ਜਿਉਂ ਹੀ ਠੇਕੇਦਾਰਾਂ ਦਾ ਤਾਰਾ ਮੰਡੀਉਂ ਆਉਂਦਾ ਬੱਸੋਂ ਉੱਤਰ ਕੇ ਸੱਥ ਕੋਲ ਦੀ ਲੰਘਣ ਲੱਗਾ ਤਾਂ ਬਾਬੇ ਕ੍ਰਿਪਾਲ ਸਿਉਂ ਨੇ ਬਜ਼ੁਰਗ ਅਵਸਥਾ ‘ਚੋਂ ਤਾਰੇ ਨੂੰ ਆਵਾਜ਼ ਮਾਰੀ, ”ਤਾਰ! ਬੱਚੂ ਗੱਲ ਸੁਣ ਕੇ ਜਾਈਂ ਪੁੱਤ ਓਏ।”
ਬਾਬੇ ਦੀ ਮੱਧਮ ਜਿਹੀ ਆਵਾਜ਼ ਸੁਣ ਕੇ ਤਾਰਾ ਸੱਥ ਵੱਲ ਨੂੰ ਇਉਂ ਕੂਹਣੀ ਮੋੜ ਮੁੜਿਆ ਜਿਵੇਂ ਇੱਕ ਪਾਸੇ ਦਾ ਬਰੇਕ ਬੰਨ੍ਹ ਕੇ ਮੈਸੀ ਟਰੈਕਟਰ ਨੂੰ ਥਾਂ ‘ਤੇ ਹੀ ਮੋੜ ਦਿੱਤਾ ਹੋਵੇ। ਭਾਵੇਂ ਬਾਬੇ ਕ੍ਰਿਪਾਲ ਸਿਉਂ ਨੂੰ ਕੱਲ੍ਹ ਪਿੰਡ ਵਿੱਚ ਆਈ ਜੰਨ੍ਹ ਨੂੰ ਕੁੱਟਣ ਦੀ ਖ਼ਬਰ ਬਾਰੇ ਪੂਰਾ ਪਤਾ ਸੀ, ਪਰ ਫਿਰ ਵੀ ਉਹ ਤਾਰੇ ਤੋਂ ਵੀ ਇਸ ਬਾਰੇ ਮਸਾਲੇਦਾਰ ਗੱਲਾਂ ਸੁਣਨੀਆਂ ਚਾਹੁੰਦਾ ਸੀ ਕਿਉਂਕਿ ਤਾਰਾ ਜਾਨ੍ਹੀਆਂ ਨੂੰ ਕੁੱਟਣ ਵਾਲਿਆਂ ‘ਚੋਂ ਸਭ ਤੋਂ ਮੋਹਰੀ ਸੀ ਜਿਸ ਕਰ ਕੇ ਸਾਰੇ ਪਿੰਡ ਵਿੱਚ ਤਾਰੇ ਦੀ ਹੀ ਚਰਚਾ ਸੀ। ਸੱਥ ਵਿੱਚ ਸੁਬ੍ਹਾ ਤੋਂ ਹੀ ਜੰਨ੍ਹ ‘ਤੇ ਹੋਈ ਛਿੱਤਰੌਲ ਅਤੇ ਤਾਰੇ ਦੀ ਬਹਾਦਰੀ ਦੀਆਂ ਹੀ ਗੱਲਾਂ ਹੋ ਰਹੀਆਂ ਸਨ। ਲੋਕ, ਤਰ੍ਹਾਂ ਤਰ੍ਹਾਂ ਦੇ ਮਸਾਲੇ ਲਾ ਲਾ ਕੇ ਗੱਲਾਂ ਦੇ ਗਲੇਲੇ ਵੱਟੀ ਜਾ ਰਹੇ ਸਨ। ਤਾਰਾ ਘਰ ਦਾ ਸੌਦਾ ਪੱਤਾ ਲੈਣ ਲਈ ਸੁਬ੍ਹਾ ਸੱਤ ਵਾਲੀ ਬੱਸ ‘ਤੇ ਚੜ੍ਹ ਕੇ ਮੰਡੀ ਚਲਾ ਗਿਆ ਸੀ ਜਿਸ ਕਰ ਕੇ ਉਹ ਅੱਜ ਸੱਥ ਵਿੱਚ ਆਇਆ ਨ੍ਹੀ ਸੀ। ਲੋਕ ਉਸ ਦੇ ਹੀ ਮੂੰਹੋਂ ਕੱਲ੍ਹ ਦੇ ਕੁਟਾਪੇ ਬਾਰੇ ਪੂਰੀ ਤਰਾਂ ਜਾਨਣਾ ਚਾਹੁੰਦੇ ਸਨ। ਹੱਥ ਵਿੱਚ ਫ਼ੜੇ ਦੋ ਵੱਡੇ ਵੱਡੇ ਮੋਟੇ ਖੱਦਰ ਦੇ ਝੋਲੇ, ਸੱਥ ਵਾਲੇ ਥੜ੍ਹੇ ਅਤੇ ਰੱਖ ਕੇ ਤਾਰਾ, ਬਾਬੇ ਕ੍ਰਿਪਾਲ ਸਿਉਂ ਪੁੱਛਦਾ, ”ਹਾਂ ਬਾਬਾ ਜੀ।”
ਬਾਬੇ ਨੇ ਤਾਰੇ ਤੋਂ ਜੰਨ ਤੇ ਚਾੜ੍ਹੇ ਕੁਟਾਪੇ ਦੀ ਹੀਰ ਸੁਣਨ ਲਈ ਗੋਲ ਟਿੱਚਰ ਕਰ ਕੇ ਪੁੱਛਿਆ, ”ਕੱਲ੍ਹ ਫ਼ਿਰ ਛਕਾਅ ‘ਤਾ ਬਗਰੋਟਾ ਜਾਨੀਆਂ ਨੂੰ?”
ਤਾਰੇ ਨੇ ਵੀ ਮੁਸ਼ਕਣੀਆਂ ਹੱਸ ਕੇ ਬਾਬੇ ਨੂੰ ਮਖੌਲ ‘ਚ ਹੀ ਜਵਾਬ ਦਿੱਤਾ, ”ਬਗਰੋਟਾ ਛੱਡ ਇੱਕ ਝੋਟਾ ਵੀ ਦੇ ‘ਤਾ ਬਾਬਾ।”
ਬਾਬੇ ਨੇ ਝੋਟੇ ਦਾ ਨਾਂ ਸੁਣ ਕੇ ਹੈਰਾਨੀ ਨਾਲ ਪੁੱਛਿਆ, ”ਝੋਟਾ ਕੀ?”
ਕੋਲ ਬੈਠਾ ਨਾਥਾ ਅਮਲੀ ਤਾਰੇ ਦੇ ਬੋਲਣ ਤੋਂ ਪਹਿਲਾਂ ਹੀ ਬੋਲ ਪਿਆ, ”ਜਿਹੜਾ ਝੋਟਾ ਪਿੰਡ ਨੇ ਛੱਡਿਐ, ਉਹ ਵੀ ਕਿਤੇ ਓੱਥੇ ਹੀ ਫ਼ਿਰਦਾ ਸੀ। ਇਨ੍ਹਾਂ ਨੇ ਦੋ ਜਾਨ੍ਹੀਆਂ ਦੀ ਚੰਗੀ ਮੁਰੰਮਤ ਕਰ ਕੇ ਝੋਟੇ ਦੇ ਉੱਤੇ ਬਿਠਾ ਕੇ ਫ਼ੋਟੋ ਖਿੱਚ ਲੀ।”
ਮਾਹਲੇ ਨੰਬਰਦਾਰ ਨੇ ਪੁੱਛਿਆ, ”ਕਿਉਂ! ਫ਼ੋਟੋ ਕੀ ‘ਖ਼ਬਾਰ ‘ਚ ਦੇਣੀ ਸੀ?”
ਬਾਬੇ ਨੇ ਅਮਲੀ ਦੀ ਗੱਲ ਸੁਣ ਕੇ ਸ਼ਾਬਾਸ਼ ਦਿੰਦਿਆਂ ਕਿਹਾ, ”ਵਾਹ ਓਏ ਸ਼ੇਰੋ! ਏਹੋ ਜੇ ਜਾਨੀਆਂ ਨਾਲ ਤਾਂ ਇਉਂ ਈ ਹੋਣੀ ਚਾਹੀਦੀ ਸੀ।”
ਬਾਬੇ ਨੇ ਤਾਰੇ ਵੱਲ ਮੁਹਾਰ ਮੋੜਦਿਆਂ ਪੁੱਛਿਆ, ”ਤੂੰ ਤਾਂ ਤਾਰ ਵਿਆਹ ਦੇ ਵਿੱਚ ਸੀ ਪੁੱਤਰਾ, ਅਸਲ ‘ਚ ਗੱਲ ਕੀ ਹੋਈ ਐ, ਬਹਿ ਜਾ ਬਹਿ ਕੇ ਸੁਣਾ ਸਾਰੀ ਹੀਰ?”
