਰੀਅਰ ਬਣਾਉਣਾ ਸੰਭਵ ਨਹੀਂ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਮੇਰੀ ਜ਼ਿੰਦਗੀ ਦੀਆਂ ਤਰਜੀਹਾਂ ਪ੍ਰਿਅੰਕਾ ਚੋਪੜਾ ਤੋਂ ਵੱਖ ਹਨ। ਉਂਝ ਵੀ, ਮੈਂ ਦੁਨੀਆਂ ਉੱਤੇ ਫ਼ਤਹਿ ਨਹੀਂ ਪਾਉਣਾ ਚਾਹੁੰਦੀ। ਮੈਨੂੰ ਲਗਦਾ ਹੈ ਕਿ ਪ੍ਰਿਅੰਕਾ ਨੇ ਜੋ ਕੁੱਝ ਵੀ ਕੀਤਾ, ਉਹ ਅਨੋਖਾ ਹੈ, ਪਰ ਮੈਨੂੰ ਨਹੀਂ ਲਗਦਾ ਕਿ ਮੈਂ ਅਜਿਹਾ ਕੁੱਝ ਕਰ ਸਕਦੀ ਹਾਂ। ਮੈਂ ਇੱਕ ਕੰਮਕਾਜੀ ਸ਼ਾਦੀਸ਼ੁਦਾ ਔਰਤ ਹੀ ਬਣੀ ਰਹਿਣਾ ਚਾਹੁੰਦੀ ਹਾਂ। ਮੇਰੀਆਂ ਜ਼ਿੰਮੇਵਾਰੀਆਂ ਉਸ ਤੋਂ ਕਈ ਮਾਅਨਿਆਂ ਵਿੱਚ ਵੱਖ ਅਤੇ ਜ਼ਿਆਦਾ ਹਨ, ਕਿਉਂਕਿ ਮੇਰਾ ਪਤੀ ਹੈ, ਬੱਚਾ ਹੈ ਅਤੇ ਮੈਂ ਆਪਣੇ ਪਰਿਵਾਰ ਨੂੰ ਸੰਤੁਲਿਤ ਕਰ ਕੇ ਅੱਗੇ ਵਧਾਉਣਾ ਚਾਹੁੰਦੀ ਹਾਂ। ਇਸ ਲਈ ਮੈਂ ਸਭ ਕੁੱਝ ਛੱਡ ਕੇ ਲਾਸ ਐਂਜਲਸ ਨਹੀਂ ਜਾ ਸਕਦੀ। ਉਂਝ, ਇਹ ਅਭਿਨੇਤਰੀਆਂ ਜਿਸ ਤਰ੍ਹਾਂ ਦਾ ਕੰਮ ਕਰ ਰਹੀਆਂ ਹਨ, ਉਸ ਤਰ੍ਹਾਂ ਦਾ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਜ਼ਿਆਦਾ ਹਾਸਿਲ ਕਰਨ ਦੀ ਡੂੰਘੀ ਚਾਹ, ਅਤੇ ਉਨ੍ਹਾਂ ਨੂੰ ਓਨੀ ਹੀ ਖ਼ੂਬਸੂਰਤੀ ਤੋਂ ਅੰਜਾਮ ਦੇਣ ਲਈ ਸਮਰਪਣ ਹੋਣਾ ਚਾਹੀਦਾ ਹੈ। ਸ਼ਾਇਦ ਮੈਂ ਆਲਸੀ ਵੀ ਹਾਂ। ਮੈਂ ਦੁਨੀਆਂ ਨੂੰ ਜਿੱਤਣਾ ਨਹੀਂ ਚਾਹੁੰਦੀ, ਪਰ ਮੈਨੂੰ ਆਪਣੇ ਬਲਬੂਤੇ ਨਾਲ ਮਿਲੀ ਛੋਟੀ ਜਿਹੀ ਜਗ੍ਹਾ ਤੋਂ ਵੀ ਕੋਈ ਗ਼ੁਰੇਜ਼ ਨਹੀਂ ਹੈ।
ਸਵਾਲ: ਤੁਹਾਡੀ ਫ਼ਿਟਨੈੱਸ ਦਾ ਕੀ ਮੰਤਰ ਹੈ?
ਜਵਾਬ: ਮੇਰਾ ਮੰਨਣਾ ਹੈ ਕਿ ਫ਼ਿੱਟ ਰਹਿਣ ਲਈ ਜੀਵਨ ਪ੍ਰਤੀ ਸਿਹਤਮੰਦ ਦ੍ਰਿਸ਼ਟੀਕੋਣ ਰੱਖਣਾ ਬਹੁਤ ਮਹੱਤਵਪੂਰਨ ਹੈ। ਸਾਕਾਰਾਤਮਕ ਸੋਚ, ਸੰਤੁਲਿਤ ਖਾਣਾ ਅਤੇ ਠੀਕ ਕਸਰਤ ਨਾਲ ਮੈਨੂੰ ਫ਼ਿੱਟ ਰਹਿਣ ਵਿੱਚ ਮਦਦ ਮਿਲਦੀ ਹੈ ਅਤੇ ਇਹੀ ਮੇਰਾ ਫ਼ਿਟਨੈੱਸ ਮੰਤਰ ਵੀ ਹੈ। ਮੇਰੇ ਹਿਸਾਬ ਨਾਲ ਫ਼ਿਟਨੈੱਸ ਦਾ ਮਤਲਬ ਕਠੋਰ ਮਾਪਦੰਡਾਂ ਦਾ ਪਾਲਣ ਕਰਨਾ ਨਹੀਂ ਸਗੋਂ ਸੰਤੁਲਨ ਫ਼ਿਟਨੈੱਸ ਦੀ ਕੂੰਜੀ ਹੈ, ਅਤੇ ਸਾਧਾਰਨ ਭਾਰਤੀ ਖਾਣਾ ਲੰਬੇ ਸਮੇਂ ਤਕ ਤੁਹਾਨੂੰ ਫ਼ਿੱਟ ਰੱਖਣ ਦਾ ਇੱਕ ਰਸਤਾ ਹੈ।
ਸਵਾਲ: ਤੁਸੀਂ ਆਮਤੌਰ ‘ਤੇ ਕਿਸ ਤਰ੍ਹਾਂ ਦੇ ਫ਼ਿੱਟਨੈੱਸ ਰੁਟੀਨ ਦਾ ਪਾਲਣ ਕਰਦੇ ਹੋ?
ਜਵਾਬ: ਮੈਂ ਆਪਣੀ ਫ਼ਿੱਟਨੈੱਸ ਨੂੰ ਲੈ ਕੇ ਕਾਫ਼ੀ ਜਾਗਰੂਕ ਰਹਿੰਦੀ ਹਾਂ। ਮੈਂ ਰੋਜ਼ਾਨਾ ਦੋ ਘੰਟੇ ਦਾ ਸਮਾਂ ਆਪਣੀ ਕਸਰਤ ਲਈ ਰੱਖਦੀ ਹਾਂ। ਯੋਗ ਅਤੇ ਕਾਰਡੀਓ ਮੇਰੀ ਰੋਜ਼ਾਨਾ ਕੀਤੀ ਜਾਣ ਵਾਲੀ ਕਸਰਤ ਦਾ ਹਿੱਸਾ ਹੈ। ਮੈਂ ਇੱਕ ਦਿਨ ਵਿੱਚ 500 ਕਪਾਲਭਾਤੀ ਕਰਦੀ ਹਾਂ।
ਸਵਾਲ: ਤੁਹਾਨੂੰ ਕਿਹੜੀ ਕਸਰਤ ਕਰਨੀ ਸਭ ਤੋਂ ਚੰਗੀ ਲਗਦੀ ਹੈ?
ਜਵਾਬ: ਯੋਗ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ, ਅਤੇ ਮੈਂ ਨਿੱਤ ਯੋਗ ਕਰਦੀ ਹਾਂ। ਯੋਗ ਹੀ ਮੇਰਾ ਸਭ ਤੋਂ ਪਸੰਦੀਦਾ ਫ਼ਿਟਨੈੱਸ ਪ੍ਰੋਗਰਾਮ ਵੀ ਹੈ। ਮੈਂ 50 ਵਾਰ ਸੂਰਜ ਨਮਸਕਾਰ ਕਰਦੀ ਹਾਂ।
ਸਵਾਲ: ਤੁਸੀਂ ਆਪਣੇ ਪ੍ਰਸ਼ੰਸਕਾਂ ਨੂੰ ਕੀ ਫ਼ਿਟਨੈੱਸ ਗੁਰ ਦੇਣਾ ਚਾਹੋਗੇ?
ਜਵਾਬ: ਬਸ ਇਹੀ ਕਿ ਆਪਣੇ ਰੋਜ਼ਾਨਾ ਰੁਟੀਨ ਵਿੱਚ ਜ਼ਿਆਦਾ ਮਾਤਰਾ ਵਿੱਚ ਪਾਣੀ ਨੂੰ ਸ਼ਾਮਿਲ ਕਰੋ। ਨਿਯਮਤ ਭੋਜਨ ਦਾ ਸੇਵਨ ਰੋਜ਼ਾਨਾ ਕੀਤੀਆਂ ਜਾਣ ਵਾਲੀਆਂ ਸ਼ਰੀਰਿਕ ਗਤੀਵਿਧੀਆਂ ਦੇ ਆਧਾਰ ਉੱਤੇ ਹੋਣਾ ਚਾਹੀਦਾ ਹੈ। ਇੱਕ ਸੰਤੁਲਿਤ ਭੋਜਨ ਦੀ ਯੋਜਨਾ ਅਪਣਾਓ। ਭਾਰ ਘੱਟ ਕਰਨ ਵਾਲੀ ਕਸਰਤ, ਅਤੇ ਸ਼ਰੀਰ ਨੂੰ ਲਚਕੀਲਾ ਬਣਾਉਣ ਅਤੇ ਮਜ਼ਬੂਤ ਕਰਨ ਦਾ ਇੱਕ ਮਹਾਨ ਰੂਪ ਹੈ ਯੋਗ, ਇਸ ਲਈ ਆਪਣੇ ਰੋਜ਼ਾਨਾ ਫ਼ਿਟਨੈੱਸ ਪ੍ਰੋਗਾਮ ਵਿੱਚ ਯੋਗ ਨੂੰ ਸ਼ਾਮਲ ਕਰੋ।