ਜਲਦ ਹੀ ਰਜਨੀਕਾਂਤ ਦੀਆਂ ਫ਼ਿਲਮਾਂ ‘ਕਾਲਾ ‘ਅਤੇ ‘2.0 ‘ਰਿਲੀਜ਼ ਹੋਣ ਵਾਲੀਆਂ ਹਨ। ਕਾਫ਼ੀ ਲੰਬੇ ਸਮੇਂ ਤੋਂ ਰਜਨੀਕਾਂਤ ਦੀਆਂ ਇਹ ਦੋਵੇਂ ਫ਼ਿਲਮਾਂ ਰਿਲੀਜ਼ ਹੋਣ ਤੋਂ ਰੁਕੀਆਂ ਪਈਆਂ ਸਨ। ਸੂਤਰਾਂ ਦੀ ਮੰਨੀਏ ਤਾਂ ਰਜਨੀਕਾਂਤ ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਹੁਣ ਡਾਇਰੈਕਟਰ ਕਾਰਤਿਕ ਸੁਭਰਾਜ ਦੀ ਅਗਲੀ ਫ਼ਿਲਮ ਸ਼ੁਰੂ ਕਰਨ ਦੀ ਤਿਆਰੀ ‘ਚ ਲੱਗੇ ਹੋਏ ਹਨ। ਕਾਰਤਿਕ ਦੀ ਇਸ ਫ਼ਿਲਮ ‘ਚ ਰਜਨੀਕਾਂਤ ਤੋਂ ਇਲਾਵਾ ਵਿਜੈ ਸਤਪਥੀ ਵੀ ਨਜ਼ਰ ਆਉਣਗੇ ਜੋ ਖਖਲਨਾਇਕ ਦਾ ਕਿਰਦਾਰ ਨਿਭਾਉਣਗੇ। ਜਾਣਕਾਰੀ ਮੁਤਾਬਿਕ ਰਜਨੀਕਾਂਤ ਨੂੰ ਇਸ ਫ਼ਿਲਮ ਲਈ 65 ਕਰੋੜ ਰੁਪਏ ਦੀ ਵੱਡੀ ਰਕਮ ਦਿੱਤੀ ਜਾਵੇਗੀ। ਰਜਨੀਕਾਂਤ ਇਸ ਫ਼ਿਲਮ ਦੀ ਸ਼ੂਟਿੰਗ ਕੇਵਲ 40 ਦਿਨਾਂ ‘ਚ ਹੀ ਪੂਰੀ ਕਰਣਗੇ ਜਿਸ ਲਈ ਲਈ ਉਨ੍ਹਾਂ ਨੂੰ 65 ਕਰੋੜ ਦਿੱਤੇ ਜਾਣਗੇ। ਫ਼ਿਲਮ ਦੀ ਸ਼ੂਟਿੰਗ ਇਸ ਮਹੀਨੇ ਦੇ ਆਖ਼ੀਰ ਤਕ ਸ਼ੁਰੂ ਹੋ ਜਾਵੇਗੀ।
ਦੂਜੇ ਪਾਸੇ ਰਜਨੀਕਾਂਤ ਦੀ ਵੱਡੇ ਬਜਟ ਨਾਲ ਬਣੀ ਫ਼ਿਲਮ ‘2.0 ‘ਪ੍ਰੋਡਕਸ਼ਨ ਕਾਰਨ ਰੁਕੀ ਹੋਈ ਹੈ। ਫ਼ਿਲਮ ਦੇ ਡਾਇਰੈਕਟਰ ਕੋਸ਼ਿਸ਼ ਕਰ ਰਹੇ ਹਨ ਕਿ ਇਹ ਫ਼ਿਲਮ ਜਲਦ ਤੋਂ ਜਲਦ ਰਿਲੀਜ਼ ਹੋ ਜਾਵੇ ਤਾਂਕਿ ਦਰਸ਼ਕਾਂ ਦਾ ਇੰਤਜ਼ਾਰ ਹੋਰ ਲੰਬਾ ਨਾ ਹੋਵੇ। ਫ਼ਿਲਮ ਦੀ ਰਿਲੀਜ਼ ਤਾਰੀਕ ਨੂੰ ਲੈ ਕੇ ਵੀ ਕਈ ਮੱਤਭੇਦ ਚੱਲ ਰਹੇ ਹਨ ਕੁੱਝ ਦਾ ਕਹਿਣਾ ਹੈ ਕਿ ਇਹ ਫ਼ਿਲਮ ਆਮਿਰ ਖ਼ਾਨ ਦੀ ਫ਼ਿਲਮ ‘ਠਗਜ਼ ਔਫ਼ ਹਿੰਦੁਸਤਾਨ ‘ਨਾਲ ਰਿਲੀਜ਼ ਹੋ ਸਕਦੀ ਹੈ ਜਿਸ ਕਾਰਨ ਭਾਰਤੀ ਸਿਨੇਮਾ ਦੇ ਦੋ ਵੱਡੇ ਸੁਪਰਸਟਾਰ ਵਿਚਕਾਰ ਵੱਡੀ ਟੱਕਰ ਹੋ ਸਕਦੀ ਹੈ। ਆਮਿਰ ਨੇ ਇਸ ਬਾਰੇ ਕਿਹਾ ਸੀ ਕਿ ਅਸੀਂ ਨਹੀਂ ਚਾਹੁੰਦੇ ਕਿ ਦੋਵੇਂ ਫ਼ਿਲਮਾਂ ਇੱਕੋ ਸਮੇਂ ਰਿਲੀਜ਼ ਹੋਣ ਕਿਉਂਕਿ ਇਸ ਨਾਲ ਦੋਵਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਫ਼ਿਲਹਾਲ, ਸਥਿਤੀ ਵੇਖ ਲੱਗ ਰਿਹਾ ਹੈ ਕਿ ਦੋਵੇਂ ਫ਼ਿਲਮਾਂ ਇੱਕਠੀਆਂ ਹੀ ਰਿਲੀਜ਼ ਹੋਣਗੀਆਂ।