ਤਾਰੇ ਦੀ ਬਾਬੇ ਦੇ ਮੂਹਰੇ ਬੈਠਣ ਦੀ ਦੇਰ ਹੀ ਸੀ, ਸੱਥ ਵਿੱਚ ਬੈਠੇ ਸਾਰਿਆਂ ਨੇ ਤਾਰੇ ਦੁਆਲੇ ਇਉਂ ਝੁੰਮਟ ਮਾਰ ਲਿਆ ਜਿਵੇਂ ਸਵਾਰੀਆਂ ਨੇ ਬਕਾਇਆ ਲੈਣ ਲਈ ਕਡੰਕਟਰ ਘੇਰਿਆ ਹੋਵੇ। ਤਾਰੇ ਨੇ ਬੈਠਦਿਆਂ ਹੀ ਕਰ ‘ਤੀ ਕਵੀਸ਼ਰੀ ਸ਼ੁਰੂ ਫ਼ਿਰ।
ਬਾਬੇ ਦੇ ਗੋਡੇ ‘ਤੇ ਹੱਥ ਮਾਰ ਕੇ ਕਹਿੰਦਾ, ”ਅਸਲ ‘ਚ ਤਾਂ ਗੱਲ ਏਥੋਂ ਚੱਲੀ ਐ ਬਈ ਜਦੋਂ ਰਿਸ਼ਤੇ ਦੀ ਗੱਲ ਹੋਈ ਸੀ, ਤਾਏ ‘ਕਬਾਲ ਸਿਉਂ ਨੇ ਮੁੰਡੇ ਆਲਿਆਂ ਨੂੰ ਓਦੋਂ ਹੀ ਪੁੱਛ ਲਿਆ ਸੀ ਕਿ ਸੋਡੀ ਮੰਗ ਕੀ ਐ। ਮੁੰਡੇ ਆਲਿਆਂ ਨੇ ਜੋ ਵੀ ਉਨ੍ਹਾਂ ਦੀ ਮੰਗ ਸੀ ਦੱਸ ‘ਤੀ। ਤਾਏ ‘ਕਬਾਲ ਸਿਉਂ ਨੇ ਹਾਂ ਕਰ ਕੇ ਆਪਣੀ ਵੀ ਇੱਕ ਮੰਗ ਦੱਸ ‘ਤੀ ਕਿ ਮੀਟ-ਸ਼ਰਾਬ ਬਾਰੇ ਸਰਦਾਰ ਜੀ ਮੇਰੀ ਬੇਨਤੀ ਕਬੂਲਿਓ, ਇਹ ਨ੍ਹੀ ਮੈਂ ਦੇ ਸਕਦਾ ਕਿਉਂਕਿ ਕਈ ਪੀੜ੍ਹੀਆਂ ਤੋਂ ਸਾਡੇ ਘਰ ਵਿੱਚ ਇਸ ਦੀ ਵਰਤੋਂ ਨ੍ਹੀ ਹੈਗੀ। ਸਾਨੂੰ ਪਿੰਡ ‘ਚ ਸੋਫ਼ੀਆਂ ਦਾ ਲਾਣਾ ਕਹਿੰਦੇ ਐ। ਚਲੋ, ਖ਼ੈਰ। ਰਿਸ਼ਤਾ ਸਿਰੇ ਚੜ੍ਹ ਗਿਆ। ਮੁੰਡੇ ਆਲਿਆਂ ਨੇ ਮੀਟ-ਸ਼ਰਾਬ ਨਾ ਲੈਣ ਦੀ ਗੱਲ ਮੰਨ ਕੇ ਕਹਿੰਦੇ ਸ਼ਰਾਬ ਅਸੀਂ ਆਵਦੀ ਲੈ ਆਮਾਂਗੇ। ਸ਼ਰਾਬ ਆਵਦੀ ਲਿਆਏ, ਪਰ ਮੀਟ ਆਂਡੇ ਦੀ ਵਰਤੋਂ ਨਾ ਹੋਣ ਦਿੱਤੀ। ਜਦੋਂ ਪਰਸੋਂ ਜੰਨ੍ਹ ਰੋਟੀ ਖਾਣ ਲੱਗੀ ਤਾਂ ਮੁੰਡੇ ਦਾ ਇੱਕ ਫ਼ੁੱਫ਼ੜ ਫ਼ੌਜੀ ਲਟੈਰ ਹੋ ਕੇ ਆਇਆ ਵਿਆ ਸੀ, ਸ਼ਰਾਬ ਦੇ ਲਾ ਕੇ ਦੋ ਲੰਡੂ ਜੇ ਪੈੱਗ, ਪਿਸਤੋ ਬੋਲੀਓ ਈ ਬੋਲੇ। ਹਮਕੋ ਤੁਮਕੋ ਜਾ ਕਰ ਕੇ ਕਹਿੰਦਾ ‘ਹਮ ਤੋ ਮੀਟ ਸੇ ਖਾਣਾ ਖਾਏਂਗੇ, ਬੱਕਰੇ ਕਾ ਤਾਜ਼ਾ ਮੀਟ ਲੇ ਕਰ ਦੋਹ, ਨਹੀਂ ਤੋ ਲੱਟਕੀ ਕੋ ਨ੍ਹੀਂ ਲੇ ਕਰ ਜਾਏਂਗੇ’।”
ਤਾਸ਼ ਖੇਡੀ ਜਾਂਦਾ ਭਜਨੇ ਕਾ ਗੇਬੂ ਕਹਿੰਦਾ, ”ਕੱਲੇ ਫ਼ੌਜੀ ਦੀ ਬੀਨ ਈ ਵਜਾਉਣੀ ਸੀ ਫ਼ਿਰ, ਤੁਸੀਂ ਪਤੰਦਰੋ ਸਾਰੀ ਜੰਨ੍ਹ ਕਿਉਂ ਕੁੱਟ ਧਰੀ।”
ਤਾਰਾ ਕਹਿੰਦਾ, ”ਜਦੋਂ ਫ਼ੌਜੀ ਨੇ ਮੀਟ ਦਾ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਦੂਜੇ ਜਾਨੀਆਂ ਨੇ ਵੀ ਇਉਂ ਕੰਨ ਚੱਕ ਲੇ ਜਿਵੇਂ ਖ਼ਰਬੂਜਾ, ਖ਼ਰਬੂਜੇ ਨੂੰ ਵੇਖ ਕੇ ਰੰਗ ਫ਼ੜ ਜਾਂਦੈ, ਓਵੇਂ ਸਾਰੀ ਜੰਨ੍ਹ ਈ ਫ਼ੌਜੀ ਦੀ ਬੋਲੀ ਬੋਲਣ ਲੱਗ ਪੀ। ਮੁੰਡੇ ਦੇ ਪਿਓ ਨੂੰ ਬਥੇਰਾ ਸਮਝਾਇਆ ਬਈ ਸਰਦਾਰ ਜੀ ਇਹ ਗੱਲ ਚੰਗੀ ਨ੍ਹੀ ਕਿ ਤੁਸੀਂ ਖੜ੍ਹੇ ਪੈਰ ਬਿਨ ਕਾਰਮੀ ਗੱਲ ਦੀ ਜ਼ਿੱਦ ਕੀਤੀ ਜਾਮੋਂ। ਸਾਰੇ ਕਾਰ ਵਿਹਾਰ ਹੋਣ ਪਿੱਛੋਂ ਰੋਟੀ ਦੇ ਵੇਲੇ ਰੌਲਾ ਪਾਉਣਾ ਸਿਆਣਪ ਆਲੀ ਗੱਲ ਨ੍ਹੀ। ਤੁਸੀਂ ਤਾਂ ਸਗੋਂ ਆਪ ਸਿਆਣੇ ਐਂ, ਤੁਸੀਂ ਇੰਨ੍ਹਾਂ ਨੂੰ ਸਮਝਾਓ। ਅਸੀਂ ਤਾਂ ਬਾਬਾ ਅਜੇ ਇਹ ਗੱਲ ਸੋਚਦੇ ਸੀ ਬਈ ਚਲੋ ਮੁੰਡੇ ਦੇ ਫੁੱਫੜ ਨੂੰ ਤਾਏ ‘ਕਬਾਲ ਸਿਉਂ ਤੋਂ ਚੋਰੀ ਛਿੱਪੇ ਥੋੜਾ ਘਣਾ ਮੀਟ ਲਿਆ ਕੇ ਸਿੱਧੂਆਂ ਦੀ ਬੈਠਕ ‘ਚ ਬਿਠਾ ਕੇ ਓਹਦੀ ਜ਼ਿਦ ਪੂਰੀ ਕਰ ਦਿੰਨੇ ਆਂ, ਪਰ ਮੁੰਡੇ ਦਾ ਪਿਓ ਤਾਂ ਆਪ ਫ਼ੌਜੀ ਦੀ ਪੈੜ ‘ਤੇ ਪੈੜ ਧਰ ਕੇ ਬਹਿ ਗਿਆ। ਤਾਏ ਸੰਤੇ ਅਰਗਿਆਂ ਨੇ ਬਥੇਰਾ ਕਿਹਾ ਕਿ ਸਰਦਾਰ ਜੀ ਬਿਨਾਂ ਗੱਲੋਂ ਕਿਸੇ ਰਿਸ਼ਤੇਦਾਰ ਨੂੰ ਤੰਗ ਕਰਨਾ ਗੱਲ ਸੋਭਦੀ ਨ੍ਹੀ। ਆਪਾਂ ਸਾਰੇ ਈ ਧੀਆਂ ਭੈਣਾਂ ਆਲੇ ਆਂ, ਤੁਸੀਂ ਸਗੋਂ ਇੰਨ੍ਹਾਂ ਨੂੰ ਰੋਕੋ।”
ਏਨੀ ਗੱਲ ਸੁਣ ਕੇ ਬਾਬੇ ਕ੍ਰਿਪਾਲ ਸਿਉਂ ਦੇ ਨਾਲ ਬੈਠੇ ਨਾਥੇ ਅਮਲੀ ਨੇ ਵੀ ਆਵਦਾ ਟੱਟੂ ਭਜਾ ‘ਤਾ, ”ਬਿਗੜਿਆ ਜੱਟ ਤੇ ਅੜੀ ਘੋੜੀ ਛਿੱਤਰ ਪਤਾਨ ਬਿਨ੍ਹਾਂ ਨ੍ਹੀ ਲੋਟ ਆਉਂਦੇ।”
ਬਾਬੇ ਨੇ ਅਮਲੀ ਨੂੰ ਟੋਕਦਿਆਂ ਕਿਹਾ, ”ਅਮਲੀਆ ਪਹਿਲਾਂ ਗੱਲ ਸੁਣ ਲੈ ਓਏ, ਫ਼ੇਰ ਕਰ ਲੀਂ ਤੂੰ ਆਵਦੀ ਵਕਾਲਤ ਕਰਨੀ ਹੋਈ।”
ਤਾਰੇ ਨੇ ਗੱਲ ਅੱਗੇ ਤੋਰਦਿਆਂ ਦੱਸਿਆ, ”ਇਹ ਕਹਾਣੀ ਤਾਂ ਬਾਬਾ ਉਦੋਂ ਬਿਗੜੀ ਜਦੋਂ ਸਾਰੀ ਜੰਨ ਈ ਮੀਟ ਮੀਟ ਕਰਨ ਲੱਗਪੀ ਤੇ ਮੇਚਾਂ ਤੋਂ ਪਲੇਟਾਂ ਸਿੱਟਣ ਲੱਗ ਪੇ। ਫ਼ੇਰ ਤਾਂ ਬਾਬਾ ਸਦੀਕ ਦੇ ਗਾਣੇ ਆਲੀ ਹੋਈ।”
ਬਾਬਾ ਕਹਿੰਦਾ, ”ਉਹ ਕਿਮੇਂ ਮੱਲਾ?”
