ਸਿੱਖ ਪ੍ਰਚਾਰਕ ਦੀ ਸੁਰੱਖਿਆ ਵਧਾਉਣ ਦੇ ਹੁਕਮ
ਪੁਲੀਸ ਨੂੰ ਧਮਕੀਆਂ ਦੇਣ ਵਾਲੀ ਵੀਡੀਓ ਦੀ ਪੜਤਾਲ ਕਰਨ ਦੇ ਨਿਰਦੇਸ਼
ਚੰਡੀਗੜ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਕਥਿਤ ਧਮਕੀਆਂ ਦੇਣ ‘ਤੇ ਦਮਦਮੀ ਟਕਸਾਲ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਉਨਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਕਿਸੇ ਵੀ ਕੋਸ਼ਿਸ਼ ਖਿਲਾਫ਼ ਸਾਵਧਾਨ ਕੀਤਾ ਹੈ।
ਮੁੱਖ ਮੰਤਰੀ ਨੇ ਸਿੱਖ ਪ੍ਰਚਾਰਕ ਦੀ ਸੁਰੱਖਿਆ ਵਧਾਉਣ ਅਤੇ ਉਸ ਉਕਸਾਊ ਵੀਡੀਓ ਦੀ ਵਿਸਥਾਰਤ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਜਿਸ ਵਿੱਚ ਉਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੋਣ ਦੀ ਗੱਲ ਜਾਪਦੀ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਵੀਡੀਓ 20 ਮਈ, 2018 ਨੂੰ ਵਾਇਰਲ ਹੋਈ ਹੈ ਜਿਸ ਵਿੱਚ ਦਮਦਮੀ ਟਕਸਾਲ ਦੇ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਨੇ ਸਿੱਖ ਪ੍ਰਚਾਰਕ ਢੱਡਰੀਆਂਵਾਲੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੁੱਖ ਮੰਤਰੀ ਨੇ ਜੱਸੋਵਾਲ ਦੀ ਵੀਡੀਓ ਨਾਲ ਸਬੰਧਤ ਰਿਪੋਰਟਾਂ ਦਾ ਖੁਦ ਨੋਟਿਸ ਲਿਆ ਹੈ।
ਇਸ ਮਾਮਲੇ ਸਬੰਧੀ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਨੇ ਦਮਦਮੀ ਟਕਸਾਲ ਨੂੰ ਆਪਣੀਆਂ ਧਾਰਮਿਕ ਹੱਦਾਂ ਨਾ ਟੱਪਣ ਲਈ ਆਖਿਆ। ਉਨਾਂ ਨੇ ਚਿਤਾਵਨੀ ਦਿੱਤੀ ਕਿ ਅਜਿਹੀ ਕਿਸੇ ਵੀ ਕਾਰਵਾਈ ਨੂੰ ਸੂਬੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਖਤਰਾ ਸਮਝਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਦਹਿਸ਼ਤ ਫੈਲਾਉਣ ਜਾਂ ਨਿੱਜੀ ਵਾਹ-ਵਾਹ ਖੱਟਣ ਲਈ ਧਰਮ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਮੁੱਖ ਮੰਤਰੀ ਨੇ ਦਮਦਮੀ ਟਕਸਾਲ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨਾਂ ਨੇ ਅਜਿਹੀਆਂ ਗਤੀਵਿਧੀਆਂ ਨੂੰ ਤੁਰੰਤ ਠੱਲ ਨਾ ਪਾਈ ਤਾਂ ਉਹ ਇਸ ਨੂੰ ਟਕਰਾਅ ਵਾਲੀ ਕਾਰਵਾਈ ਮੰਨਣਗੇ ਅਤੇ ਇਸੇ ਮੁਤਾਬਕ ਹੀ ਜੁਆਬ ਦੇਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਧਾਰਮਿਕ ਸੰਸਥਾਵਾਂ ਵੱਲੋਂ ਆਪਣੇ ਧਰਮ ਦਾ ਪ੍ਰਚਾਰ ਕਰਨ ਅਤੇ ਕਦਰਾਂ-ਕੀਮਤਾਂ ‘ਤੇ ਪਹਿਰਾ ਦੇਣ ਲਈ ਪੂਰਨ ਆਜ਼ਾਦੀ ਦੇ ਹੱਕ ਵਿੱਚ ਹਨ ਪਰ ਉਹ ਇਨਾਂ ਲੋਕਾਂ ਨੂੰ ਸੂਬੇ ਦੀ ਅਮਨ-ਸ਼ਾਂਤੀ ਅਤੇ ਏਕਤਾ ਵਿੱਚ ਵਿਘਨ ਪਾਉਣ ਵਾਲੀ ਕਿਸੇ ਵੀ ਕਾਰਵਾਈ ਸ਼ਾਮਲ ਹੋਣ ਦੀ ਆਗਿਆ ਨਹੀਂ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਭੜਕਾਊ ਤਕਰੀਰਾਂ ਅਤੇ ਨਫ਼ਰਤ ਫੈਲਾਉਣ ਵਾਲੀਆਂ ਕਾਰਵਾਈਆਂ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ ਕਿਉਂ ਜੋ ਸੂਬਾ ਪਹਿਲਾਂ ਹੀ ਅਤਿਵਾਦ ਦਾ ਬਹੁਤ ਵੱਡਾ ਖਮਿਆਜ਼ਾ ਭੁਗਤ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੁਲੀਸ ਨੂੰ ਧਾਰਮਿਕ ਤੌਰ ‘ਤੇ ਨਫ਼ਰਤ ਪੈਦਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਤੇਜ਼ ਕਰਨ ਦੇ ਹੁਕਮ ਪਹਿਲਾਂ ਹੀ ਜਾਰੀ ਕਰ ਚੁੱਕੇ ਹਨ।
ਇਸ ਮੁੱਦੇ ‘ਤੇ ਵਿਸਥਾਰਤ ਜਾਂਚ ਕਰਨ ਦੇ ਹੁਕਮ ਦਿੰਦਿਆਂ ਮੁੱਖ ਮੰਤਰੀ ਨੇ ਪੁਲੀਸ ਨੂੰ ਇਸ ਵੀਡੀਓ ਦੀ ਸ਼ਨਾਖਤ ਤੇ ਪੜਤਾਲ ਕਰਨ ਲਈ ਆਖਿਆ ਹੈ ਜਿਸ ਵਿੱਚ ਦਮਦਮੀ ਟਕਸਾਲ ਦਾ ਬੁਲਾਰਾ ਕਥਿਤ ਤੌਰ ‘ਤੇ ਸੰਤ ਢੱਡਰੀਆਂਵਾਲੇ ਨੂੰ ਖੁੱਲੇਆਮ ਧਮਕੀਆਂ ਦੇ ਰਿਹਾ ਹੈ। ਮੁੱਖ ਮੰਤਰੀ ਨੇ ਪੁਲੀਸ ਨੂੰ ਹੁਕਮ ਦਿੱਤੇ ਕਿ ਸੰਤ ਢੱਡਰੀਆਂਵਾਲੇ ਜੋ ਦੋ ਸਾਲ ਪਹਿਲਾਂ ਜਾਨੀ ਹਮਲੇ ਵਿੱਚ ਬਚ ਗਏ ਸਨ, ਵਿਰੁੱਧ ਵੀਡੀਓ ਬਣਾਉਣ ਵਾਲੇ ਲੋਕਾਂ ਖਿਲਾਫ਼ ਕਾਨੂੰਨ ਤਹਿਤ ਢੁਕਵੀਂ ਕਾਰਵਾਈ ਕੀਤੀ ਜਾਵੇ।