ਫ਼ਿਲਮ ਇੰਡਸਟਰੀ ‘ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਬਿਪਾਸ਼ਾ ਬਾਸੂ ਇੱਕ ਲੰਬੀ ਬ੍ਰੇਕ ਤੋਂ ਬਾਅਦ ਮੁੜ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ।
ਇਸ ਫ਼ਿਲਮ ਲਈ ਬਿਪਾਸ਼ਾ ਦੇ ਪਤੀ ਕਰਣ ਗਰੋਵਰ ਨਾਲ ਵੀ ਸੰਪਰਕ ਕੀਤਾ ਗਿਆ ਹੈ। ਹਾਲ ਹੀ ‘ਚ ਬਿਪਾਸ਼ਾ ਨੇ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਈ। ਇਸ ਤੋਂ ਬਾਅਦ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਬੇਹੱਦ ਜਲਦ
ਬਿਪਾਸ਼ਾ ਪਰਦੇ ‘ਤੇ ਵਾਪਸੀ ਕਰਨ ਵਾਲੀ ਹੈ। ਬਿਪਾਸ਼ਾ ਇਸ ਫ਼ਿਲਮ ਨਾਲ ਤਿੰਨ ਸਾਲ ਬਾਅਦ ਪਰਦੇ ‘ਤੇ ਵਾਪਸੀ ਕਰੇਗੀ। ਇਸ ਤੋਂ ਪਹਿਲਾਂ ਉਹ ਆਖ਼ਰੀ ਵਾਰ 2015 ‘ਚ ਰਿਲੀਜ਼ ਹੋਈ ਫ਼ਿਲਮ ‘ਅਲੋਨ” ਚ ਨਜ਼ਰ ਆਈ ਸੀ। ਇਹ ਇੱਕ ਹੌਰਰ ਫ਼ਿਲਮ ਸੀ ਜਿਸ ‘ਚ ਉਸ ਦੇ ਪਤੀ ਕਰਣ ਗਰੋਵਰ ਨੇ ਵੀ ਅਹਿਮ ਕਿਰਦਾਰ ਨਿਭਾਇਆ ਸੀ।
ਹੁਣ ਮੁੜ ਇੱਕ ਵਾਰ ਸੰਭਵ ਹੋ ਸਕਦਾ ਹੈ ਕਿ ਇਹ ਜੋੜੀ ਫ਼ਿਰ ਇਕੱਠਿਆਂ ਕਿਸੇ ਫ਼ਿਲਮ ‘ਚ ਨਜ਼ਰ ਆਏ। ‘ਸਲਾਇਸ ਔਫ਼ ਲਾਇਫ਼ ‘ਨਾਂ ਦੀ ਇਸ ਫ਼ਿਲਮ ਨੂੰ ਪੰਜਾਬੀ ਸਿੰਗਰ ‘ਮਿੱਕਾ ਸਿੰਘ ‘ਪ੍ਰੋਡਿਊਸ ਕਰ ਰਹੇ ਹਨ। ਇਸੇ ਫ਼ਿਲਮ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਕਿ ਫ਼ਿਲਮ ਦੀ ਟੀਮ ਅਗਲੇ ਮਹੀਨੇ ਇੰਗਲੈਂਡ ਜਾ ਰਹੀ ਹੈ ਜਿੱਥੇ ਤਕਰੀਬਨ ਇੱਕ ਮਹੀਨਾ ਇਸ ਫ਼ਿਲਮ ਦੀ ਸ਼ੂਟਿੰਗ ਚੱਲੇਗੀ। ਹਾਲਾਂਕਿ ਫ਼ਿਲਮ ‘ਤੇ ਗੱਲਬਾਤ ਜਾਰੀ ਹੈ ਅਤੇ ਫ਼ਿਲਮ ਦੀ ਟੀਮ ‘ਚ ਕੁੱਝ ਮਹੀਨੇ ਤੋਂ ਤਬਦੀਲੀਆਂ ਹੋਈਆਂ ਹਨ, ਪਰ ਹੁਣ ਫ਼ਿਲਮ ਫ਼ਲੋਰ ‘ਤੇ ਜਾਣ ਲਈ ਤਿਆਰ ਹੈ। ਇਸ ਫ਼ਿਲਮ ਲਈ ਕਰਣ ਗ੍ਰੋਵਰ ਨਾਲ ਵੀ ਗੱਲਬਾਤ ਕੀਤੀ ਗਈ ਹੈ ਜੋ ਫ਼ਿਲਹਾਲ ਆਪਣੀ ਫ਼ਿਲਮ ‘3 ਦੇਵ ‘ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਿਹਾ ਹੈ। ਕਰਣ ਅਤੇ ਬਿਪਾਸ਼ਾ ਨੇ ਸਾਲ 2016 ‘ਚ ਵਿਆਹ ਕਰ ਲਿਆ ਸੀ। ਹੁਣ ਮੁੜ ਇੱਕ ਵਾਰ ਦੋਵਾਂ ਦੀ ਜੋੜੀ ਨੂੰ ਇਕੱਠੇ ਕਿਸੇ ਫ਼ਿਲਮ ‘ਚ ਦੇਖਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਾਫ਼ੀ ਦਿਲਚਸਪ ਹੋਵੇਗਾ।