ਅਮਲੀ ਕਹਿੰਦਾ, ”ਲਾ ਲਾ ਹੋ ਗੀ ਖਾੜਾ ਗਿਆ ਹੱਲ ਸੀ। ਤਾਏ ਇੱਕਬਾਲ ਅਰਗੇ ਤਾਂ ਅਜੇ ਮਿੰਨਤਾਂ ਈ ਕਰਦੇ ਰਹਿਗੇ, ਪਿੰਡ ਆਲਿਆਂ ਨੇ ਚਾੜ੍ਹਤਾ ਬੋਤਾ ਰੇਲ ‘ਤੇ। ਚੜ੍ਹਤੇ ਕੇ ਗੋਰੇ ਨੇ ਮੁੰਡੇ ਦੇ ਪਿਓ ਨੂੰ ਈ ਢਾਹ ਲਿਆ ਲੰਡੇ ਬੋਕ ਆਂਗੂੰ। ਹੀਰੇ ਕੇ ਚਰਨੇ ਨੇ ਜਿਉਂ ਚੱਕਿਆ ਲਾੜਾ, ਬਾਬੂ ਕੱਬੇ ਕੀਆਂ ਛਿੱਟੀਆਂ ਦੇ ਕੁੰਨੂੰ ‘ਚ ਲਿਜਾ ਕੇ ਮੱਕੀ ਦੀਆਂ ਛੱਲੀਆਂ ਆਂਗੂੰ ਜਾ ਝੰਬਿਆ। ਬਖਤੂ ਬੁੜ੍ਹੇ ਨੇ ਸਰਬਾਲ੍ਹੇ ਦੇ ਤਿੰਨ ਚਾਰ ਮਾਰ ਕੇ ਚਪੇੜਾਂ ਉਹਦੀ ਪੈਸਿਆਂ ਆਲੀ ਚੁੰਨੀ ਜੀ ਖੋਹ ਕੇ ਕਹਿੰਦਾ ‘ਭੱਜ ਜਾ ਓਏ, ਸਾਲ਼ਾ ਵੱਡਾ ਆਇਆ ਨਾਢੂ ਖਾਂ ਏਹੇ’।”
ਅਮਲੀ ਦੀ ਗੱਲ ਸੁਣ ਕੇ ਹਾਕਮ ਕਾ ਛਿੰਦਾ ਫ਼ੌਜੀ ਕਹਿੰਦਾ, ”ਸਾਰੇ ਸਿਆਪੇ ਦੀ ਨੈਣ ਫ਼ੌਜੀ ਕਿਵੇਂ ਬਚ ਗਿਆ ਮੁੰਡੇ ਦਾ ਫ਼ੁੱਫ਼ੜ?”
ਨਾਥਾ ਅਮਲੀ ਛਿੰਦੇ ਫ਼ੌਜੀ ਦੀ ਗੱਲ ਸੁਣ ਕੇ ਤਾਰੇ ਨੂੰ ਕਹਿੰਦਾ, ”ਦੱਸਦੇ ਤਾਰਿਆ ਏਹਨੂੰ ਫ਼ੌਜੀ ਫ਼ੁੱਫ਼ੜ ਦੀ ਗੱਲ ਵੀ, ਇਹਦਾ ਗੁਰ ਭਾਈ ਸੀ ਉਹੋ।”
ਤਾਰਾ ਗੱਲ ਕਰਦਾ ਕਰਦਾ ਹੱਸ ਕੇ ਕਹਿੰਦਾ, ”ਉਹ ਕਿਮੇਂ ਬਚ ਜਾਂਦਾ ਪੁਆੜੇ ਦੀ ਜੜ। ਓਹਦੇ ਨਾਲ ਤਾਂ ਸਭ ਤੋਂ ਵੱਧ ਭੈੜੀ ਹੋਈ ਐ।”
ਬਾਬਾ ਕਹਿੰਦਾ, ”ਉਹ ਕਿਵੇਂ ਬਈ?”
ਤਾਰਾ ਕਹਿੰਦਾ, ”ਜਦੋਂ ਮੈਂ ਵੇਖਿਆ ਬਈ ਇਹ ਤਾਂ ਚਾਰ ਛਪੇਰੇ ਈ ਦੈਂਗੜ ਦੈਂਗੜ ਹੋ ਗੀ, ਓਹਨੂੰ ਬਾਬਾ ਫ਼ਿਰ ਮੈਂ ਪੈ ਨਿੱਕਲਿਆ। ਫ਼ੌਜੀ ਨੂੰ ਸਬਜ਼ੀ ਤੇ ਬੂੰਦੀ ਨਾਲ ਲਬੇੜ ਕੇ ਲੱਛੂ ਕੇ ਵਾੜੇ ‘ਚ ਲੈ ਗਿਆ ਮੈ ਚੱਕ ਕੇ। ਸਾਲੇ ਦੇ ਜਿਹੜੇ ਦੋ ਪੈਗ ਪੀਤੇ ਸੀ ਝੱਟ ਲਹਿ ਗੇ, ਸਾਲਾ ਵੱਡਾ ਜਾਨੀ ਮਿੰਨਤਾਂ ਈ ਕਰੀ ਜਾਵੇ। ‘ਨਾ ਓਏ ਭਰਾਵਾ ਨਾ ਕੁੱਟ, ਆਪਣੀ ਕਿਹੜਾ ਕੋਈ ਦੁਸ਼ਮਨੀ ਐ, ਜੇ ਕੁੱਟਣਾਂ ਈ ਐ ਤਾਂ ਹੋਰ ਬਥੇਰੇ ਫ਼ਿਰਦੇ ਐ ਜਾਨ੍ਹੀ ਉਨ੍ਹਾਂ ਨੂੰ ਕੁੱਟ ਲੋ, ਛੱਡ ਦੇ ਬਾਪੂ ਛੱਡ ਦੇ, ਹੁਣ ਨ੍ਹੀ ਮੰਗਦਾ ਮੀਟ, ਤੈਨੂੰ ਖੁਆ ਦੂੰ ਪਰ ਤੇਰੇ ਤੋਂ ਨ੍ਹੀ ਮੰਗਦਾ।”
ਬੱਸ ਫ਼ੇਰ ਬਾਬਾ ਜਦੋਂ ਇਹ ‘ਖਾੜਾ ਮਘ ਗਿਆ, ਕਿਸੇ ਨੇ ਗੁਰਦੁਆਰੇ ਸਪੀਕਰ ‘ਚ ਬੋਲ ‘ਤਾ ਕਿ ‘ਭਾਈ ਸਾਰੇ ਪਿੰਡ ਆਲੇ ‘ਕਬਾਲ ਢਿੱਲੋਂ ਕੇ ਘਰੇ ਜਲਦੀ ਤੋਂ ਜਲਦੀ ਪਹੁੰਚੋ, ਉਨ੍ਹਾਂ ਦੀ ਕੁੜੀ ਦੇ ਵਿਆਹ ‘ਚ ਕੋਈ ਲੜਾਈ ਹੋ ਗੀ ਐ@। ਸਪੀਕਰ ‘ਚੋਂ ਹੋਕਾ ਸੁਣਨ ਦੀ ਦੇਰ ਹੀ ਸੀ, ਸਾਰਾ ਪਿੰਡ ਇੱਲ੍ਹਾਂ ਆਂਗੂੰ ਆ ਉੱਤਰਿਆ। ਤਿੰਨ ਤਿੰਨ-ਚਾਰ ਚਾਰ ਪਿੰਡ ਆਲਿਆਂ ਨੂੰ ਇੱਕ ਇੱਕ ਜਾਨ੍ਹੀ ਆਇਆ। ਕਈ ਤਾਂ ਰੋਟੀ ਖਾਣ ਤੋਂ ਪਹਿਲਾਂ ਹੀ ਭਮੀਰੀ ਬਣ ਗੇ। ਜਿਹੜੇ ਵਿਚਾਰੇ ਫ਼ਸਗੇ ਫ਼ਿਰ ਉਨ੍ਹਾਂ ਨਾਲ ਹੋਇਆ ਪਿੰਡ ਆਲਿਆਂ ਦਾ ਮੈਚ। ਰਗੜ ਬਾਲੇ ਕੱਢ ‘ਤੇ ਬਾਬਾ ਜੰਨ ਦੇ ਕੁੱਟ ਕੁੱਟ ਕੇ। ਕੋਈ ਕਿੱਧਰ ਦੀ ਬਚ ਕੇ ਭੱਜ ਗਿਆ ਕੋਈ ਕਿੱਧਰ ਦੀ।”
ਅਮਲੀ ਤੋਂ ਬੋਲੇ ਬਿਨਾਂ ਫ਼ੇਰ ਨਾ ਰਿਹਾ ਗਿਆ। ਹੱਥ ‘ਤੇ ਹੱਥ ਮਾਰ ਕੇ ਕਹਿੰਦਾ, ”ਉੱਥੇ ਤਾਂ ਮਾਮਾਂ ਦੇ ਪੁੱਤਾਂ ਨੂੰ ਨ੍ਹੀ ਸਿਆਣਿਆਂ ਹੋਣਾ।”
ਤਾਰਾ ਕਹਿੰਦਾ, ”ਪੁੱਤਾਂ ਨੂੰ ਕੀ? ਉੱਥੇ ਤਾਂ ਜਾਨੀਆਂ ਨੂੰ ਆਵਦੀ ਸਿਆਣ ਨ੍ਹੀ ਆਈ, ਕੁੱਟ ਕੁੱਟ ਕੇ ਬਣਾ ‘ਤੇ ਤੂੰਬੇ। ਜੀਹਨੂੰ ਜਿੱਧਰ ਵੀ ਕਿਤੇ ਰਾਹ ਮਿਲਿਆ ਓਧਰ ਦੀ ਈ ਉਹ ਭੱਜ ਨਿਕਲਿਆ। ਜਿਹੜੇ ਫ਼ੜੇ ਗਏ ਉਨ੍ਹਾਂ ਦੀਆਂ ਕੱਢ ‘ਤੀਆਂ ਫ਼ਿਰ ਚਰੜ ਭੂੰਡੀਆਂ, ਸਭ ਦੇ ਬੁਘਦੂ ਬਲਾ ‘ਤੇ। ਬੱਸ ਫ਼ੇਰ ਜਾਨੀਆਂ ਨੇ ਕੁੱਟ ਖਾ ਕੇ ਮਿੰਨਤਾਂ ਕਰ ਕਰ ਖਹਿੜਾ ਛੁਡਵਾਇਆ।”
ਬਾਬਾ ਕਹਿੰਦਾ, ਲੱਟਕੀ ਦਾ ਭਾਈ ਕੀ ਬਣਿਆਂ ਫ਼ਿਰ? ਤੋਰ ‘ਤੀ ਸੀ ਕੁ ਗੱਲ ਰੌਲੇ ‘ਚ ਈ ਰਹਿਗੀ?”
ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਕੀ ਗੱਲਾਂ ਕਰਦੈਂ ਬਾਬਾ ਤੂੰ। ਕੁੜੀ ਤੋਰ ਕੇ ਕੁੱਟ ਖਾਣੀ ਸੀ ਉੱਥੇ ਜਾ ਇਨ੍ਹਾਂ ਨੇ।” ਤਾਰਾ ਕਹਿੰਦਾ, ”ਲੜਕੀ ਤਾਂ ਉਨ੍ਹਾਂ ਨੇ ਕੀ ਲਿਜਾਣੀ ਸੀ, ਉਹ ਤਾਂ ਆਵਦੀਆਂ ਪੱਗਾਂ ਵੀ ਏਥੇ ਹੀ ਛੱਡਗੇ।”
ਏਨੇ ਚਿਰ ‘ਚ ਗੱਲਾਂ ਕਰਦਿਆਂ ਤੋਂ ਖੇਤ ਨੂੰ ਜਾਂਦਾ ਜਾਂਦਾ ਕੇਵਲ ਮਾਸਟਰ ਸੱਥ ਵਿੱਚ ਬੈਠੇ ਤਾਰੇ ਦੇ ਕੰਨ ਵਿੱਚ ਫ਼ੂਕ ਮਾਰ ਗਿਆ, ”ਓ ਤਾਰੇ! ਸੋਡੇ ਘਰੇ ਪੁਲੀਸ ਪੈਗੀ ਓਏ, ਘਰੇ ਨਾ ਜਾਈਂ। ਜਿਹੜੇ ਜਿਹੜੇ ਕੱਲ੍ਹ ‘ਕਬਾਲ ਕੇ ਵਿਆਹ ‘ਚ ਸੀ ਸਭ ਨੂੰ ਪੁਲੀਸ ਭਾਲਦੀ ਫ਼ਿਰਦੀ ਐ ਪਿੰਡ ‘ਚ।”
ਮਾਸਟਰ ਦੀ ਗੱਲ ਸੁਣ ਕੇ ਪੁਲੀਸ ਦੇ ਡਰੋਂ ਸੱਥ ‘ਚ ਬੈਠੇ ਸਾਰੇ ਹੀ ਆਪੋ ਆਪਣੇ ਘਰਾਂ ਨੂੰ ਇਉਂ ਭੱਜ ਨਿਕਲੇ ਜਿਵੇਂ ਉਨ੍ਹਾਂ ਦੇ ਮਗਰ ਵੀ ਕਿਤੇ ਪੁਲੀਸ ਪੈ ਗਈ ਹੋਵੇ।